73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਕੋਲ

0
380
ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ ਧਨ ਇਕੱਠਾ ਕੀਤਾ ਹੈ। ਇੰਨਾ ਹੀ ਨਹੀਂ 67 ਕਰੋੜ ਭਾਰਤੀਆਂ ਦੀ ਸੰਪਤੀ ਵਿੱਚ ਸਿਰਫ਼ ਇੱਕ ਫ਼ੀਸਦੀ ਵਾਧਾ ਹੋਇਆ ਹੈ। ਭਾਰਤ ਵਿੱਚ ਆਮਦਨ ਦਰਮਿਆਨ ਵਧ ਰਹੀ ਅਸਮਾਨਤਾ ਦੇ ਨਵੇਂ ਫਿਕਰ ਦਾ ਵੱਡਾ ਖ਼ੁਲਾਸਾ ਕੌਮਾਂਤਰੀ ਅਧਿਕਾਰ ਸਮੂਹ ਔਕਸਫੈਮ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿੱਚ ਹੋਇਆ ਹੈ।
      ਇਸ ਸਰਵੇ ਵਿੱਚ ਦੁਨੀਆ ਦੀ ਤਸਵੀਰ ਹੋਰ ਵੀ ਗੰਭੀਰ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿੱਚ ਇੱਕ ਫ਼ੀਸਦੀ ਅਮੀਰਾਂ ਦੀ ਜਾਇਦਾਦ ਵਿੱਚ 82 ਫ਼ੀਸਦੀ ਵਾਧਾ ਹੋਇਆ ਹੈ ਜਦਕਿ ਦੁਨੀਆ ਵਿੱਚ 3.7 ਅਰਬ ਲੋਕ ਜੋ ਕੁੱਲ ਗ਼ਰੀਬ ਆਬਾਦੀ ਦਾ ਅੱਧ ਹਨ, ਦੀ ਜਾਇਦਾਦ ਵਿੱਚ ਕੋਈ ਵਾਧਾ ਨਹੀਂ ਹੋਇਆ।
       ਪਿਛਲੇ ਸਾਲ ਦੇ ਸਰਵੇ ਤੋਂ ਇਹ ਪਤਾ ਲੱਗਾ ਸੀ ਕਿ ਇੱਕ ਫ਼ੀਸਦੀ ਭਾਰਤੀਆਂ ਦੀ ਕੁੱਲ ਸੰਪਤੀ ਵਿੱਚ 58 ਫ਼ੀਸਦੀ ਹਿੱਸੇਦਾਰੀ ਹੈ ਜਿਹੜੀ ਕਿ ਵਿਸ਼ਵ ਅੰਕੜਿਆਂ ਨਾਲੋਂ ਵੱਧ ਹੈ। ਇਸ ਸਾਲ ਦੇ ਸਰਵੇਖਣ ਤੋਂ ਇਹ ਪਤਾ ਲੱਗਾ ਹੈ ਕਿ 2017-18 ਦੌਰਾਨ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੰਪਤੀ ਵਿੱਚ 20.9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਔਕਸਫੈਮ ਇੰਡੀਆ ਨੇ ਕਿਹਾ ਕਿ ਇਹ 2017-18 ਦੇ ਕੇਂਦਰ ਸਰਕਾਰ ਦੇ ਬਜਟ ਦੇ ਬਰਾਬਰ ਦੀ ਰਾਸ਼ੀ ਹੈ।
         ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿੰਝ ਅਮੀਰ ਲੋਕਾਂ ਦੀ ਧਨ ਇਕੱਠਾ ਕਰਨ ਦੀ ਸਮਰੱਥਾ ਵਧ ਰਹੀ ਹੈ ਜਦਕਿ ਗ਼ਰੀਬ ਵਿਅਕਤੀ ਆਪਣੇ ਵੇਤਨ ਉੱਤੇ ਹੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰ ਰਹੇ ਹਨ। 2017 ਵਿੱਚ ਹਰ ਦੋ ਦਿਨ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਹੈਰਾਨਕੁਨ ਵਾਧਾ ਦੇਖਿਆ ਗਿਆ ਹੈ। ਅਰਬਪਤੀਆਂ ਦੀ ਸੰਪਤੀ 2010 ਤੋਂ 13 ਫ਼ੀਸਦੀ ਔਸਤ ਨਾਲ ਵਧੀ ਹੈ ਜਿਹੜੀ ਕਿ ਸਧਾਰਨ ਮਜ਼ਦੂਰਾਂ ਦੀ ਆਮਦਨ ਨਾਲੋਂ ਛੇ ਗੁਣਾ ਤੇਜ਼ ਰਫ਼ਤਾਰ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ ਵਾਧਾ ਦਰ ਸਿਰਫ਼ ਦੋ ਫ਼ੀਸਦੀ ਹੈ।
        ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਿ ਭਾਰਤ ਵਿੱਚ ਟੌਪ ਤਨਖ਼ਾਹ ਅਧਿਕਾਰੀ ਜਿੰਨੀ ਆਮਦਨ ਸਾਲ ਵਿੱਚ ਕਮਾ ਲੈਂਦਾ ਹੈ, ਓਨੀ ਆਮਦਨ ਹਾਸਲ ਕਰਨ ਲਈ ਇੱਕ ਘੱਟੋ-ਘੱਟ ਮਜ਼ਦੂਰੀ ਲੈਣ ਵਾਲੇ ਵਰਕਰ ਨੂੰ 941 ਸਾਲ ਲੱਗਣਗੇ। ਅਮਰੀਕਾ ਵਿੱਚ ਸੀਈਓ ਦੀ ਇੱਕ ਦਿਨ ਦੀ ਆਮਦਨ ਲੈਣ ਲਈ ਉੱਥੋਂ ਦੇ ਸਾਧਾਰਨ ਵਰਕਰ ਨੂੰ ਇੱਕ ਸਾਲ ਦਾ ਸਮਾਂ ਲੱਗੇਗਾ।