ਇਲੈਕਟ੍ਰਾਨਿਕ ਕੂੜੇ ਨੂੰ ਈ-ਵੇਸਟ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਐਨਾਲੌਗ ਤਕਨੀਕ ਦੀ ਥਾਂ ਡਿਜੀਟਲ ਤਕਨੀਕ ਨੇ ਲੈ ਲਈ ਹੈ। ਸਮੁੱਚੀ ਦੁਨੀਆ ’ਚ ਬਿਜਲਈ ਵਸਤਾਂ ਅਤੇ ਇਲੈਕਟ੍ਰਾਨਿਕ ਸਰਕਟਾਂ ਦੀ ਮੰਗ ਬਹੁਤ ਵਧੀ ਹੈ। ਇਲੈਕਟ੍ਰਾਨਿਕ ਸਰਕਟਾਂ ਦੇ ਇਸਤੇਮਾਲ ਕਰਨ, ਇਨ੍ਹਾਂ ਦੀ ਟੁੱਟ-ਭੱਜ ਤੇ ਇਨ੍ਹਾਂ ਦੇ ਸੜਨ ਨਾਲ ਉਤਪੰਨ ਹੁੰਦਾ ਕੂੜਾ ਈ-ਵੇਸਟ ਅਖਵਾਉਂਦਾ ਹੈ। ਈ-ਵੇਸਟ ਵਿਚ ਇਸਤੇਮਾਲ ਕੀਤੇ ਅਤੇ ਮੁਰੰਮਤ ਵਾਲੇ ਕੰਪਿਊਟਰ, ਲੈਪਟੌਪ, ਟੈਲੀਵਿਜ਼ਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮੋਬਾਈਲ ਫ਼ੋਨ, ਕੈਥੋਡ ਰੇਅ ਟਿਊਬਾਂ, ਟੇਪਾਂ, ਕੈਮਰੇ ਅਤੇ ਮਿਊਜ਼ਿਕ ਸਿਸਟਮ ਆਦਿ ਸ਼ੁਮਾਰ ਹਨ ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੁੰਦੀ ਹੈ ਤੇ ਜੋ ਵਰਤਣਯੋਗ ਨਹੀਂ ਰਹਿੰਦੇ। ਇਕ ਰਿਪੋਰਟ ਅਨੁਸਾਰ ਵਿਕਸਿਤ ਮੁਲਕਾਂ ਨੇ ਸਾਲ 2011 ਦੌਰਾਨ 2,15,000 ਟਨ ਈ-ਕਬਾੜ ਘਾਨਾ ਨੂੰ ਘੱਲਿਆ ਸੀ। ਇਸ ਵਿਚ ਤੀਹ ਫ਼ੀਸਦੀ ਨਵੇਂ ਨਕੋਰ ਇਲੈਕਟ੍ਰਾਨਿਕ ਉਪਕਰਨ ਸ਼ਾਮਿਲ ਸਨ,। ਸੱਤ ਫ਼ੀਸਦੀ ਵਰਤੀਆਂ ਬਿਜਲਈ ਵਸਤਾਂ ਦਾ ਕਚਰਾ ਸੀ। ਪੰਦਰਾਂ ਫ਼ੀਸਦੀ ਉਹ ਕੂੜਾ ਕਬਾੜਾ ਸੀ ਜਿਸ ਨੂੰ ਛਾਂਟੀ ਕਰਨ ਵੇਲੇ ਰੱਦੀ ਬਣਾ ਦਿੱਤਾ ਗਿਆ ਸੀ। ਇਸ ਈ-ਵੇਸਟ ਦਾ ਅੱਸੀ ਫ਼ੀਸਦੀ ਹਿੱਸਾ ਮੂਲ ਰੂਪ ’ਚ ਘਾਨਾ ਦੀ ਜ਼ਮੀਨ ਥੱਲੇ ਦਬਾ ਦਿੱਤਾ ਗਿਆ।
ਇਕ ਵਾਤਾਵਰਣ ਬਚਾਓ ਸੰਸਥਾ ਦੀ ਰਿਪੋਰਟ ਮੁਤਾਬਿਕ ਇਲੈਕਟ੍ਰਾਨਿਕ ਕਚਰੇ ’ਚੋਂ 15 ਫ਼ੀਸਦੀ ਮੁੜ ਵਰਤਣਯੋਗ ਬਣਾਇਆ ਜਾ ਸਕਦਾ ਹੈ। ਬਾਕੀ ਦਾ 85 ਫ਼ੀਸਦੀ ਕਚਰਾ ਟੋਏ ਪੁੱਟ ਕੇ ਧਰਤੀ ਵਿਚ ਦੱਬ ਦਿੱਤਾ ਜਾਂਦਾ ਹੈ ਜਾਂ ਅੱਗ ਦੀ ਦਾਹਕ ਭੱਠੀ ਵਿਚ ਭਸਮ ਕਰ ਦਿੱਤਾ ਜਾਂਦਾ ਹੈ।
ਦੁਨੀਆ ਭਰ ’ਚ ਈ-ਕੂੜਾ ਉਤਪੰਨ ਕਰਨ ਵਿਚ ਸੰਯੁਕਤ ਰਾਜ ਅਮਰੀਕਾ ਸਭ ਤੋਂ ਮੋਹਰੀ ਮੁਲਕ ਹੈ। ਹਰ ਵਰ੍ਹੇ ਇੱਥੇ 30 ਲੱਖ ਟਨ ਈ-ਕੂੜਾ ਪੈਦਾ ਹੁੰਦਾ ਹੈ। ਦੂਜੇ ਨੰਬਰ ’ਤੇ ਚੀਨ ਹਰ ਵਰ੍ਹੇ ਅੰਦਾਜ਼ਨ 23 ਲੱਖ ਟਨ ਈ-ਕਚਰਾ ਪੈਦਾ ਕਰਦਾ ਹੈ। ਭਾਰਤ ਹਰ ਵਰ੍ਹੇ ਅੰਦਾਜ਼ਨ ਚਾਰ ਲੱਖ ਟਨ ਈ-ਕੂੜਾ ਉਤਪੰਨ ਕਰਦਾ ਹੈ। ਚੀਨ ਦੇ ਸ਼ਾਂਤੋਊ ਖੇਤਰ ਵਿਚ ਗੂਈਯੂ ਵਿਚ ਇਲੈਕਟ੍ਰਾਨਿਕ ਕੂੜੇ ਦੀ ਪ੍ਰਾਸੈਸਿੰਗ ਦਾ ਸਭ ਤੋਂ ਵੱਡਾ ਉਦਯੋਗ ਚੱਲ ਰਿਹਾ ਹੈ। ਗੂਈਯੂ ਨੂੰ ਲੋਕ ਈ-ਕਚਰੇ ਦੀ ਵਿਸ਼ਵ ਦੀ ਰਾਜਧਾਨੀ ਵੀ ਕਹਿੰਦੇ ਹਨ। ਇੱਥੇ ਡੇਢ ਲੱਖ ਤੋਂ ਵੱਧ ਕਾਰੀਗਰ ਅਤੇ ਕਾਮੇ ਈ-ਕੂੜੇ ਦੀਆਂ ਵਰਕਸ਼ਾਪਾਂ ’ਚ ਦਿਨ ਦੇ ਸੋਲਾਂ ਸੋਲਾਂ ਘੰਟੇ ਕੰਮ ਕਰਦੇ ਹਨ। ਈ-ਕੂੜੇ ਵਿਚੋਂ ਮੁੜ ਵਰਤੇ ਜਾ ਸਕਣ ਵਾਲੇ ਭਾਗ, ਬਾਜ਼ਾਰ ਵਿਚ ਵਿਕ ਸਕਣ ਵਾਲੇ ਪੁਰਜ਼ੇ ਅਲੱਗ ਕਰਨ, ਮੁਢਲੀਆਂ ਚਿੱਪਾਂ ਨੂੰ ਸਰਕਟ ਬੋਰਡਾਂ ਤੋਂ ਉਤਾਰਨ, ਕੰਪਿਊਟਰਾਂ ਦੇ ਹੋਰ ਉਪਕਰਨਾਂ ਦੇ ਬਾਹਰੀ ਢਾਂਚੇ ਦੇ ਪਲਾਸਟਿਕ ਨੂੰ ਨਿੱਕੇ ਨਿੱਕੇ ਟੁਕੜਿਆਂ ਵਿੱਚ ਤੋੜ ਕੇ ਪੀਸਣ, ਤਾਰਾਂ ਤੋੜ ਕੇ ਛਿੱਲਣ ਅਤੇ ਕੁਤਰਨ ਉਪਰੰਤ ਤਾਂਬਾ ਵੱਖ ਕਰਨ ਲਈ ਵੱਖ ਵੱਖ ਵਰਕਸ਼ਾਪਾਂ ਸਥਾਪਤ ਕੀਤੀਆਂ ਗਈਆਂ ਹਨ।
ਈ-ਕੂੜੇ ਵਿਚ 60 ਵੱਖੋ-ਵੱਖਰੇ ਤੱਤਾਂ ਦੀ ਮੌਜੂਦਗੀ ਦੀ ਨਿਸ਼ਾਨਦੇਹੀ ਹੋਈ ਹੈ। ਇਨ੍ਹਾਂ ਵਿਚ ਟੀਨ, ਤਾਂਬਾ, ਸਿਲੀਕਾਨ, ਬ੍ਰਿਲੀਅਮ, ਲੋਹਾ, ਕਾਰਬਨ ਅਤੇ ਐਲੂਮੀਨੀਅਮ ਵਰਗੇ ਕਈ ਹੋਰ ਤੱਤ ਸ਼ਾਮਲ ਹਨ। ਕੈਡਮੀਅਮ, ਪਾਰਾ, ਥੈਲੀਅਮ, ਸੋਨਾ, ਚਾਂਦੀ ਵੀ ਥੋੜ੍ਹੀ ਥੋੜ੍ਹੀ ਮਾਤਰਾ ਵਿਚ ਹੁੰਦੇ ਹਨ। ਕੂੜੇ ਤੋਂ ਪ੍ਰਾਪਤ ਧਾਤਾਂ ਦੀ ਮੁੜ ਵਰਤੋਂ ਹੋ ਸਕਦੀ ਹੈ। ਇਸ ਤੋਂ ਮਿਲੇ ਪੁਰਜ਼ੇ ਨਵੇਂ ਕੰਪਿਊਟਰ ਤਿਆਰ ਕਰਨ ਲਈ ਵਰਤ ਸਕਦੇ ਹਾਂ। ਇਨ੍ਹਾਂ ਨੂੰ ਬਾਜ਼ਾਰ ਵਿਚ ਵੇਚਿਆ ਵੀ ਜਾ ਸਕਦਾ ਹੈ।
ਭਾਰਤ ਵਿਚ ਈ-ਵੇਸਟ: ਸਾਡੇ ਮੁਲਕ ਵਿਚ ਦਸ ਸੂਬੇ 70 ਫ਼ੀਸਦੀ ਈ-ਕੂੜਾ ਪੈਦਾ ਕਰ ਰਹੇ ਹਨ। ਸਾਰਿਆਂ ਨਾਲੋਂ ਵੱਧ ਈ-ਵੇਸਟ ਮਹਾਂਰਾਸ਼ਟਰ ਪੈਦਾ ਕਰਦਾ ਹੈ। ਇਸ ਤੋਂ ਬਾਅਦ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼ ਤੇ ਪੰਜਾਬ ਆਉਂਦੇ ਹਨ। ਸ਼ਹਿਰਾਂ ’ਚੋਂ ਮੁੰਬਈ ਸਭ ਤੋਂ ਵਧੇਰੇ ਈ-ਕੂੜਾ ਪੈਦਾ ਕਰਦਾ ਹੈ। ਇਸ ਤੋਂ ਬਾਅਦ ਦਿੱਲੀ, ਬੈਂਗਲੁਰੂ, ਚੇਨੱਈ, ਕੋਲਕਾਤਾ, ਅਹਿਮਦਾਬਾਦ, ਹੈਦਰਾਬਾਦ, ਪੂਣੇ, ਸੂਰਤ, ਨਾਗਪੁਰ ਦੇ ਨਾਂ ਆਉਂਦੇ ਹਨ।
ਸਾਡੇ ਮੁਲਕ ਵਿਚ 70 ਫ਼ੀਸਦੀ ਈ-ਵੇਸਟ ਸਰਕਾਰੀ, ਜਨਤਕ ਜਾਂ ਪ੍ਰਾਈਵੇਟ ਉਦਯੋਗਿਕ ਖੇਤਰ ਪੈਦਾ ਕਰਦੇ ਹਨ ਜਦੋਂਕਿ 15 ਫ਼ੀਸਦੀ ਨਿੱਜੀ ਘਰਾਂ ਤੋਂ ਤੇ 15 ਫ਼ੀਸਦੀ ਬਾਕੀ ਉਤਪਾਦਕਾਂ ਤੋਂ ਪੈਦਾ ਹੁੰਦਾ ਹੈ। ਇਸ ਈ-ਵੇਸਟ ਵਿਚ ਟੈਲੀਵਿਜ਼ਨ, ਡੀ.ਟੀ.ਪੀ. ਸਰਵਰ ਅਤੇ ਮੋਬਾਈਲ ਆਦਿ ਸ਼ਾਮਲ ਹਨ। ਇਸ ਸਾਲ ਪੁਰਾਣੇ ਕੰਪਿਊਟਰਾਂ ਅਤੇ ਮੋਬਾਈਲਾਂ ਤੋਂ ਉਪਜਦਾ ਈ-ਵੇਸਟ 400 ਫ਼ੀਸਦੀ ਅਤੇ ਭਾਰਤ ਵਿਚ ਇਹ 500 ਫ਼ੀਸਦੀ ਵਧਣ ਦਾ ਖ਼ਤਰਾ ਹੈ। ਯੂਨਾਈਟਡ ਨੇਸ਼ਨਜ ਐਨਵਾਇਰਮੈਂਟ ਪ੍ਰੋਗਰਾਮ ਦੀ ਇਕ ਰਿਪੋਰਟ ਮੁਤਾਬਿਕ ਆਉਂਦੇ ਵਰ੍ਹਿਆਂ ਵਿਚ ਚੀਨ, ਭਾਰਤ, ਬ੍ਰਾਜ਼ੀਲ, ਮੈਕਸਿਕੋ ਅਤੇ ਕੁਝ ਹੋਰ ਮੁਲਕਾਂ ਨੂੰ ਵਾਤਾਵਰਣਕ ਤਬਦੀਲੀਆਂ ਅਤੇ ਸਿਹਤ ਸਮੱਸਿਆਵਾਂ ਜੂਝਣਾ ਪਵੇਗਾ।
ਸਾਡੀ ਸਿਹਤ ਅਤੇ ਈ-ਵੇਸਟ: ਈ-ਵੇਸਟ ਅੱਜ ਮਨੁੱਖੀ ਸਿਹਤ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਹੈ। ਪੋਲੀਵਿਨਾਈਲ ਕੇਬਲ ਜਦੋਂ ਬਲਦਾ ਹੈ ਤਾਂ ਇਸ ਨੂੰ ਧਰਤੀ ਥੱਲੇ ਦੱਬਿਆ ਜਾਂਦਾ ਹੈ। ਇਹ ਡਾਈਆਕਸਿਨ ਛੱਡਦਾ ਹੈ ਜੋ ਮਨੁੱਖ ਦੀ ਰੋਗਾਂ ਨਾਲ ਲੜਨ ਅਤੇ ਸੰਤਾਨ ਉਤਪਤੀ ਦੀ ਸਮਰੱਥਾ ਨੂੰ ਖੋਰਾ ਲਾਉਂਦਾ ਹੈ। ਪ੍ਰਕਾਸ਼ ਉਤਪੰਨ ਕਰਨ ਵਾਲੇ ਯੰਤਰਾਂ ਵਿਚ, ਫਲੈਟ ਸਕਰੀਨ ਡਿਸਪਲੇਅ ’ਚ ਵਰਤਿਆ ਜਾਂਦਾ ਪਾਰਾ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਅਤੇ ਨਸ ਪ੍ਰਬੰਧ ਨੂੰ ਵਿਗਾੜਦਾ ਹੈ। ਇਹ ਮਾਂ ਦੇ ਦੁੱਧ ਰਾਹੀਂ ਵੀ ਬੱਚੇ ਨਾਲ ਰਾਬਤਾ ਬਣਾ ਲੈਂਦਾ ਹੈ। ਬਿਜਲਈ ਵਸਤਾਂ ਵਿਚ ਜ਼ਹਿਰੀਲੇ ਪਦਾਰਥਾਂ ਮੌਜੂਦਗੀ ਦੀ ਇਕ ਲੰਬੀ ਸੂਚੀ ਬਣਾਈ ਜਾ ਸਕਦੀ ਹੈ।
ਈ-ਕਚਰਾ ਖੁੱਲ੍ਹੀ ਹਵਾ ਵਿਚ ਭੱਠੀ ’ਚ ਸਾੜਨ ਨਾਲ ਘਾਤਕ ਵਾਤਾਵਰਣ ਵਿਗਾੜ ਪੈਦਾ ਹੁੰਦੇ ਹਨ। ਸਿਹਤ ਲਈ ਮਾਰੂ ਅਲਾਮਤਾਂ ਸਿਰ ਚੁੱਕਦੀਆਂ ਹਨ। ਪੀਣ ਵਾਲਾ ਅਤੇ ਜ਼ਮੀਨ ਹੇਠਲਾ ਪਾਣੀ ਦੁਸ਼ਿਤ ਹੁੰਦਾ ਹੈ। ਹਵਾ, ਸਮੁੰਦਰੀ ਜੀਵ, ਪਸ਼ੂ, ਤੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਚੀਨ ਦੇ ਗੂਈਯੂ ਖੇਤਰ ਵਿਚ ਵਿਸ਼ੈਲੇ ਵਾਤਾਵਰਨ ਸਬੰਧੀ ਇਕ ਅਧਿਐਨ ਮੁਤਾਬਿਕ ਉੱਥੋਂ ਦੇ 82 ਫ਼ੀਸਦੀ ਬੱਚਿਆਂ ਦੇ ਖ਼ੂਨ ਵਿਚ ਸਿੱਕੇ ਦੀ ਬਹੁਤਾਤ ਹੈ ਜੋ ਕੌਮਾਂਤਰੀ ਸੁਰੱਖਿਆ ਹੱਦ ਤੋਂ ਕਿਤੇ ਜ਼ਿਆਦਾ ਸੀ। ਇਸ ਨਾਲ ਬੱਚਿਆਂ ਦੇ ਬੁੱਧੀ ਅੰਕ (ਆਈ.ਕਿਊ) ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦਾ ਨਾੜੀ ਪ੍ਰਬੰਧ ਵੀ ਪ੍ਰਭਾਵਿਤ ਹੋ ਸਕਦਾ ਹੈ। ਜਿਨ੍ਹਾਂ ਬੱਚਿਆਂ ਦੇ ਖ਼ੂਨ ’ਚ ਸਿੱਕੇ ਦੀ ਬਹੁਤਾਤ ਸੀ, ਉਨ੍ਹਾਂ ਦੇ ਮਾਪੇ ਈ-ਕਚਰੇ ਦੀਆਂ ਵਰਕਸ਼ਾਪਾਂ ਵਿਚ ਮਜ਼ਦੂਰ ਸਨ। ਉੱਥੇ ਦੀਆਂ ਸੜਕਾਂ ’ਤੇ ਉੱਡਦੀ ਧੂੜ ਅਤੇ ਹਵਾ ਭਾਰੀ ਅਤੇ ਜ਼ਹਿਰੀਲੀਆਂ ਧਾਤਾਂ ਦੇ ਵਾਸ਼ਪਾਂ ਨਾਲ ਭਰਪੂਰ ਸੀ। ਖੇਤਾਂ ’ਚ ਫ਼ਸਲਾਂ ਵੀ ਈ-ਕਚਰੇ ਦੀ ਮਾਰ ਝੱਲ ਰਹੀਆਂ ਸਨ।
ਵਿਕਸਿਤ ਦੇਸ਼ ਘੱਲ ਰਹੇ ਹਨ ਈ-ਕੂੜਾ: ਵਿਕਸਿਤ ਦੇਸ਼ ਆਪਣਾ ਈ-ਕਚਰਾ ਚੋਰੀ ਛੁਪੇ ਗ਼ੈਰਕਾਨੂੰਨੀ ਢੰਗ ਨਾਲ ਸਮੁੰਦਰੀ ਜਹਾਜ਼ਾਂ ਰਾਹੀਂ ਗ਼ਰੀਬ ਏਸ਼ਿਆਈ ਮੁਲਕਾਂ ਨੂੰ ਭੇਜ ਰਹੇ ਹਨ। ਵਿਕਾਸਸ਼ੀਲ ਦੇਸ਼ ਇਸ ਈ-ਕੂੜੇ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਨੁਕਸਾਨਦੇਹ ਤਕਨੀਕਾਂ ਵਰਤਦੇ ਹਨ। ਆਪਣੇ ਮੁਲਕਾਂ ਦੀ ਹਵਾ ਨੂੰ ਕਾਰਸਿਨੋਜਿਨ ਜ਼ਹਿਰਾਂ ਨਾਲ ਭਰ ਰਹੇ ਹਨ। ਸੀਵਰੇਜ ਰਾਹੀਂ ਇਹ ਜ਼ਹਿਰਾਂ ਸਮੁੰਦਰ ਤੀਕ ਜਾ ਪਹੁੰਚਦੀਆਂ ਹਨ। ਵਿਕਸਿਤ ਮੁਲਕ ਆਪਣੇ ਖੇਤਰ ’ਚ ਈ-ਕੂੜੇ ਦੀ ਰੀਸਾਇਕਲਿੰਗ ਕਿਉਂ ਨਹੀਂ ਕਰਦੇ? ਪੂਰੀ ਦੁਨੀਆਂ ਵਿਚ ਈ-ਕੂੜੇ ਨੂੰ ਸਮੇਟਣ ਲਈ ਕੋਈ ਠੋਸ ਯੋਜਨਾਬੰਦੀ, ਪ੍ਰਬੰਧ ਜਾਂ ਅਸੂਲ ਨਹੀਂ। ਬੱਸ ਗ਼ਰੀਬੀ ਦੂਰ ਕਰਨ ਦਾ ਪਾਖੰਡ ਸਿਰਜ ਕੇ ਈ-ਕਚਰਾ ਗ਼ਰੀਬ ਮੁਲਕਾਂ ਦੀ ਜ਼ਮੀਨ ਹੇਠ ਦੱਬਿਆ ਜਾ ਰਿਹਾ ਹੈ। ਲੋਕ ਚੇਤੰਨ ਤਾਂ ਹੋ ਰਹੇ ਹਨ, ਪਰ ਅਜੇ ਏਨੇ ਨਹੀਂ। ਇਸੇ ਲਈ ਐਨਵਾਇਰਮੈਂਟ ਗਰੀਨ ਪੀਸ ਸੰਸਥਾ ਨੇ 2008 ਵਿਚ ਆਕਲੈਂਡ ਬੰਦਰਗਾਹ (ਸੰਯੁਕਤ ਰਾਸ਼ਟਰ) ਤੋਂ ਸੈਂਸੂਈ ਆ ਰਿਹਾ ਈ-ਕਚਰੇ ਦਾ ਕੰਨਟੇਨਰ ਰਾਹ ਵਿਚ ਹੀ ਰੋਕ ਲਿਆ ਸੀ।
ਕੀ ਇਹ ਸਿਤਮਜ਼ਰੀਫੀ ਨਹੀਂ ਕਿ ਲੁਧਿਆਣਾ ਲਾਗੇ ਵਿਦੇਸ਼ਾਂ ਤੋਂ ਆਏ ਕਬਾੜ ਵਿਚ ਜਿਉਂਦੇ ਰਾਕਟ ਲਾਂਚਰ, ਹੱਥ ਗੋਲੇ ਮਿਲੇ ਸਨ। ਕੀ ਦਿੱਲੀ ’ਚ ਮਾਇਆਪੁਰੀ ਇਲਾਕੇ ਵਿਚ ਕੋਬਾਲਟ-60 ਦੀਆਂ ਵਿਕੀਰਨਾਂ ਦੀ ਤ੍ਰਾਸਦੀ ਖ਼ਤਰੇ ਦੀ ਘੰਟੀ ਨਹੀਂ ਵਜਾ ਰਹੀ। ਕੀ ਇਨ੍ਹਾਂ ਮੁਲਕਾਂ ਦੀ ਧਰਤੀ ਥੱਲੜੇ ਪਾਣੀ ਪਲੀਤ ਨਹੀਂ ਹੋਣਗੇ।
ਇਹ ਚਾਹੀਦਾ ਹੈ ਕਿ ਇਲੈਕਟ੍ਰਾਨਿਕ ਕੰਪਨੀਆਂ ਵਾਤਾਵਰਣ ਪੱਖੀ ਉਪਕਰਨ ਤਿਆਰ ਕਰਨ। ਆਪਣੇ ਤਿਆਰ ਕੀਤੇ ਸਾਜ਼ੋ-ਸਾਮਾਨ ਦੀ ਮਿਆਦ ਪੂਰੀ ਹੋ ਜਾਣ ਪਿੱਛੋਂ ਈ-ਕਬਾੜ ਆਪ ਇਕੱਠਾ ਕਰਨ ਅਤੇ ਉਸ ਨੂੰ ਰੀਸਾਈਕਲ ਕਰਨ। ਈ-ਕੂੜੇ ਨਾਲ ਨਿਪਟਣ ਲਈ ਸਖ਼ਤ ਕਾਨੂੰਨ ਬਣਾਏ ਜਾਣ। ਜਨਤਕ ਥਾਵਾਂ ’ਤੇ ਵੱਖਰੇ ਈ-ਕੂੜਾਦਾਨ ਰੱਖੇ ਜਾਣ। ਲੋਕ ਜਾਂ ਕੰਪਨੀਆਂ ਰਜਿਸਟਰਡ ਈ-ਰੀਸਾਈਕਲਿੰਗ ਇਕਾਈਆਂ ਕੋਲ ਈ-ਵੇਸਟ ਭੇਜਣ। ਇਹ ਘਰੇਲੂ ਕੂੜੇ ਵਿਚ ਨਾ ਸੁੱਟਿਆ ਜਾਵੇ। ਵਰਤੇ ਈ-ਉਪਕਰਨ, ਮੋਬਾਈਲ ਫੋਨ ਆਦਿ ਈ-ਵੇਸਟ ਇਕੱਤਰਨ ਕੇਂਦਰ ਰਾਹੀਂ ਹੀ ਇਕੱਤਰ ਕੀਤੇ ਜਾਣ। ਮਈ 2012 ਦਾ ਈ-ਵੇਸਟ ਮੈਨੇਜਮੈਂਟ ਅਤੇ ਹੈਂਡਲਿੰਗ ਕਾਨੂੰਨ ਉਤਪਾਦਕਾਂ ਅਤੇ ਖਪਤਕਾਰਾਂ ’ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਈ-ਕੂੜਾ ਵੇਚਣ ਵਾਲੇ ਮੁਲਕਾਂ ਉੱਪਰ ਨਜ਼ਰਸਾਨੀ ਹੋਣੀ ਚਾਹੀਦੀ ਹੈ।
…. ਹਰੀ ਕ੍ਰਿਸ਼ਨ ਮਾਇਰ