ਮਹਾਗਠਜੋੜ ‘ਚੋਂ ਅਕਾਲੀ ਦਲ ਟਕਸਾਲੀ ਆਊਟ

0
467

ਲੁਧਿਆਣਾ : ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਬਣ ਰਹੇ ਨਵੇਂ ਮਹਾਗਠਜੋੜ ਨੂੰ ਲੈ ਕੇ ਆਖ਼ਰਕਾਰ ਚਾਰ ਦਲਾਂ ‘ਚ ਸਮਝੌਤਾ ਹੋ ਗਿਆ ਹੈ ਜਦਕਿ ਮਹਾਗਠਜੋੜ ‘ਚ ਅਕਾਲੀ ਦਲ ਟਕਸਾਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਲੰਧਰ ‘ਚ ਗੁਪਤ ਮੀਟਿੰਗ ਦੌਰਾਨ ਲੋਕ ਇਨਸਾਫ ਪਾਰਟੀ (ਲਿਪ) ਦੇ ਕਨਵੀਨਰ ਸਿਮਰਜੀਤ ਸਿੰਘ ਬੈਂਸ, ਪੰਜਾਬ ਏਕਤਾ ਪਾਰਟੀ ਦੇ ਕਨਵੀਨਰ ਸੁਖਬੀਰ ਸਿੰਘ ਖਹਿਰਾ, ਬਹੁਜਨ ਸਮਾਜ ਪਾਰਟੀ ਅਤੇ ਧਰਮਵੀਰ ਗਾਂਧੀ ਮੰਚ ‘ਤੇ ਧਰਮਵੀਰ ਗਾਂਧੀ ਮੌਜੂਦ ਸਨ। ਇਸ ਦੌਰਾਨ ਅਕਾਲੀ ਦਲ ਟਕਸਾਲੀ ਨੂੰ ਬਾਹਰ ਰੱਖਿਆ ਗਿਆ ਹੈ।

ਇਨ੍ਹਾਂ ਦਲਾਂ ਦੇ ਭਰੋਸੇਯੋਗ ਸੂਤਰਾਂ ਮੁਤਾਬਕ 9 ਸੀਟਾਂ ‘ਤੇ ਚਾਰੇ ਪਾਰਟੀਆਂ ਦਾ ਸਮਝੌਤਾ ਹੋ ਗਿਆ ਹੈ। ਸਮਝੌਤੇ ਤਹਿਤ ਲਿਪ ਲੁਧਿਆਣਾ, ਫਤਹਿਗੜ੍ਹ੍ਰ ਸਾਹਿਬ ਅਤੇ ਅੰਮਿ੍ਤਸਰ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ ਜਦਕਿ ਪੰਜਾਬ ਏਕਤਾ ਪਾਰਟੀ ਬਠਿੰਡਾ ਅਤੇ ਫਰੀਦਕੋਟ, ਬਹੁਜਨ ਸਮਾਜ ਪਾਰਟੀ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਜਲੰਧਰ ਤੇ ਧਰਮਵੀਰ ਗਾਂਧੀ ਮੰਚ ਦੇ ਕਨਵੀਨਰ ਧਰਮਵੀਰ ਗਾਂਧੀ ਪਟਿਆਲਾ ਤੋਂ ਹੀ ਚੋਣ ਲੜਨਗੇ। ਇਸ ਸੀਟ ਵੰਡ ‘ਤੇ ਚਾਰੇ ਦਲਾਂ ਨੇ ਮੋਹਰ ਲਗਾ ਦਿੱਤੀ ਹੈ। ਮੀਟਿੰਗ ਦੌਰਾਨ ਇਹ ਵੀ ਤੈਅ ਹੋ ਗਿਆ ਕਿ ਲੋਕ ਇਨਸਾਫ ਪਾਰਟੀ ਆਪਣੇ ਲੈਟਰ ਬਾਕਸ ‘ਤੇ ਹੀ ਚੋਣ ਲੜੇਗੀ।