ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਸਾਜਿਸ਼ਕਰਤਾ ਰੋਮੀ ਦੀ ਭਾਰਤ ਹਵਾਲਗੀ ਸਬੰਧੀ ਸੁਣਵਾਈ ਸ਼ੁਰੂ

0
938

ਹਾਂਗਕਾਂਗ (ਜੰਗ ਬਹਾਦਰ ਸਿੰਘ)-ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਸਾਜਿਸ਼ਕਰਤਾ ਮੰਨੇ ਜਾਂਦੇ ਹਾਂਗਕਾਂਗ ਵਾਸੀ 30 ਸਾਲਾ ਰਮਨਜੀਤ ਸਿੰਘ ਉਰਫ਼ ਰੋਮੀ ਦੀ ਭਾਰਤ ਹਵਾਲਗੀ ਸਬੰਧੀ ਸੁਣਵਾਈ ਈਸਟਰਨ ਮੈਜਿਸਟ੍ਰੇਟ ਕੋਰਟ ਵਿਚ ਸ਼ੁਰੂ ਹੋ ਗਈ, ਜੋ ਕਿ ਆਉਣ ਵਾਲੇ ਫ਼ੈਸਲੇ ਲਈ 10 ਦਿਨਾਂ ਤੱਕ ਜਾਰੀ ਰਹੇਗੀ | ਜ਼ਿਕਰਯੋਗ ਹੈ ਕਿ ਬੀਤੇ ਸਾਲ ਫਰਵਰੀ ਵਿਚ ਗਿ੍ਫ਼ਤਾਰ ਕੀਤੇ ਰੋਮੀ ਦੀ ਭਾਰਤ ਹਵਾਲਗੀ ਸਬੰਧੀ ਅਦਾਲਤੀ ਕਾਰਵਾਈ ਲਈ ਲੋੜੀਂਦੀ ਮਨਜ਼ੂਰੀ ਹਾਂਗਕਾਂਗ ਮੁਖੀ ਕੈਰੀਲੈਮ ਵਲੋਂ ਬੀਤੇ ਸਤੰਬਰ ਦੇਣ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ | ਰੋਮੀ ‘ਤੇ ਭਾਰਤ ਵਿਚ ਸਿਆਸੀ ਹੱਤਿਆਵਾਂ ਵਿਚ ਸ਼ਾਮਿਲ ਹੋਣ, ਨਾਭਾ ਜੇਲ੍ਹ ਤੋੜਨ ਦੀ ਸਾਜਿਸ਼ ਅਤੇ ਵਿਸ਼ਵ ਪੱਧਰੀ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੇ ਦੋਸ਼ਾਂ ਦੇ ਚੱਲਦਿਆਂ ਇੰਟਰਪੋਲ ਵਲੋਂ ਰੈੱਡ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ | ਭਾਰਤ ਉਨ੍ਹਾਂ 19 ਦੇਸ਼ਾਂ ਵਿਚੋਂ ਇਕ ਹੈ, ਜਿਸ ਨਾਲ ਹਾਂਗਕਾਂਗ ਵਲੋਂ ਕੈਦੀਆਂ ਦੀ ਸਪੁਰਦਗੀ ਸਬੰਧੀ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ |