ਸ਼ੰਘਾਈ (ਰਾਇਟਰ) : ਕੋਰੋਨਾ ਮਹਾਮਾਰੀ ਦੇ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਤੋਂ ਚੰਗੀ ਖ਼ਬਰ ਆਈ ਹੈ। ਹੁਣ ਉੱਥੇ ਇਕ ਵੀ ਕੋਰੋਨਾ ਪ੍ਰਭਾਵਿਤ ਮਰੀਜ਼ ਨਹੀਂ ਹੈ। ਹਸਪਤਾਲ ਵਿਚ ਭਰਤੀ ਆਖਰੀ ਮਰੀਜ਼ ਨੂੰ ਵੀ ਛੁੱਟੀ ਮਿਲ ਗਈ ਹੈ। ਪੂਰੇ ਦੇਸ਼ ਵਿਚ ਇਨਫੈਕਸ਼ਨ ਦੇ 82 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਵਿਚ 77 ਹਜ਼ਾਰ ਤੋਂ ਜ਼ਿਆਦਾ ਲੋਕ ਪੂੁਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤਾਜ਼ਾ ਖ਼ਬਰ ਇਹ ਹੈ ਕਿ 26 ਅਪ੍ਰਰੈਲ ਨੂੰ ਵੁਹਾਨ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਸਿਫ਼ਰ ਹੈ। ਵੁਹਾਨ ਅਤੇ ਦੇਸ਼ ਦੇ ਸਿਹਤ ਕਰਮਚਾਰੀਆਂ ਵੱਲੋਂ ਇਸ ਸਬੰਧ ‘ਚ ਕੀਤੇ ਗਏ ਯਤਨਾਂ ਲਈ ਹਾਰਦਿਕ ਧੰਨਵਾਦ। ਇਕੱਲੇ ਵੁਹਾਨ ‘ਚ ਕੋਰੋਨਾ ਪ੍ਰਭਾਵਿਤ 46 ਹਜ਼ਾਰ 452 ਮਾਮਲੇ ਦਰਜ ਕੀਤੇ ਗਏ। ਇਹ ਪੂਰੇ ਦੇਸ਼ ਦੇ ਕੁਲ ਮਾਮਲਿਆਂ ਦਾ 56 ਫ਼ੀਸਦੀ ਹੈ। ਵੁਹਾਨ ਵਿਚ 3,869 ਲੋਕਾਂ ਦੀ ਮੌਤ ਹੋਈ ਜੋ ਦੇਸ਼ ਵਿਚ ਕੁਲ ਮੌਤਾਂ ਦੀ 84 ਫ਼ੀਸਦੀ ਹੈ।
ਦੇਸ਼ ‘ਚ 11 ਨਵੇਂ ਮਾਮਲੇ ਸਾਹਮਣੇ ਆਏ
ਚੀਨ ‘ਚ ਪਿਛਲੇ 24 ਘੰਟਿਆਂ ਦੌਰਾਨ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਜ ਵਿਦੇਸ਼ ਤੋਂ ਆਏ ਸਨ। ਇਸ ਤਰ੍ਹਾਂ ਕੁਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 82,827 ਹੋ ਗਈ ਹੈ। ਬਾਕੀ ਦੇ ਛੇ ਮਾਮਲੇ ਘਰੇਲੂ ਇਨਫੈਕਸ਼ਨ ਨਾਲ ਜੁੜੇ ਹਨ। ਪ੍ਰਭਾਵਿਤ ਪੰਜ ਲੋਕ ਹੈਲੋਨਜਿਆਂਗ ਸੂਬੇ ਦੇ ਹਨ ਜਿੱਥੇ ਰੂਸ ਦੀ ਸਰਹੱਦ ਤੋਂ ਆਉਣ ਵਾਲੇ ਚੀਨੀ ਨਾਗਰਿਕਾਂ ਕਾਰਨ ਇਨਫੈਕਸ਼ਨ ਵੱਧ ਰਿਹਾ ਹੈ। ਬਾਕੀ ਕੋਰੋਨਾ ਪ੍ਰਭਾਵਿਤ ਮਰੀਜ਼ ਗਵਾਂਗਝੂ ਸੂਬੇ ਦੇ ਹਨ। ਇਹ ਲਗਾਤਾਰ 11ਵਾਂ ਦਿਨ ਹੈ ਜਦੋਂ ਦੇਸ਼ ਵਿਚ ਮਹਾਮਾਰੀ ਨਾਲ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। 30 ਅਜਿਹੇ ਮਰੀਜ਼ਾਂ ਦਾ ਵੀ ਪਤਾ ਲੱਗਾ ਹੈ ਜੋ ਇਨਫੈਕਸ਼ਨ ਤੋਂ ਪ੍ਰਭਾਵਿਤ ਤਾਂ ਹਨ ਪ੍ਰੰਤੂ ਉਨ੍ਹਾਂ ਵਿਚ ਲੱਛਣ ਨਹੀਂ ਦਿਖਾਈ ਦੇ ਰਹੇ। ਚੀਨ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਇਕ ਹਜ਼ਾਰ ਹੋ ਗਈ ਹੈ।