ਨਵੀਂ ਦਿੱਲੀ: ਦਸਤਾਰ ‘ਤੇ ਲੱਗੀ ਪਾਬੰਦੀ ਨੂੰ ਦਿੱਲੀ ਆਧਾਰਤ ਸਾਈਕਲਿਸਟ ਜਗਦੀਪ ਸਿੰਘ ਵੱਲੋਂ ਦਿੱਤੀ ਚੁਨੌਤੀ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਹੈ ਕਿ ਕੀ ਪੱਗ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ? ਸਾਈਕਲਿਸਟ ਪੁਰੀ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਦਸਤਾਰ ਬੰਨ੍ਹੀ ਹੋਣ ਦੇ ਬਾਵਜੂਦ ਹੈਲਮੇਟ ਦੇ ਲਾਜ਼ਮੀ ਹੋਣ ਨੂੰ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਹੈ।
ਜਸਟਿਸ ਐਸ.ਏ. ਬੋਡਬੇ ਤੇ ਐਲ.ਐਨ. ਰਾਓ ਦੇ ਬੈਂਚ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ ਕਿ ਕੀ ਸਿੱਖ ਧਰਮ ਵਿੱਚ ਦਸਤਾਰ ਲਾਜ਼ਮੀ ਹੈ ਜਾਂ ਸਿਰ ਢਕਣ ਦਾ ਇੱਕ ਤਰੀਕਾ। ਇੰਨਾ ਹੀ ਨਹੀਂ ਦੋਵੇ ਜੱਜਾਂ ਨੇ ਇਸ ‘ਤੇ ਉਨ੍ਹਾਂ ਖਿਡਾਰੀਆਂ ਦਾ ਹਵਾਲਾ ਦਿੱਤਾ, ਜੋ ਬਿਨਾ ਦਸਤਾਰ ਤੋਂ ਆਪਣੀਆਂ ਖੇਡਾਂ ਖੇਡਦੇ ਹਨ। ਬੈਂਚ ਨੇ ਪਟੀਸ਼ਨਕਰਤਾ ਪੁਰੀ ਦੇ ਵਕੀਲ ਆਰ.ਐਸ. ਸੂਰੀ ਤੋਂ ਪੁੱਛਿਆ ਕਿ ਕੀ ਫ਼ੌਜੀ ਜੰਗ ਦੌਰਾਨ ਸਿਰਾਂ ‘ਤੇ ਹੈਲਮੇਟ ਨਹੀਂ ਪਹਿਨਦੇ? ਇਸ ‘ਤੇ ਵਕੀਲ ਨੇ ਬੈਂਚ ਨੂੰ ਜਵਾਬ ਦਿੱਤਾ ਕਿ ਕੇਂਦਰੀ ਮੋਟਰ ਵ੍ਹੀਕਲ ਐਕਟ ਨੇ ਸਿੱਖਾਂ ਨੂੰ ਦੁਪਹਿਆ ਵਾਹਨ ਦੀ ਸਵਾਰੀ ਵੇਲੇ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂ.ਕੇ. ਤੇ ਅਮਰੀਕਾ ਵਰਗੇ ਦੇਸ਼ਾਂ ਨੇ ਸਿੱਖ ਖਿਡਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਸਮੇਤ ਦਸਤਾਰ ਖੇਡਣ ਦੀ ਇਜਾਜ਼ਤ ਦਿੱਤੀ ਹੈ।
ਵਕੀਲ ਨੂੰ ਬੈਂਚ ਨੇ ਮਿਲਖਾ ਸਿੰਘ ਤੇ ਬਿਸ਼ਨ ਸਿੰਘ ਬੇਦੀ ਵਰਗੇ ਖਿਡਾਰੀਆਂ ਦੀ ਉਦਾਹਰਣ ਦਿੱਤੀ ਤੇ ਕਿਹਾ ਕਿ ਦੋਵਾਂ ਨੇ ਕਦੇ ਵੀ ਖੇਡ ਦੇ ਮੈਦਾਨ ਵਿੱਚ ਦਸਤਾਰ ਨਹੀਂ ਪਹਿਨੀ ਹੋਵੇਗੀ। ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਇਹ ਵੀ ਕਿਹ ਕਿ ਉਹ ਦਸਤਾਰ ‘ਤੇ ਕਿਸੇ ਅਥਾਰਟੀ ਨੂੰ ਲਿਆਉਣ ਤੇ ਦੱਸਣ ਕਿ ਕੀ ਦਸਤਾਰ ਇੱਕ ਧਾਰਮਿਕ ਚਿੰਨ੍ਹ ਹੈ ਜਾਂ ਨਹੀਂ। ਅਦਾਲਤ ਨੇ ਸੀਨੀਅਰ ਵਕੀਲ ਸੀ.ਯੂ. ਸਿੰਘ ਨੂੰ ਇਸ ਮਸਲੇ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ।
ਪੇਸ਼ੇ ਵਜੋਂ ਗ੍ਰਾਫਿਕ ਡਿਜ਼ਾਈਨਰ ਜਗਦੀਪ ਸਿੰਘ ਪੁਰੀ ਨੂੰ ਔਡੈਕਸ ਇੰਡੀਆ ਰੈਂਡੌਨਿਊਰਜ਼ (ਏਆਈਆਰ) ਵੱਲੋਂ ਕਰਵਾਏ ਗਏ ਆਜ਼ਾਦ ਹਿੰਦ ਬ੍ਰੇਵਟ (ਲੰਮੀ ਦੂਰੀ ਦੀ ਸਾਈਕਲਿੰਗ) ਮੁਕਾਬਲੇ ਵਿੱਚ ਹੈਲਮੇਟ ਨਾ ਪਾਉਣ ਕਰ ਕੇ ਖੇਡ ਵਿੱਚੋਂ ਬਾਹਰ ਕਰ ਦਿੱਤਾ ਸੀ। ਇਸ ‘ਤੇ ਪੁਰੀ ਨੇ 23 ਅਪ੍ਰੈਲ ਨੂੰ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ।































