ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ

0
366

ਪਟਿਆਲਾ: ਦੇਸ਼ ਵਿੱਚ ਨੋਟਬੰਦੀ ਮਗਰੋਂ ਇੱਕ ਸਾਲ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਆਮ ਲੋਕਾਂ ਲਈ ਨਕਦੀ ਯਾਨੀ ਕੈਸ਼ ਦੀ ਸੱਮਸਿਆ ਹਾਲੇ ਵੀ ਬਰਕਰਾਰ ਹੈ। ਇਸ ਸਮੇਂ ਵੀ ਬੈਂਕਾਂ ਵਿੱਚ ਲੋੜ ਮੁਤਾਬਕ ਕੈਸ਼ ਨਹੀਂ ਆ ਰਿਹਾ। ਇਹ ਹਾਲਾਤ ਕਿਸੇ ਛੋਟੇ ਜਾਂ ਕਿਸੇ ਗ਼ੈਰ ਸਰਕਾਰੀ ਬੈਂਕ ਦੀ ਨਹੀਂ ਸਗੋਂ ਭਾਰਤ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੀ ਹੈ। ਬੈਂਕ ਕੈਸ਼ ਦੀ ਕਮੀ ਕਾਰਨ ਲਗਾਤਾਰ ਆਪਣੇ ਗਾਹਕਾਂ ਨੂੰ ਨਿਰਾਸ਼ ਕਰ ਰਿਹਾ ਹੈ।

ਨਕਦੀ ਦੀ ਕਮੀ ਬਾਰੇ ਸਟੇਟ ਬੈਂਕ ਆਫ ਇੰਡੀਆ ਦੀ ਪਟਿਆਲਾ ਦੀ ਮੁੱਖ ਬਰਾਂਚ ਵੱਲੋਂ ਐਸ.ਬੀ.ਆਈ. ਜ਼ਿਲ੍ਹਾ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਿਪਟੀ ਗਵਰਨਰ ਨੂੰ ਪੱਤਰ ਵੀ ਲਿਖਿਆ ਹੈ। ਅਧਿਕਾਰੀਆਂ ਨੇ ਜ਼ਿਕਰ ਕੀਤਾ ਹੈ ਕਿ ਇਕੱਲੇ ਪਟਿਆਲਾ ਜ਼ਿਲੇ ਵਿੱਚ ਐਸ.ਬੀ.ਆਈ. ਦੇ 450 ਏ.ਟੀ.ਐਮ. ਮੌਜੂਦ ਨੇ ਜਿਨ੍ਹਾਂ ਲਈ ਪ੍ਰਤੀ ਦਿਨ ਪ੍ਰਤੀ ਏ.ਟੀ.ਐਮ. 10 ਲੱਖ ਰੁਪਏ ਦੀ ਜ਼ਰੂਰਤ ਹੈ। ਪੂਰੇ ਜ਼ਿਲ੍ਹੇ ਦੀ ਇੱਕ ਹਫ਼ਤੇ ਦੀ ਨਕਦੀ ਦੀ ਖਪਤ ਤਕਰੀਬਨ 300 ਕਰੋੜ ਹੈ ਪਰ ਕੇਂਦਰੀ ਬੈਂਕ ਤੋਂ ਤਕਰੀਬਨ 25 ਕਰੋੜ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬੈਂਕ ਦੇ ਖ਼ਜ਼ਾਨੇ ਵਿੱਚ 150 ਕਰੋੜ ਹੋਣਾ ਚਾਹੀਦਾ ਹੈ ਜੋ ਕਿ ਸਿਰਫ 20 ਲੱਖ ਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਸਾਲ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਪੁਰਾਣੀ ਕਰੰਸੀ ਦੇ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਕਾਫੀ ਉਥਲ-ਪੁਥਲ ਹੋਈ ਸੀ। ਇਸ ਦੌਰਾਨ ਜਿੱਥੇ ਕਾਰੋਬਾਰ ਤੇ ਨਕਦੀ ‘ਤੇ ਨਿਰਭਰ ਧੰਦਿਆਂ ‘ਤੇ ਬੁਰਾ ਅਸਰ ਹੋਇਆ ਉੱਥੇ 100 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਗਈ ਸੀ। ਕਈ ਮੌਤਾਂ ਤਾਂ ਬੈਂਕ ਅੱਗੇ ਪੁਰਾਣੇ ਨੋਟ ਬਦਲੀ ਕਰਨ ਸਮੇਂ ਵੀ ਹੋਈਆਂ ਸਨ।