ਚੀਨ ਦੇ ‘ਛੜਿਆਂ’ ਨੂੰ ਜ਼ਿੰਦਗੀ ਭਰ ਸ਼ਰਾਬ ਪਿਆਉਣ ਦਾ ਆਫਰ

0
421

ਬੀਜਿੰਗ – ਸ਼ਰਾਬ ਬਣਾਉਣ ਵਾਲੀ ਚੀਨ ਦੀ ਇਕ ਕੰਪਨੀ ਛੜਿਆਂ ਲਈ ਮਜ਼ੇਦਾਰ ਆਫਰ ਲੈ ਕੇ ਆਈ ਹੈ। ਜੇਕਰ ਤੁਸੀਂ ਛੜੇ ਹੋ ਤਾਂ ਤੁਸੀਂ 1700 ਡਾਲਰ ਯਾਨੀ ਇਕ ਲੱਖ ਰੁਪਏ ਤੋਂ ਵੀ ਘੱਟ ਕੀਮਤ ਉੱਤੇ ਜ਼ਿੰਦਗੀ ਭਰ ਲਈ ਸ਼ਰਾਬ ਪੀ ਸਕਦੇ ਹੋ। ਇਸ ਹਫਤੇ ‘ਛੜਿਆਂ ਦਾ ਦਿਨ’ ਮੌਕੇ ਕੰਪਨੀ ਨੇ ਇਹ ਆਫਰ ਦਿੱਤਾ ਹੈ। ਚਿਆਂਗਸ਼ਯਾਵਬਾਈ ਲਿਕਰ ਨਾਂ ਦੀ ਕੰਪਨੀ ਨੇ ਸ਼ਨੀਵਾਰ ਨੂੰ ਚੀਨ ਦੇ ਸਭ ਤੋਂ ਵੱਡੇ ਸ਼ਾਪਿੰਗ ਫੈਸਟੀਵਲ ਦੌਰਾਨ ਇਹ ਆਫਰ ਲਾਂਚ ਕੀਤਾ। ਚੀਨ ਵਿਚ ਹਰ ਸਾਲ 11 ਨਵੰਬਰ ਨੂੰ ਛੜਿਆਂ ਦਾ ਦਿਨ ਮਨਾਇਆ ਜਾਂਦਾ ਹੈ। ਇਸ ਤਹਿਤ ਉਥੇ ਸ਼ਾਪਿੰਗ ਫੈਸਟੀਵਲ ਹੁੰਦਾ ਹੈ, ਜਿਸ ਵਿਚ ਹਰ ਸਾਮਾਨ ਉੱਤੇ 11,111 ਯੂਆਨ (ਤਕਰੀਬਨ 1.09 ਲੱਖ ਰੁਪਏ) ਦੇ ਸਿੰਬੌਲਿਕ ਪ੍ਰਾਈਸ ਟੈਗ ਹੁੰਦੇ ਹਨ।
ਕੰਪਨੀ ਈ-ਕਾਮਰਸ ਦੇ ਧਾਕੜ ਅਲੀਬਾਬਾ ਗਰੁਪ ਦੇ ਬਿਜ਼ਨੈਸ-ਟੂ-ਕਸਟਮਰ ਟੀਮਾਲ.ਕਾਮ ਉਤੇ ਇਸ ਆਫਰ ਦੀ ਆਫੀਸ਼ੀਅਲ ਲਾਂਚਿੰਗ ਵੀ ਕੀਤੀ। ਇਸ ਮੁਤਾਬਕ ਕੰਪਨੀ ਅਨਾਜ ਨਾਲ ਬਣੀ ਬਾਈਜਿਊ ਸ਼ਰਾਬ ਜ਼ਿੰਦਗੀ ਭਰ ਲਈ ਦੇਣ ਦਾ ਆਫਰ ਦੇ ਰਹੀ ਹੈ।
ਆਫਰ ਮੁਤਾਬਕ ਕੰਪਨੀ 99 ਲਕੀ ਗ੍ਰਾਹਕਾਂ ਨੂੰ ਹਰ ਮਹੀਨੇ 12 ਪੇਟੀਆਂ ਭੇਜੇਗੀ। ਹਰ ਪੇਟੀ ਵਿਚ ਸ਼ੋਰਗੁਮ ਨਾਲ ਬਣੀ ਸ਼ਰਾਬ ਦੀਆਂ 12 ਬੋਤਲਾਂ ਹੋਣਗੀਆਂ। ਇਸ ਦੌਰਾਨ ਜੇਕਰ ਆਫਰ ਲੈਣ ਵਾਲੇ ਦੀ ਪੰਜ ਸਾਲ ਅੰਦਰ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਆਫਰ ਦਾ ਫਾਇਦਾ ਉਠਾ ਸਕੇਗਾ। ਦੱਸ ਦਈਏ ਕਿ ਬਾਈਜਿਊ ਸ਼ਰਾਬ ਦੀ ਮਾਰਕੀਟ ਵਿਚ ਕੀਮਤ 99,999 ਯੂਆਨ (ਤਕਰੀਬਨ 9,81,447 ਰੁਪਏ) ਹੈ, ਪਰ ਅਲੀਬਾਬਾ ਵਲੋਂ ਦਿੱਤੇ ਜਾ ਰਹੇ ਸਟੋਰ ਕੂਪਨ ਅਤੇ ਹੋਰ ਡਿਸਕਾਉਂਟ ਨਾਲ ਇਹ ਸਿਰਫ 11,111 ਯੂਆਨ (ਤਕਰੀਬਨ 1.09 ਲੱਖ ਰੁਪਏ) ਦਾ ਪੈ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਕੰਪਨੀ ਦੇ ਇਸ ਆਫਰ ਦੀ ਤਰੀਫ ਹੋ ਰਹੀ ਹੈ ਜਦੋਂ ਕਿ ਕੁਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਚੀਨ ਵਿਚ ਟਵਿੱਟਰ ਦੇ ਸਮਾਨਤਰ ਸੋਸ਼ਲ ਮੀਡੀਆ ਪਲੇਟਫਾਰਮ ਵਿਬੋ ਉੱਤੇ ਲਿਖਿਆ, ਮੇਰੀ ਇਕ ਹੀ ਚਿੰਤਾ ਹੈ ਕਿ ਕੰਪਨੀ ਕਿੰਨੇ ਦਿਨ ਚੱਲੇਗੀ? ਫਿਲਹਾਲ ਇਸ ਮਜ਼ੇਦਾਰ ਆਫਰ ਨਾਲ ਸ਼ਰਾਬ ਪੀਣ ਦੇ ਸ਼ੌਕੀਨ ਲੋਕ ਖੁਸ਼ ਹਨ।