‘ਸਾਹਿਤ ਪੜ੍ਹਨ ਤੇ ਫਿਲਮਾਂ ਵੇਖਣ ਨਾਲ ਕੋਈ ਅੱਤਵਾਦੀ ਨਹੀਂ ਬਣ ਜਾਂਦਾ’ : ਹਾਈਕੋਰਟ

1
681

ਕੋਚੀ: ਕੇਰਲ ਹਾਈਕੋਰਟ ਨੇ ਅੱਤਵਾਦੀ ਸਰਗਰਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਦਾ ਮੰਨਣਾ ਹੈ ਕਿ ਅੱਤਵਾਦ ਨਾਲ ਸਬੰਧਤ ਵੀਡੀਓ ਦੇਖਣ ਜਾਂ ਜੇਹਾਦੀ ਸਾਹਿਤ ਪੜ੍ਹਨ ਨਾਲ ਕੋਈ ਅੱਤਵਾਦੀ ਨਹੀਂ ਬਣ ਜਾਂਦਾ।

ਜ਼ਿਕਰਯੋਗ ਹੈ ਕਿ ਮੁਹੰਮਦ ਰਿਆਸ ਨਾਂ ਦੇ ਵਿਅਕਤੀ ਦੀ ਉਸ ਤੋਂ ਵੱਖ ਰਹਿ ਰਹੀ ਪਤਨੀ ਦੀ ਸ਼ਿਕਾਇਤ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਿਆਸ ਨੇ ਦਲੀਲ ਦਿੰਦਿਆਂ ਅਦਾਲਤ ‘ਚ ਕਿਹਾ ਕਿ ਉਹ ਕਿਸੇ ਅੱਤਵਾਦੀ ਸੰਗਠਨ ਦਾ ਹਿੱਸਾ ਨਹੀਂ ਸੀ। ਉਸ ਦੀ ਪਤਨੀ ਨੇ ਕਿਸੇ ਦੇ ਦਬਾਅ ‘ਚ ਆ ਕੇ ਉਸ ‘ਤੇ ਇਹ ਦੋਸ਼ ਲਾਇਆ ਸੀ।

ਅਦਾਲਤ ਨੇ ਉਸ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਇਹ ਸਿਰਫ਼ ਵਿਆਹੁਤਾ ਵਿਵਾਦ ਨਾਲ ਜੁੜਿਆ ਮਾਮਲਾ ਹੈ। ਸੁਣਵਾਈ ਦੌਰਾਨ ਕੇਂਦਰੀ ਏਜੰਸੀ ਐਨਆਈਏ ਨੇ ਦਲੀਲ ਦਿੱਤੀ ਸੀ ਕਿ ਰਿਆਸ ਕੋਲੋਂ ਦੋ ਲੈਪਟਾਪ ਜ਼ਬਤ ਕੀਤੇ ਗਏ ਜਿਨ੍ਹਾਂ ‘ਚ ਜਿਹਾਦ ਅੰਦੋਲਨ ਨਾਲ ਸਬੰਧਤ ਸਾਹਿਤ, ਇਸਲਾਮੀ ਬੁਲਾਰੇ ਜ਼ਕੀਰ ਨਾਈਕ ਦੇ ਭਾਸ਼ਣਾਂ ਦੇ ਵੀਡੀਓ ਤੇ ਸੀਰੀਆ ‘ਚ ਯੁੱਧ ਨਾਲ ਸਬੰਧਤ ਵੀਡੀਓ ਸਨ।

ਹਾਲਾਕਿ ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਦੇ ਵੀਡੀਓ ਜਨਤਕ ਹਨ ਤੇ ਜੇਕਰ ਕੋਈ ਵਿਆਕਤੀ ਇਨ੍ਹਾਂ ਨੂੰ ਦੇਖਦਾ ਹੈ ਤਾਂ ਉਸ ਦੇ ਆਧਾਰ ‘ਤੇ ਉਸ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ।

1 COMMENT

Comments are closed.