ਹਵਾਲਗੀ ਬਿੱਲ ਵਿਰੋਧੀਆਂ ਤੇ ਪੁਲੀਸ਼ ਦੇ ਜਬਰ ਵਿਰੁੱਧ ਅਵਾਜ਼ ਜਨੇਵਾ ਪਹੁੰਚੀ

0
856

ਹਾਂਗਕਾਂਗ(ਪਚਬ): ਹਾਂਗਕਾਂਗ ‘ਚ ਬੀਤੀ ਜੂਨ ਤੋਂ ਜਾਰੀ ਲੋਕਤੰਤਰ ਹਮਾਇਤੀਆਂ ਦੇ ਵਿਰੋਧ ਮੁਜ਼ਾਹਰੇ ‘ਤੇ ਪੁਲਿਸ ਦੀ ਕਰੂਰਤਾ ਵਾਲੀ ਕਾਰਵਾਈ ਦੀ ਜਾਂਚ ਦੀ ਮੰਗ ਉੱਠਣ ਲੱਗੀ ਹੈ। ਹਾਂਗਕਾਂਗ ਦੀ ਵਿਧਾਇਕਾ ਦੀ ਮੈਂਬਰ ਤਾਨਿਆ ਚਾਨ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਤੋਂ ਪੁਲਿਸ ਦੀ ਕਰੂਰ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਹੈ। ਹਾਂਗਕਾਂਗ ‘ਚ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਪੁਲਿਸ ਕਈ ਵਾਰ ਲਾਠੀਚਾਰਜ ਦੇ ਨਾਲ ਅੱਥਰੂ ਗੈਸ ਦੇ ਗੋਲ਼ੇ ਦਾਗ ਚੁੱਕੀ ਹੈ ਤੇ ਰਬੜ ਦੀਆਂ ਗੋਲ਼ੀਆਂ ਵਰ੍ਹਾ ਚੁੱਕੀ ਹੈ।

ਲੋਕਤੰਤਰ ਹਮਾਇਤੀ ਚਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ, ‘ਹਾਂਗਕਾਂਗ ‘ਚ ਅੰਦੋਲਨ ਸ਼ੁਰੂ ਹੋਏ 100 ਦਿਨ ਹੋ ਚੁੱਕੇ ਹਨ, ਪਰ ਅਜਿਹਾ ਕੋਈ ਸੰਕੇਤ ਨਹੀਂ ਦਿਸਿਆ ਕਿ ਪੁਲਿਸ ਸੰਜਮ ਵਰਤੇਗੀ। ਹਾਂਗਕਾਂਗ ‘ਚ ਲੋਕਤੰਤਰ ਦੀ ਕਮੀ ਦਾ ਇਹ ਸਿੱਧਾ ਨਤੀਜਾ ਹੈ। ਪੁਲਿਸ ਦੀ ਦੁਰਵਰਤੋਂ ਕਰਨ ਲਈ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਹੈ।’ ਉਨ੍ਹਾਂ ਯੂਐੱਨ ਮਨੁੱਖੀ ਅਧਿਕਾਰ ਮੁਖੀ ਮਾਈਕਲ ਬੈਚਲੈੱਟ ਤੋਂ ਪੁੱਿਛਆ, ‘ਹਾਂਗਕਾਂਗ ਦੇ ਲੋਕਾਂ ਲਈ ਮਨੁੱਖੀ ਅਧਿਕਾਰ ਤੇ ਨਿਆਂ ਯਕੀਨੀ ਕਰਨ ਲਈ ਕੀ ਉਹ ਕੌਂਸਲ ਦੀ ਤਤਕਾਲ ਬੈਠਕ ਬੁਲਾਉਣ ਤੇ ਜਾਂਚ ਗਠਿਤ ਕਰਨ ਦੀ ਹਮਾਇਤ ਕਰਨਗੇ?’ 1997 ‘ਚ ਬਰਤਾਨੀਆ ਤੋਂ ਚੀਨ ਦੇ ਕੰਟਰੋਲ ‘ਚ ਆਏ ਹਾਂਗਕਾਂਗ ‘ਚ ਬੀਤੇ ਜੂਨ ‘ਚ ਵਿਰੋਧ ਪ੍ਰਦਰਸ਼ਨ ਦਾ ਦੌਰ ਚੱਲ ਰਿਹਾ ਹੈ।

ਚਾਨ ਨੂੰ ਬੋਲਣ ਤੋਂ ਰੋਕ ਨਹੀਂ ਸਕਿਆ ਚੀਨ

ਚੀਨ ਨੇ ਲੋਕਤੰਤਰ ਹਮਾਇਤੀ ਤਾਨਿਆ ਚਾਨ ਨੂੰ ਜਨੇਵਾ ‘ਚ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ‘ਚ ਬੋਲਣ ਤੋਂ ਰੋਕਣ ਲਈ ਯੂਐੱਨ ਨੂੰ ਪੱਤਰ ਲਿਖਿਆ ਸੀ। ਉਸ ਨੇ ਪੱਤਰ ਲਿਖ ਕੇ ਚਾਨ ਦਾ ਸੱਦਾ ਰੱਦ ਕਰਨ ਦੀ ਮੰਗ ਕੀਤੀ ਸੀ।

ਦੋਹਰਾ ਮਾਪਦੰਡ ਅਪਣਾਉਣ ਤੋਂ ਇਨਕਾਰ

ਹਾਂਗਕਾਂਗ : ਹਾਂਗਕਾਂਗ ਦੀ ਪੁਲਿਸ ਨੇ ਚੀਨ ਹਮਾਇਤੀ ਮੁਜ਼ਾਹਰਾਕਾਰੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਤੇ ਲੋਕਤੰਤਰ ਹਮਾਇਤੀਆਂ ‘ਤੇ ਸਖ਼ਤੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਪੁਲਿਸ ਬੁਲਾਰੇ ਨੇ ਕਿਹਾ ਕਿ ਦੋਹਰਾ ਮਾਪਦੰਡ ਨਹੀਂ ਅਪਣਾਇਆ ਜਾ ਰਿਹਾ ਹੈ।