ਆਸ਼ੀਸ਼ ਖੇਤਾਨ ਦਾ ਅਸਤੀਫ਼ਾ

0
164

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਲੀਡਰ ਤੇ ਦਿੱਲੀ ਡਾਇਲਾਗ ਕਮਿਸ਼ਨ (ਡੀਡੀਸੀ) ਦੇ ਮੀਤ ਪ੍ਰਧਾਨ ਆਸ਼ੀਸ਼ ਖੇਤਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖੇਤਾਨ ਮੁਤਾਬਕ ਉਹ ਆਪਣੇ ਕਾਨੂੰਨ ਦੇ ਅਭਿਆਸ ਨੂੰ ਹੁਣ ਮੁੜ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਖੇਤਾਨ ਦਾ ਇਹ ਕਦਮ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਮਗਰੋਂ ਚੁੱਕੇ ਜਾਣ ਕਾਰਨ ਹੋਰ ਵੀ ਸ਼ੱਕੀ ਬਣ ਗਿਆ ਹੈ ਕਿ ਕਿਤੇ ਉਹ ਸਿਆਸਤ ਤੋਂ ਸੰਨਿਆਸ ਲੈਣਾ ਤਾਂ ਨਹੀਂ ਚਾਹੁੰਦੇ।

ਪੱਤਰਕਾਰ ਤੋਂ ਸਿਆਸਤਦਾਨ ਬਣੇ ਖੇਤਾਨ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਾਸਮ-ਖਾਸ ਹਨ। ਕੇਜਰੀਵਾਲ ਹੀ ਡੀਡੀਸੀ ਦੇ ਮੁਖੀ ਹਨ ਤੇ ਉਨ੍ਹਾਂ ਹੀ ਖੇਤਾਨ ਨੂੰ ਤਿੰਨ ਸਾਲ ਪਹਿਲਾਂ ਕਮਿਸ਼ਨ ਦਾ ਵਾਈਸ ਚੇਅਰਮੈਨ ਲਾਇਆ ਸੀ।

ਖੇਤਾਨ ਨੇ ਟਵਿੱਟਰ ‘ਤੇ ਐਲਾਨ ਕੀਤਾ ਹੈ ਕਿ ਉਹ 16 ਅਪ੍ਰੈਲ ਤੋਂ ਡੀਡੀਸੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਸੁਰਖਰੂ ਹੋ ਗਏ ਹਨ। ਉਨ੍ਹਾਂ ਲਿਖਿਆ ਕਿ ਬੀਤੇ ਤਿੰਨ ਸਾਲਾਂ ਦੌਰਾਨ ਜਨਤਾ ਦੀਆਂ ਸ਼ਿਕਾਇਤਾਂ ਦੂਰ ਕਰਨ ਤੇ ਨੀਤੀਆਂ ਬਣਾਉਣ ਦਾ ਮੌਕਾ ਮਿਲਿਆ।

ਉਨ੍ਹਾਂ ਇਹ ਵੀ ਲਿਖਿਆ ਕਿ ਉਹ ਕੇਜਰੀਵਾਲ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਡੀਡੀਸੀ ਦਾ ਮੀਤ ਪ੍ਰਧਾਨ ਲਾਇਆ ਤੇ ਐਲਾਨ ਕੀਤਾ ਕਿ ਉਹ ਕਾਨੂੰਨੀ ਪੇਸ਼ੇ ਨਾਲ ਜੁੜਨ ਜਾ ਰਹੇ ਹਨ।