ਲਛਮਣ ਦੇਵ ਬੈਰਾਗੀ ਬਣ ਗਿਆ, ਬਹਿ ਗਿਆ ਡੇਰਾ ਲਾ ਕੇ,
ਬੈਠੇ ਆਣ ਪਲੰਘ ‘ਤੇ ਜੋ ਵੀ, ਸੁੱਟ ਦਿੰਦਾ ਪਲਟਾ ਕੇ,
ਇੱਕ ਦਿਨ ਫਿਰ ਦਸਮੇਸ਼ ਪਿਤਾ, ਗਏ ਬੈਠ ਪਲੰਘ ‘ਤੇ ਜਾ ਕੇ,
ਕਰਾਮਾਤ ਵਿਖਾਣੀ ਚਾਹਵੇ, ਮਾਧੋ, ਬੀਰ ਧਿਆਕੇ,
ਪੇਸ਼ ਚੱਲੀ ਨਾ ਉਸਦੀ ਲੋਕੋ, ਥੱਕ ਗਿਆ ਵਾਹਾਂ ਲਾ ਕੇ,
ਭੁੱਲ ਮੇਰੇ ਤੋਂ ਹੋ ਗਈ ਕਹਿੰਦਾ, ਚਰਨੀਂ ਸੀਸ ਨਿਵਾਕੇ,
ਮੈਂ ਅੱਜ ਤੋਂ ਹਾਂ ਬੰਦਾ ਤੇਰਾ, ਬਖਸ਼ੋ ਹਿੱਕ ਨਾਲ ਲਾ ਕੇ,
ਕੰਲਗੀਂਧਰ ਨੇ ਬਾਹੋਂ ਫੜ ਕੇ, ਹਿੱਕ ਨਾਲ ਉਸਨੂੰ ਲਾਇਆ,
ਦਾਤ ਬਖਸ਼ ਕੇ ਅੰਮਰਿਤ ਦੀ, ਬੈਰਾਗੀ ਨੂੰ ਸਿੰਘ ਸਜਾਇਆ,
ਪੰਥ ਦੀ ਸੇਵਾ ਕਰਨੀ ਬੰਦਿਆ, ਮੁੱਖ ਵਿੱਚੋਂ ਫੁਰਮਾਇਆ,
ਇੱਕ-ਇੱਕ ਕਰਕੇ ਸੋਧਣੇ ਵੈਰੀ, ਜ਼ੁਲਮ ਜਿੰਨਾਂ ਨੇ ਢਾਹਿਆ,
ਲੱਖਾਂ ਦਾ ਇਹ ਨਾਸ਼ ਕਰਨਗੇ, ਇੱਕ-ਇੱਕ ਤੀਰ ਚਲਾਇਆ,
ਪੰਜ ਤੀਰ ਸੀ ਬਖਸ਼ੇ, ਪੁੱਤਰ “ਹਿੰਦ ਦੀ ਚਾਦਰ” ਨੇ,
ਸੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ।
ਥਾਪੜਾ ਲੈ ਕੇ ਗੁਰਾਂ ਤੋਂ ਬੰਦੇ ਨੇ ਚਾਲੇ ਪਾਏ,
ਹੁਕਮਨਾਮਾ ਗੁਰਾਂ ਦਾ ਉਹ ਸਭ ਨੂੰ ਪੜ੍ ਸੁਣਾਏ।
ਮਾਝੇ-ਦੁਆਬੇ-ਮਾਲਵੇ ਦੀ ਸਿੱਖ ਸੰਗਤ ‘ਕੱਠੀ ਹੋ ਗਈ,
ਬੰਦਾ ਸਿੰਘ ਬਹਾਦਰ ਦੇ ਇੱਕ ਝੰਡੇ ਹੇਠ ਖਲੋਅ ਗਈ।
ਜੋ ਵੀ ਜ਼ਾਲਮ ਰਾਹ ਵਿੱਚ ਆਏ, ਸਿੰਘਾਂ ਨੇ ਝਟਕਾ ਦਿੱਤੇ,
ਨਾਮ-ਓ-ਨਿਸ਼ਾਨ ਉਹਨਾਂ ਦੇ ਸੰਗਤੇ, ਸਿੰਘਾਂ ਨੇ ਮਿਟਾ ਦਿੱਤੇ।
ਬੰਦਾ ਆਇਆ ਬੰਦਾ ਆਇਆ ਹੋ ਗਈ ਚਾਰੇ ਪਾਸੇ,
ਡਰਦੇ ਮੁਗਲ ਸਿਪਾਹੀਆਂ ਨੂੰ ਫਿਰ ਦਿੰਦਾ ਕੌਣ ਦਿਲਾਸੇ।
ਸਮਾਣਾ-ਸਢੌਰਾ ਸਰ ਕਰਕੇ ਸਰਹਿੰਦ ‘ਤੇ ਕਰੀ ਚੜਾ੍ਈ,
ਰਣ ਦੇ ਅੰਦਰ ਜੂਝ ਕੇ ਵਜੀਦੇ ਦੀ ਅਲਖ ਮਿਟਾਈ।
ਦਸਮੇਸ਼ ਪਿਤਾ ਦੀ ਕਿਰਪਾ ਨਾਲ ਬੰਦੇ ਨੇ ਜੌਹਰ ਵਿਖਾਏ,
ਚੱਪੜਚਿੜੀ ਮੈਦਾਨ ਅੰਦਰ ਖਾਲਸਾਈ ਨਿਸ਼ਾਨ ਝੁਲਾਏ।
ਨੀਹਾਂ ਵਿੱਚ ਚਿਣਾਈ ਜਿੱਥੇ ਦੋ ਲਾਲਾਂ ਦੀ ਜੋੜੀ,
ਇੱਟ ਨਾਲ ਇੱਟ ਖੜਕਾਅ ਸਰਹਿੰਦ ਦੀ, ਬੰਦੇ ਨੇ ਭਾਜੀ ਮੋੜੀ।
ਕਈ ਗਲ ਵਿੱਚ ਪੱਲੇ ਪਾ ਕੇ ਜ਼ਾਲਮ, ਚਰਨੀਂ ਸੀਸ ਨਿਵਾਉਂਦੇ,
ਬਖ਼ਸ਼ੋ ਬੰਦਾ ਸਿੰਘ ਜੀ ਕਹਿ ਕੇ, ਭੁੱਲਾਂ ਨੇ ਬਖਸ਼ਾਉਂਦੇ।
ਸ਼ਰਨ ਆਏ ਸਭ ਬਖਸ਼ ਦਿੱਤੇ ਦਇਆ ਦੇ ਸਾਗਰ ਨੇ,
ਸੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ।
ਬੰਦਾ ਸਿੰਘ ਦੀ ਕਮਾਨ ‘ਚ ਸਿੰਘਾਂ, ਬੜੇ ਮੈਦਾਨ ਸੀ ਜਿੱਤੇ,
‘ਰਾਜ ਕਰੇਗਾ ਖਾਲਸਾ’ ਗੁਰਾਂ ਦੇ ਬਚਨ ਸੀ ਸੱਚੇ ਕੀਤੇ।
ਆਪਸੀ ਫੁੱਟ ਦੇ ਕਾਰਣ ਸੰਗਤੇ ਅੰਤ ਰਾਜ ਦਾ ਆਇਆ,
ਗੁਰਦਾਸ ਨੰਗਲ ਦੀ ਗੜੀ੍ ‘ਚ ਮੁਗਲਾਂ, ਬੰਦੇ ਨੂੰ ਘੇਰਾ ਪਾਇਆ।
ਅੱਠ ਮਹੀਨੇ ਤੋਂ ਸਿੰਘਾਂ ਲਈ ਰਾਸ਼ਨ ਸੀ ਬੰਦ ਹੋਇਆ,
ਇੱਕ ਭੁੱਖ ਨਾਲ, ਦੂਜੇ ਪਾਸੇ ਸਿਘਾਂ ਦਾ ਮੁਗਲਾਂ ਨਾਲ ਜੰਗ ਹੋਇਆ।
ਏਨੀ ਲੰਬੀ ਜੰਗ ਪਿੱਛੋਂ ਮੁਗਲਾਂ ਫਿਰ ਚਾਲ ਚਲਾਈ ਜੀ,
ਗੜੀ੍ ਛੱਡ ਕੇ ਨਿੱਕਲ ਜਾਵੋ, ਉਹਨਾਂ ਕਸਮ ਕੁਰਾਨ ਦੀ ਖਾਈ ਸੀ।
ਬੰਦਾ ਸਿੰਘ ਨੂੰ ਪਤਾ ਸੀ, ਇਹ ਕਸਮਾਂ ਨੂੰ ਭੁੱਲ ਜਾਵਣਗੇ,
ਪਹਿਲਾਂ ਦਸਮੇਸ਼ ਪਿਤਾ ਨਾਲ ਧਰੋਹ ਕੀਤਾ, ਹੁਣ ਸਾਡੇ ਨਾਲ ਕਮਾਵਣਗੇ।
ਪੱਟ ਚੀਰ ਕੇ ਖਾ ਲਏ, ਸਿੰਘਾਂ ਘੋੜੇ ਵੀ ਝਟਕਾਏ ਜੀ,
ਦਸਮੇਸ਼ ਪਿਤਾ ਦੇ ਸਿੰਘਾਂ ਦੀ ਭੁੱਖ ਅੱਗੇ ਪੇਸ਼ ਨਾ ਜਾਏ ਜੀ।
ਅੱਠ ਮਹੀਨੇ ਬਿਨਾਂ ਰੋਟੀ-ਪਾਣੀ ਤੋਂ ਕਿੰਨਾ ਕੁ ਚਿਰ ਹੋਰ ਉਹ ਅੰਦਰ ਰਹਿ ਕੇ ਜੰਗ ਕਰ ਸਕਦੇ ਸੀ, ਭੁੱਖ ਕਾਰਣ ਸਿੰਘਾਂ ਦੇ ਢਿੱਡ ਸੁੱਕ ਕੇ ਢੂਹੀਆਂ ਨਾਲ ਜਾ ਲੱਗੇ। ਸਿੰਘਾਂ ਨੂੰ ਆਪਣੇ ਘੋੜੇ ਵੀ ਮਾਰ ਕੇ ਖਾਣੇ ਪਏ, ਏਥੋਂ ਤੱਕ ਕੇ ਆਪਣੇ ਪੱਟਾਂ ‘ਚੋਂ ਮਾਸ ਕੱਢ-ਕੱਢ ਕੇ ਵੀ ਸਿੰਘਾਂ ਨੇ ਖਾਧਾ।
ਬੰਦਾ ਸਿੰਘ ਜੀ ਨੇ ਸੋਚਿਆ ਕਿ ਗੜੀ੍ ਦੇ ਅੰਦਰ ਵੀ ਸ਼ਹੀਦ ਹੋਣਾ ਹੀ ਹੈ, ਕਿਉਂ ਨਾ ਗੜੀ੍ ਤੋਂ ਬਾਹਰ ਜਾ ਕੇ, ਮੁਗਲਾਂ ਨੂੰ ਝੂਠੇ ਕਰਕੇ, ਜੂਝ ਕੇ ਸ਼ਹੀਦ ਹੋਇਆ ਜਾਵੇ…
ਆਖਿਰ ਬੰਦਾ ਸਿੰਘ ਨੇ ਸਿੰਘੋਂ, ਗੜੀ੍ ਦਾ ਬੂਹਾ ਖੋਲ੍ ਦਿੱਤਾ,
ਮੁਗਲਾਂ ਕਸਮਾਂ ਤੋੜ ਕੇ, ਭੁੱਖੇ ਸਿੰਘਾਂ ‘ਤੇ ਹੱਲਾ ਬੋਲ ਦਿੱਤਾ।
ਕਮਜੋਰ ਜੋ ਭੁੱਖ ਦੇ ਕੀਤੇ ਸਿੰਘ, ਓਹਨਾਂ ਹਮਲਾ ਕਰਕੇ ਮਾਰੇ ਜੀ,
734 ਬੰਦਾ ਸਿੰਘ ਸਣੇ, ਫੜ੍ਲੇ ਸਿੰਘ ਵਿਚਾਰੇ ਜੀ।
ਜਕਰੀਏ ਸੋਚਿਆ, ਫਰਖ਼ਸ਼ੀਅਰ ਦੇ ਅਸੀਂ ਸਾਹਮਣੇ ਜਦ ਵੀ ਜਾਵਾਂਗੇ,
ਪੱਕੀ ਗੱਲ ਹੈ ਬਾਦਸ਼ਾਹ ਕੋਲੋਂ ਜ਼ਰੂਰ ਹੀ ਝਿੜਕਾਂ ਖਾਵਾਂਗੇ।
ਮੁੱਠੀ ਭਰ ਇਹ ਸਿੰਘ, ਤੁਸਾਂ ਨੂੰ ਸ਼ਰਮ ਨਾਂ ਭੋਰਾ ਆਈ,
ਸਾਰੀ ਫੌ਼ਜ ਲੈ, “ਅੱਠ ਮਹੀਨੇ” ਰਹੇ ਕਰਦੇ ਤੁਸੀਂ ਲੜਾਈ।
ਏਸੇ ਡਰ ਦੇ ਮਾਰੇ ਨੇ ਸੀ ਸਿੰਘ ਪਿੰਡਾਂ ‘ਚੋਂ ਫੜ੍ਲੇ,
ਉਸ ਸਮੇਂ ਦੋ ਕਿਸਮ ਦੇ ਸਿੱਖ ਸਨ-: ਨਾ-ਮਿਲਵਰਤਣੀਏ ਅਤੇ ਮਿਲਵਰਤਣੀਏ ਸਿੱਖ।
ਨਾ-ਮਿਲਵਰਤਣੀਏ ਉਹ ਸਿੱਖ ਸਨ, ਜਿਹੜੇ ਸਰਕਾਰ ਨਾਲ ਕੋਈ ਮਿਲਵਰਤਣ ਨਹੀਂ ਸੀ ਰੱਖਦੇ ਅਤੇ ਲੋੜ ਪੈਣ ‘ਤੇ, ਅਸਲਾ-ਬਰੂਦ ਖਰੀਦਣ ਵਾਸਤੇ, ਘਰ ਦਾ ਸਮਾਨ ਆਦਿ ਵੀ ਵੇਚ ਦਿੰਦੇ ਸਨ ਅਤੇ ਸਰਕਾਰ ਨਾਲ, ਜ਼ੁਲਮ ਵਿਰੁੱਧ ਲੋਹਾ ਲੈਂਦੇ ਸਨ।
ਮਿਲਵਰਤਣੀਏ ਉਹ ਸਿੱਖ ਸਨ, ਜਿੰਨਾ੍ ਦੀ ਸਰਕਾਰ ਨਾਲ ਕੋਈ ਲੜਾਈ ਨਹੀਂ ਸੀ ਅਤੇ ਉਹ ਸ਼ਾਂਤਮਈ ਢੰਗ ਨਾਲ ਰਹਿੰਦੇ ਸਨ, ਅਤੇ ਸਰਕਾਰ ਵੀ ਉਹਨਾਂ ਨੂੰ ਜਿਆਦਾ ਤੰਗ ਨਹੀਂ ਸੀ ਕਰਦੀ। ਪਰ ਜਲਾਦ ਜਕਰੀਏ ਨੇ ਸੋਚਿਆ ਕਿ ਇਹਨਾਂ ਦੇ ਕਿਹੜਾ ਮੂੰਹ ‘ਤੇ ਲਿਖਿਆ ਹੈ ਕਿ ਇਹ ਕਿਹੜੇ ਸਿੱਖ ਹਨ? ਇਸ ਲਈ ਉਸਨੇ, ਮਿਲਵਰਤਣੀਏ ਸਿੰਘਾਂ ਨੂੰ ਪਿੰਡਾਂ ‘ਚੋਂ ਫੜ੍-ਫੜ੍ ਕੇ, ਸ਼ਹੀਦ ਕਰਕੇ, ਉਹਨਾਂ ਦੇ ਕੇਵਲ ਸਿਰਾਂ ਨਾਲ, ਇਕੱਲੇ ਸਿਰਾਂ ਨਾਲ 700 ਗੱਡੇ ਭਰ ਲਏ। ਆਪਾਂ ਜਿੰਮੀਂਦਾਰ ਹਾਂ, ਤੇ ਆਪਾਂ ਭਲੀ-ਭਾਂਤ ਜਾਣਦੇ ਹਾਂ ਕਿ ਇੱਕ ਗੱਡੇ ਵਿੱਚ ਕਿੰਨੇ ਕੁ ਸਿਰ ਪੈ ਜਾਣਗੇ ਅਤੇ ਉਸਨੂੰ 700 ਨਾਲ ਗੁਣਾਂ ਕਰੋ ਤੇ ਵੇਖੋ ਕੇ ਉਸ ਜਲਾਦ ਜਕਰੀਏ ਨੇ ਕਿੰਨਾ ਕਤਲੇਆਮ ਕੀਤਾ ਹੋਵੇਗਾ….
ਏਸੇ ਡਰ ਦੇ ਮਾਰੇ ਨੇ ਸੀ ਸਿੰਘ ਪਿੰਡਾਂ ‘ਚੋਂ ਫੜ੍ਲੇ,
ਸੀਸ ਉਹਨਾਂ ਦੇ ਕੱਟ ਕੇ, ਉਸਨੇ 700 ਗੱਡੇ ਭਰਲੇ।
ਹੂਰਾਂ-ਪਰੀਆਂ ਦੇ ਲਾਲਚ ਦੇ ਕੇ ਸਿੰਘਾਂ ਨੂੰ ਭਰਮਾਉਂਦੇ ਸੀ,
ਉੱਚੇ ਆਹੁਦੇ ‘ਤੇ ਲਾਵਾਂਗੇ, ਕਹਿ ਸਿੱਖੀ ਸਿਦਕ ਡਲਾਉਂਦੇ ਸੀ।
ਅਣਖੀ ਸਿੰਘ ਦਸਮੇਸ਼ ਦੇ, ਪਰ ਸਿਦਕੋਂ ਨਹੀਂ ਉਹ ਡੋਲੇ ਜੀ,
ਬੋਲੇ ਸੋ ਨਿਹਾਲ ਦੇ ਉਹਨਾਂ ਗੱਜ ਜੈਕਾਰੇ ਬੋਲੇ ਸੀ।
ਬੰਦਾ ਸਿੰਘ ਦਾ 100 ਸਾਥੀ, ਉਹ ਰੋਜ਼ ਸ਼ਹੀਦ ਸੀ ਕਰਦੇ,
ਲੱਖਾਂ ਤਸੀਹੇ ਦਿੰਦੇ ਸੀ, ਨਾਂ ਅੱਲਾ ਕੋਲੋਂ ਡਰਦੇ।
ਪਿੰਜਰੇ ਵਿੱਚ ਅੱਜ ਬੰਦ ਕੀਤਾ ਸੀ ਬੱਬਰ ਸ਼ੇਰ ਦਸਮੇਸ਼ ਦਾ,
ਵਾਹ ਦਾਤਾ ਤੇਰੀ ਕੁਦਰਤ ਕਹਿ ਕੇ, ਰੱਬ ਦਾ ਭਾਣਾ ਵੇਖ ਦਾ,
ਗਿਣ-ਗਿਣ ਬਦਲੇ ਲੈਂਦੇ ਸੀ ਉਹ ਪਾਈ ਭਾਜੜ ਦੇ,
ਸੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ।
ਇਤਿਹਾਸ ਸਿੱਖਾਂ ਦਾ ਵੇਖੋ ਲੋਕੋ, ਗੈਰ ਪਏ ਨੇ ਲਿਖਦੇ,
ਬੀਤੇ ਸਮੇਂ ਦੀਆਂ ਗਲਤੀਆਂ ਕੋਲੋਂ, ਕਿਉਂ ਨੀਂ ਅਸੀਂ ਕੁਝ ਸਿੱਖਦੇ।
ਸਿੱਖਾਂ ਦੀ ਸਿਰਮੌਰ ਕਮੇਟੀ ਅੱਖਾਂ ਪਈ ਹੈ ਮੀਟੀ,
ਇਤਿਹਾਸ ਕਿੱਧਰ ਨੂੰ ਜਾਂਦਾ ਹੈ, ਤਫਤੀਸ਼ ਨਾਂ ਇਸਨੇ ਕੀਤੀ।
ਸ਼ਹੀਦੀ ਮਹਾਨ ਜਰਨੈਲ ਦੀ ਨਾਂ ਮਿੱਟੀ ਵਿੱਚ ਮਿਲਾਉ,
ਸਮਝੋ ਚਾਲ ਵਿਰੋਧੀਆਂ ਦੀ ਤੇ ਹੋਰਾਂ ਨੂੰ ਸਮਝਾਉ।
ਸਾਡਾ ਮਹਾਨ ਜਰਨੈਲ ਇਹ ਖੋਹਣਾ ਚਾਹੁੰਦੇ ਸਾਡੇ ਕੋਲੋਂ,
ਪਰਗਟ ਸਿੰਘ ਅੱਜ ਇੱਕੋ ਸਵਾਲ ਹੈ ਪੁੱਛਦਾ ਤੁਹਾਡੇ ਕੋਲੋਂ।
ਜੇ ਬੇ-ਮੁੱਖ ਹੁੰਦਾ ਬੰਦਾ, ਕੀ ਲੋੜ ਸੀ ਸਿਦਕ ਨਿਭਾਵਣ ਦੀ,
ਚਾਰ ਸਾਲ ਦੇ ਪੁੱਤਰ ਦਾ ਦਿਲ ਮੂੰਹ ਦੇ ਵਿੱਚ ਪਵਾਵਣ ਦੀ?
ਇਸਲਾਮ ਕਬੂਲ ਕੇ, ਸੋਚੋ? ਬੰਦਾ ਹਿੰਦ ‘ਤੇ ਰਾਜ ਨਾਂ ਕਰਦਾ?
ਦਸਮੇਸ਼ ਪਿਤਾ ਦੀ ਸਿੱਖੀ ਲਈ ਅਣਖੀਲੀ ਮੌਤ ਕਿਉਂ ਮਰਦਾ?
ਐਸ਼-ਓ-ਇਸ਼ਰਤ ਦੁਨੀਆਂ ਦੀ ਇੱਕ ਸਿੱਖੀ ਲਈ ਠੁਕਰਾਈ ਸੀ,
ਤਾਂਹੀ ਅਣਖੀ ਉਸ ਜਰਨੈਲ ਸੂਰਮੇ ਲਾੜੀ ਮੌਤ ਵਿਆਹੀ ਸੀ।
ਸੱਚ ਦੇ ਕਿੱਸੇ ਰਾਮੂੰਵਾਲੀਏ, ਕਰੇ ਉਜਾਗਰ ਨੇ,
ਸੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ।
ਸੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ।
ਸਾਧ-ਸੰਗਤ ਜੀ ਪੰਥ ਵਿਰੋਧੀਆਂ ਨੇ ਬੜੀਆਂ ਚਾਲਾਂ ਚੱਲੀਆਂ ਸਿੱਖੀ ਨੂੰ ਖਤਮ ਕਰਨ ਦੀਆਂ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਹੁਣ ਉਹ ਸਾਡੇ ਇਤਿਹਾਸ ‘ਤੇ ਕਲਮ ਨਾਲ ਵਾਰ ਕਰ ਰਹੇ ਹਨ। ਸਾਵਧਾਨ ਹੋਵੋ ਤੇ ਅੱਖਾਂ ਖੋਲ੍ ਕੇ ਇਸ ‘ਤੇ ਵਿਚਾਰ ਕਰੋ। ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਸਾਡੇ ਵਿਰੋਧੀਆਂ ਨੂੰ ਨਹੀਂ ਭਾਉਂਦਾ। ਸੋ ਲੋੜ ਹੈ ਸੁਚੇਤ ਹੇਣ ਦੀ। ਹੋਈਆਂ ਭੁੱਲਾਂ ਨੂੰ ਅਣਜਾਣ ਸਮਝ ਕੇ ਬਖਸ਼ ਦੇਣਾ ਜੀ। ਐਨਾ ਕੁਝ ਆਖਦਾ ਹੋਇਆ ਫ਼ਤਹਿ ਬੁਲਾਉਂਦਾ ਹਾਂ ਜੀ, ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।