ਆਗਰਾ (ਉੱਤਰ ਪ੍ਰਦੇਸ਼) : ਆਗਰਾ ਨਗਰ ਨਿਗਮ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਨੋਟਿਸ ਭੇਜੇ ਹਨ, ਜਿਸ ਵਿੱਚ ਤਾਜ ਮਹਿਲ ਲਈ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਏਐੱਸਆਈ ਦੇ ਅਧਿਕਾਰੀਆਂ ਅਨੁਸਾਰ ਪਾਣੀ ਟੈਕਸ ਅਤੇ ਪ੍ਰਾਪਰਟੀ ਟੈਕਸ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਏਐੱਸਆਈ ਨੂੰ ਕਰੀਬ 1.47 ਲੱਖ ਰੁਪਏ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਟੈਕਸ ਵਜੋਂ 1 ਕਰੋੜ 94 ਲੱਖ ਰੁਪਏ ਅਦਾ ਕਰਨ ਲਈ ਕਿਹਾ ਗਿਆ ਹੈ। ਏਐੱਸਆਈ ਦੇ ਅਧਿਕਾਰੀ ਮੁਤਾਬਕ ਅਜਿਹਾ ਨੋਟਿਸ ਪਹਿਲੀ ਵਾਰ ਆਇਆ ਹੈ ਤੇ ਅੰਗਰੇਜ਼ਾਂ ਵੇਲੇ ਵੀ ਅਜਿਹਾ ਕੋਈ ਕਰ ਨਹੀਂ ਵਸੂਲਿਆ ਗਿਆ। ਨਿਯਮਾਂ ਮੁਤਾਬਕ ਇਹ ਕਰ 15 ਦਿਨ ’ਚ ਅਦਾ ਕਰਨਾ ਹੈ ਤੇ ਅਜਿਹਾ ਨਾ ਹੋਣ ’ਤੇ ਸੰਪਤੀ ਕੁਰਕ ਕੀਤੀ ਜਾਵੇਗੀ।