ਹਾਂਗਕਾਂਗ ‘ਚ ਫਿਰ ਵਕੀਲ ਸਮੇਤ 11 ਲੋਕ ਗਿ੍ਫ਼ਤਾਰ

0
278

ਹਾਂਗਕਾਂਗ (ਏਪੀ) : ਹਾਂਗਕਾਂਗ ‘ਚ ਵਿਵਾਦਗ੍ਸਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਫਿਰ ਗਿ੍ਫ਼ਤਾਰੀਆਂ ਹੋਈਆਂ ਹਨ। ਪੁਲਿਸ ਨੇ ਲੋਕਤੰਤਰ ਸਮਰਥਕਾਂ ਨੂੰ ਹਾਂਗਕਾਂਗ ਤੋਂ ਭੱਜਣ ਵਿਚ ਮਦਦ ਕਰਨ ਦੇ ਸ਼ੱਕ ਵਿਚ ਵੀਰਵਾਰ ਨੂੰ ਇਕ ਵਕੀਲ ਸਮੇਤ 11 ਲੋਕਾਂ ਨੂੰ ਗਿ੍ਫ਼ਤਾਰ ਕੀਤਾ।
‘ਸਾਊਥ ਚਾਈਨਾ ਮਾਰਨਿੰਗ ਪੋਸਟ’ ਅਖ਼ਬਾਰ ਅਨੁਸਾਰ ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਉਨ੍ਹਾਂ ਵਿਚ ਅੱਠ ਮਰਦ ਅਤੇ ਤਿੰਨ ਅੌਰਤਾਂ ਸ਼ਾਮਲ ਹਨ। ਇਨ੍ਹਾਂ ‘ਤੇ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਨੇ 12 ਲੋਕਾਂ ਨੂੰ ਹਾਂਗਕਾਂਗ ਤੋਂ ਭੱਜਣ ਵਿਚ ਮਦਦ ਕੀਤੀ ਸੀ। ਹਾਲਾਂਕਿ ਸਮੁੰਦਰ ਦੇ ਰਸਤੇ ਹਾਂਗਕਾਂਗ ਤੋਂ ਤਾਇਵਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਲੋਕਾਂ ਨੂੰ ਚੀਨੀ ਅਧਿਕਾਰੀਆਂ ਨੇ ਫੜ ਲਿਆ ਸੀ। ਸਮੁੰਦਰ ਤੋਂ ਫੜੇ ਗਏ ਇਨ੍ਹਾਂ ਵਿੱਚੋਂ 10 ਨੂੰ ਪਿਛਲੇ ਮਹੀਨੇ ਸਜ਼ਾ ਵੀ ਹੋ ਚੁੱਕੀ ਹੈ। ਪੁਲਿਸ ਨੇ ਇਸ ਕਾਨੂੰਨ ਦੀ ਵਰਤੋਂ ਨਾਲ ਪਿਛਲੇ ਹਫ਼ਤੇ 55 ਲੋਕਤੰਤਰ ਸਮਰਥਕਾਂ ਨੂੰ ਫੜਿਆ ਸੀ। ਚੀਨੀ ਕੰਟਰੋਲ ਵਾਲੇ ਇਸ ਖੇਤਰ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਦੇ ਬਾਅਦ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਗਈ ਸੀ। ਚੀਨ ਨੇ ਪਿਛਲੇ ਸਾਲ ਇਹ ਕਾਨੂੰਨ ਲਾਗੂ ਕੀਤਾ ਸੀ। ਇਸ ਕਦਮ ਦੀ ਦੁਨੀਆ ਭਰ ਵਿਚ ਆਲੋਚਨਾ ਹੋਈ ਅਤੇ ਇਹ ਚਿੰਤਾ ਪ੍ਰਗਟਾਈ ਗਈ ਕਿ ਇਸ ਦੀ ਆੜ ਵਿਚ ਚੀਨ ਇਸ ਖੇਤਰ ‘ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ। ਉਹ ਹਾਂਗਕਾਂਗ ਦੀ ਖ਼ੁਦਮੁਖਤਿਆਰੀ ਅਤੇ ਨਾਗਰਿਕ ਅਧਿਕਾਰਾਂ ਨੂੰ ਬਣਾਈ ਰੱਖਣ ਦੇ ਆਪਣੇ ਵਾਅਦੇ ਨੂੰ ਤੋੜ ਰਿਹਾ ਹੈ। ਸਾਲ 1997 ਵਿਚ ਬਿ੍ਟੇਨ ਨੇ ਚੀਨ ਨੂੰ ਇਸ ਸ਼ਰਤ ਨਾਲ ਹਾਂਗਕਾਂਗ ਸੌਂਪਿਆ ਸੀ ਕਿ ਉਹ ਇਸ ਦੀ ਖ਼ੁਦਮੁਖਤਿਆਰੀ ਅਤੇ ਨਾਗਰਿਕ ਅਧਿਕਾਰਾਂ ਨੂੰ ਬਣਾਈ ਰੱਖੇਗਾ।