ਆਧਾਰ ਡੇਟਾ ਦੀ ਸੁਰੱਖਿਆ ਨੂੰ ਸੰਨ੍ਹ…

0
385

ਇਸ ਹਫ਼ਤੇ ਜੇਕਰ ਮੈਨੂੰ ਕਿਸੇ ਸੱਚੇ ਦੇਸ਼ਭਗਤ ਨੂੰ ਪਛਾਣਨ ਤੇ ਉਸ ਦਾ ਨਾਂ ਦੱਸਣ ਲਈ ਕਿਹਾ ਜਾਂਦਾ ਤਾਂ ਮੇਰਾ ਸਿੱਧਾ ਜੁਆਬ ਹੋਣਾ ਸੀ: ਭਾਰਤ ਭੂਸ਼ਣ ਗੁਪਤਾ ਜੋ ਜਲੰਧਰ ਦੇ ਕਸਬੇ ਰਾਮਾਂ ਮੰਡੀ ਵਿੱਚ ਛੋਟਾ ਜਿਹਾ ਕਾਰੋਬਾਰ ਕਰਦਾ ਹੈ। ਉਸ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਸਾਹਮਣੇ ਕਿਸੇ ਅਸਾਧਾਰਨ ਸੂਰਬੀਰਤਾ ਦੇ ਮੁਜ਼ਾਹਰੇ ਜਿਹਾ ਕੋਈ ਕਾਰਜ ਨਹੀਂ ਕੀਤਾ; ਸਗੋਂ ਉਸ ਨੇ ਕੌਮੀ ਸੁਰੱਖਿਆ ਨੂੰ ਖ਼ਤਰਾ ਦੇਖਿਆ ਅਤੇ ਇਸ ਬਾਰੇ ਕੁਝ ਕਰਨ ਦੀ ਸੋਚੀ।
ਪਹਿਲਾਂ ਇਹ ਗੱਲ ਸਪਸ਼ਟ ਕਰ ਦੇਈਏ ਕਿ ਦੇਸ਼ਭਗਤੀ  ਬਹੁਤ ਹੀ ਉਮਦਾ ਭਾਵਨਾ ਹੈ, ਜੋ ਮਨੁੱਖ ਵੱਲੋਂ ਨਿਭਾਈਆਂ ਜਾ ਸਕਣ ਵਾਲੀਆਂ ਹਰ ਤਰ੍ਹਾਂ ਦੀਆਂ ਵਫ਼ਾਦਾਰੀਆਂ ਤੇ ਨਮਕ-ਹਲਾਲੀਆਂ ਵਿੱਚੋਂ ਸਭ ਤੋਂ ਖ਼ਾਲਸ ਹੈ।
ਦੇਸ਼ਭਗਤੀ ਕਿਸੇ ਇੱਕ ਭਾਈਚਾਰੇ ਦਾ ਵਿਸ਼ੇਸ਼ ਅਧਿਕਾਰ ਨਹੀਂ, ਭਾਵੇਂ ਉਹ ਭਾਈਚਾਰਾ ਬਹੁਗਿਣਤੀ ਕਿਉਂ ਨਾ ਹੋਵੇ; ਨਾ ਹੀ ਸੱਤਾਧਾਰੀ ਜਾਂ ਉੱਚ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਦਾ ਇਸ ’ਤੇ ਏਕਾਧਿਕਾਰ ਹੈ।
ਦੇਸ਼ਭਗਤੀ ਸਿਰਫ਼ ਭਗਵੇਂ ਚੋਗੇ ਪਹਿਨਣ; ਜਾਂ ਘੱਟਗਿਣਤੀਆਂ ਦੀ ਕੁੱਟਮਾਰ ਕਰਨ; ਜਾਂ ਟੈਲੀਵਿਜ਼ਨ ਚੈਨਲਾਂ ਉੱਤੇ ਪਾਕਿਸਤਾਨ ਨੂੰ ਗਾਲ੍ਹਾਂ ਕੱਢਣ; ਜਾਂ ਹੋਰਾਂ ਉੱਤੇ ਬਲ ਦੀ ਵਰਤੋਂ ਕਰਕੇ ਉਨ੍ਹਾਂ ਤੋਂ ਉੱਚੀ ਉੱਚੀ ‘ਵੰਦੇ ਮਾਤਰਮ’ ਕਹਾਉਣ ਨਾਲ ਨਹੀਂ ਵਧਦੀ। ਅਤੇ ਯਕੀਨਨ ਇਹ ਕਿਸੇ ਪਾਰਟੀ ਦਾ ਮਸਲਾ ਤਾਂ ਹਰਗਿਜ਼ ਨਹੀਂ। ਦੇਸ਼ ਦੀ ਭਲਾਈ, ਏਕਤਾ ਅਤੇ ਸੁਰੱਖਿਆ ਲਈ ਖ਼ਰੀ ਫ਼ਿਕਰਮੰਦੀ ਹੀ ਦੇਸ਼ਭਗਤੀ ਹੈ।
ਭਾਰਤ ਭੂਸ਼ਣ ਗੁਪਤਾ ਤੋਂ ਬਿਹਤਰ ਢੰਗ ਨਾਲ ਕਿਸੇ ਨੇ ਵੀ ਦੇਸ਼ਭਗਤੀ ਨੂੰ ਸਾਕਾਰ ਰੂਪ ਨਹੀਂ ਦਿੱਤਾ। ਜਦੋਂ ਹੀ ਉਸ ਨੇ ਮਹਿਸੂਸ ਕੀਤਾ ਕਿ ਸਮੁੱਚੇ ਆਧਾਰ ਨੈੱਟਵਰਕ ਵਿੱਚ ਬਹੁਤ ਵੱਡੀ ਚੋਰ-ਮੋਰੀ ਹੈ ਅਤੇ ਰਾਸ਼ਟਰ-ਵਿਰੋਧੀ ਤੱਤਾਂ ਵੱਲੋਂ ਇਸ ਖ਼ਾਮੀ ਦਾ ਫ਼ਾਇਦਾ ਉਠਾਇਆ ਜਾ ਸਕਦਾ ਹੈ ਤਾਂ ਉਸ ਨੇ ਇਸ ਸਬੰਧੀ ਕੁਝ ਕਰਨ ਬਾਰੇ ਸੋਚਿਆ। ਉਸ ਨੇ ਸਬੰਧਿਤ ‘ਅਧਿਕਾਰੀਆਂ’ ਨੂੰ ਸੰਪਰਕ ਕਰਨ ਦੀ ਜਿੰਨੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਕੀਤੀ। ਪਰ ਜਿਵੇਂ ਅਕਸਰ ਹੁੰਦਾ ਹੈ, ‘ਅਧਿਕਾਰੀਆਂ’ ਦੀ ਆਪਣੀ ਵਜ੍ਹਾ ਅਤੇ ਆਪਣੀ ਸੁਰ ਹੁੰਦੀ ਹੈ ਕਿ ਕਦੋਂ ਕਾਰਵਾਈ ਕਰਨੀ ਹੈ ਤੇ ਕਦੋਂ ਨਹੀਂ। ਗੁਪਤਾ ਦੀ ਗੱਲ ਨੂੰ ਅਣਗੌਲਿਆ ਕੀਤਾ ਤੇ ਠੁਕਰਾਇਆ ਜਾਂਦਾ ਰਿਹਾ। ਇਹ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂ, ਇਹ ਸਪਸ਼ਟ ਅਪਰਾਧਿਕ ਅਣਗਹਿਲੀ ਹੈ (ਜਿਸ ਲਈ ਸਾਡੀ ਨਿਯਮਾਵਲੀ ਵਿੱਚ ਕਿਸੇ ਸਜ਼ਾ ਦਾ ਵਿਧਾਨ ਨਹੀਂ ਹੈ)।
ਇਸ ਮਾਮਲੇ ਦੇ ਸਰਕਾਰੀ ਉਦਾਸੀਨਤਾ ਅਤੇ ਬੇਪਰਵਾਹੀ ਕਾਰਨ ਰੁਲ ਜਾਣ ਤੋਂ ਅਸੰਤੁਸ਼ਟ ਗੁਪਤਾ ਨੇ ‘ਟ੍ਰਿਬਿਊਨ’ ਨਾਲ ਸੰਪਰਕ ਕੀਤਾ। ਮੇਰੀ ਸਹਿਕਰਮੀ ਰਚਨਾ ਖਹਿਰਾ ਨੇ ਆਧਾਰ ਡੇਟਾ ਦੀ ਸੁਰੱਖਿਆ ਨੂੰ ਸੰਨ੍ਹ ਦੀਆਂ ਸੰਭਾਵਨਾਵਾਂ ਉਜਾਗਰ ਕਰਨ ਦਾ ਉੱਦਮ ਕੀਤਾ।
ਕਈ ਵਾਰ ਕੋਈ ਖ਼ਬਰ ਮਹਿਜ਼ ਪੱਤਰਕਾਰੀ ਅਮਲ ਤੋਂ ਵਧ ਕੇ ਹੁੰਦੀ ਹੈ; ਇਹ ਰਾਸ਼ਟਰੀ ਹਿੱਤ ਵਿੱਚ ਕੀਤਾ ਗਿਆ ਕਾਰਜ ਹੁੰਦਾ ਹੈ। ਰਚਨਾ ਖਹਿਰਾ ਦੀ ਖ਼ਬਰ ਦੇਸ਼ ਸੇਵਾ ਦਾ ਕਾਰਜ ਸੀ।
ਅਤੇ ਸਰਕਾਰ ਦੀ ਇਸ ਉੱਤੇ ਕੀ ਪ੍ਰਤੀਕਿਰਿਆ ਸੀ?
ਆਧਾਰ ਡੇਟਾ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ। ਡੇਟਾ ਨੂੰ ਕਿਸੇ ਰੂਪ ’ਚ ਸੰਨ੍ਹ ਨਾ ਲਾਏ ਜਾ ਸਕਣ ਦੀ ਮੁੜ ਪੁਸ਼ਟੀ ਕੀਤੀ ਗਈ। ਇਸ ਮਾਮਲੇ ਸਬੰਧੀ ਐੱਫਆਈਆਰ ਦਰਜ ਕਰ ਦਿੱਤੀ ਗਈ।
ਦਲੀਲ ਦਿੱਤੀ ਜਾ ਸਕਦੀ ਹੈ ਕਿ ਸਰਕਾਰ ਇਹ ਗੱਲ ਸਵੀਕਾਰ ਕਰਕੇ ਕਿਸੇ ਕਿਸਮ ਦੀ ਸਨਸਨੀ ਨਹੀਂ ਫੈਲਾਉਣਾ ਚਾਹੁੰਦੀ। ਪਰ ਫ਼ਿਕਰਮੰਦ ਨਾਗਰਿਕਾਂ ਨੂੰ ਇਹ ਯਕੀਨ ਦਿਵਾਉਣਾ ਸਰਕਾਰ ਦੀ ਵਡੇਰੀ ਜ਼ਿੰਮੇਵਾਰੀ ਹੈ ਕਿ ਸਰਕਾਰ ਡੇਟਾ ਨੂੰ ਸੰਨ੍ਹ ਲੱਗਣ ਦੀਆਂ ਸੰਭਾਵਨਾਵਾਂ ਅਤੇ ਸਿੱਟਿਆਂ ਬਾਰੇ ਚੌਕਸ ਹੈ।
ਕਿਸੇ ਵੀ ਤਕਨਾਲੋਜੀ ਦੇ ਨੁਕਸਰਹਿਤ ਹੋਣ ਸਬੰਧੀ ਆਪਣੇ ਅਧਿਕਾਰਕ ਦਾਅਵੇ ਹੁੰਦੇ ਹਨ। ਕਿਸੇ ਨਾ ਕਿਸੇ ਵਿਸ਼ੇਸ਼ ਤਕਨਾਲੋਜੀ ਦੀ ਸਰਬਉੱਚਤਾ ਆਧੁਨਿਕ ਯੁੱਗ ਦਾ ਨਵਾਂ ਧਰਮ ਬਣ ਗਈ ਹੈ। ਕੋਈ ਵੀ ਇਸ ਸਾਧਾਰਨ ਤੱਥ ਉੱਤੇ ਸੋਚ-ਵਿਚਾਰ ਨਹੀਂ ਕਰਨਾ ਚਾਹੁੰਦਾ: ਆਖ਼ਰਕਾਰ ਕੋਈ ਵੀ ਤਕਨਾਲੋਜੀ ਕਿਸੇ ਜ਼ਹੀਨ ਮਨੁੱਖੀ ਦਿਮਾਗ਼ ਦੀ ਕਾਢ ਹੈ- ਅਤੇ ਇਹ ਸੰਭਵ ਹੈ ਕਿ ਇਸ ਦੀ ਕਾਢ    ਕੱਢਣ ਵਾਲੇ ਦਿਮਾਗ਼ ਤੋਂ ਵੀ ਵਧੇਰੇ ਸ਼ਾਤਿਰ ਅਤੇ     ਵਧੇਰੇ ਖ਼ੁਰਾਫਾਤੀ ਦਿਮਾਗ਼ ਵਾਲਾ ਕੋਈ ਵਿਅਕਤੀ ਇਸ ਦਾ ਤੋੜ ਲੱਭ ਲਵੇ। ਸਾਈਬਰ ਸੁਰੱਖਿਆ ਦੀ ਸਮੁੱਚੀ ਦੁਨੀਆਂ ਏਨੀ ਲੁਭਾਉਣੀ ਹੈ, ਜੋ ਪੂਰੀ ਦੁਨੀਆਂ ਵਿੱਚ ਖ਼ੁਰਾਫਾਤੀ ਦਿਮਾਗ਼ ਵਾਲੇ ਵਿਅਕਤੀਆਂ ਨੂੰ ਤਕਨਾਲੋਜੀ ਦੇ ਤੋੜ ਲੱਭਣ ਲਈ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀ ਹੈ।
ਆਧਾਰ ਕਿਸੇ ਗ਼ਲਤ ਧਾਰਨਾ ਤਹਿਤ ਸ਼ੁਰੂ ਕੀਤਾ ਗਿਆ ਪ੍ਰਾਜੈਕਟ ਨਹੀਂ ਹੈ, ਪਰ ਇਸ ਦੇ ਸੁਰੱਖਿਅਤ ਅਤੇ ਨੁਕਸਰਹਿਤ ਹੋਣ ਦਾ ਪੂਰੀ ਤਰ੍ਹਾਂ ਯਕੀਨ ਦਿਵਾਉਣਾ ਹਾਲੇ ਬਾਕੀ ਹੈ। ਇਹ ਯਕੀਨ ਦਿਵਾਉਣਾ ‘ਦੇਸ਼ਭਗਤਾਂ’ ਦੀ ਜ਼ਿੰਮੇਵਾਰੀ ਹੈ।
ਕੁੱਲ ਅਠਾਰਾਂ ਸਾਲਾਂ ਦੇ ਤਿੰਨ ਕਾਰਜਕਾਲਾਂ ਮਗਰੋਂ ਜਨਾਰਦਨ ਦਿਵੇਦੀ ਨੇ ਮੈਂਬਰ ਵਜੋਂ ਰਾਜ ਸਭਾ ਨੂੰ ਅਲਵਿਦਾ ਆਖੀ। ਕੁਝ ਸਾਲ ਪਹਿਲਾਂ ਤਕ ਉਹ ਕਾਂਗਰਸ ਪਾਰਟੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਸਨ। ਅਫ਼ਸੋਸ ਦੀ ਗੱਲ ਇਹ ਹੈ ਕਿ ਪਾਰਟੀ ਉਨ੍ਹਾਂ ਨੂੰ ਹੋਰ ਇੱਕ ਵਾਰ ਰਾਜ ਸਭਾ ਲਈ ਚੁਣਨ ਦੀ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਦੀ ਰੁਖ਼ਸਤਗੀ- ਅਤੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣ ’ਚ ਉਨ੍ਹਾਂ ਦੀ ਪਾਰਟੀ ਦੀ ਅਸਮਰੱਥਾ- ਭਾਰਤੀ ਸਿਆਸਤ ਦੇ ਬਦਲੇ ਸੁਭਾਅ ਦੀ ਕਹਾਣੀ ਕਹਿੰਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਸੋਨੀਆ ਦੇ ਯੁੱਗ ਦਾ ਅੰਤ ਹੋ    ਰਿਹਾ ਹੈ।
ਦਿਵੇਦੀ ਜੀ, ਜਿਵੇਂ ਉਨ੍ਹਾਂ ਨੂੰ ਆਮ ਤੌਰ ’ਤੇ ਆਖਿਆ ਜਾਂਦਾ ਹੈ, 24, ਅਕਬਰ ਰੋਡ ’ਤੇ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਭ ਤੋਂ ਪੁਰਾਣੇ ਅਹੁਦੇਦਾਰਾਂ ਵਿੱਚੋਂ ਇੱਕ ਹੋਣਗੇ। ਮੈਂ ਜਦੋਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਿਆ, ਉਹ ਸਿਰਫ਼ ਜਾਇੰਟ ਸੈਕਟਰੀ ਸਨ ਅਤੇ ਏਆਈਸੀਸੀ ਦੇ ਹੈੱਡਕੁਆਰਟਰ ਵਾਲੀ ਮੁੱਖ ਇਮਾਰਤ ਦੇ ਪਿਛਲੇ ਪਾਸੇ ਇੱਕ ਛੋਟੀ, ਤੰਗ ਜਿਹੀ ਥਾਂ ਤੋਂ ਆਪਣਾ ਕੰਮਕਾਜ ਚਲਾਉਂਦੇ ਸਨ। ਆਖ਼ਰਕਾਰ, ਉਨ੍ਹਾਂ ਨੇ ਜਨਰਲ ਸਕੱਤਰਾਂ ਨੂੰ ਦਿੱਤੇ ਜਾਂਦੇ ਖੁੱਲ੍ਹੇ-ਡੁੱਲ੍ਹੇ ਕਮਰਿਆਂ ਵਿੱਚੋਂ ਇੱਕ ਵਿੱਚ ਆਪਣਾ ਡੇਰਾ ਲਾ ਲਿਆ। ਕਾਂਗਰਸੀ ਸਫ਼ਾਂ ਵਿੱਚ ਉਨ੍ਹਾਂ ਦਾ ਲਗਾਤਾਰ ਲੰਮਾ ਸਮਾਂ ਉਭਾਰ ਇਸ ਪੁਰਾਣੀ ਪਾਰਟੀ ਦੀਆਂ ਸਥਾਪਿਤ ਰਵਾਇਤਾਂ ਨੂੰ ਵੀ ਦਰਸਾਉਂਦਾ ਹੈ। ਇਹ ਪਾਰਟੀ ਨਾ ਸਿਰਫ਼ ਪ੍ਰਤਿਭਾ ਦੀ ਸ਼ਨਾਖਤ ਕਰਦੀ ਹੈ ਸਗੋਂ ਪਾਰਟੀ ਪ੍ਰਤੀ ਸਮਰਪਣ ਨੂੰ ਵਿਕਸਿਤ ਕਰਦੀ ਅਤੇ ਵਫ਼ਾਦਾਰੀ ਦਾ ਸਿਲਾ ਦਿੰਦੀ ਹੈ।
ਉਹ ਅਜਿਹੀ ਪਾਰਟੀ ਵਿੱਚ ਹਿੰਦੀ ਭਾਸ਼ਾ ਉੱਤੇ ਆਪਣੀ ਪਕੜ ਲਈ ਜਾਣੇ ਜਾਣ ਲੱਗੇ ਜਿਸ ਵਿੱਚ ਅੰਗਰੇਜ਼ੀ ਦੀ ਮੁਹਾਰਤ ਰੱਖਣ ਵਾਲਿਆਂ ਦੀ ਭਰਮਾਰ ਸੀ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜਵਾਦੀ ਵਿਚਾਰਾਂ ਅਤੇ ਵੋਟਰਾਂ ਨੂੰ ਵੀ ਪਾਰਟੀ ਨਾਲ ਜੋੜਿਆ।
ਉਹ ਭਾਵੇਂ ਪੱਤਰਕਾਰਾਂ ਨੂੰ ਕਦੇ ਵੀ ਇਹ ਗੱਲ ਨਹੀਂ ਮੰਨਵਾ ਸਕੇ ਕਿ ਉਹ ਇੱਕ ਮਹਾਨ ਸੰਸਦ ਮੈਂਬਰ ਸਨ, ਪਰ ਤਿੰਨ ਵਾਰ ਰਾਜ ਸਭਾ ਸੀਟ ਮਿਲਣਾ ਪਾਰਟੀ ਵੱਲੋਂ ਉਨ੍ਹਾਂ ਦੀ ਲਾਹੇਵੰਦਗੀ ਨੂੰ ਮਾਨਤਾ ਦੇਣ ਦਾ ਤਰੀਕਾ ਸੀ। ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਉੱਤੇ ਕਸੀ ਗਈ ਫੱਬਤੀ: ‘‘ਮੁੰਗੇਰੀ ਲਾਲ ਕੇ ਹਸੀਨ ਸਪਨੇ’’ ਘੜਨ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝਦਾ ਹੈ। ਇਹ ਤੁਕ ਸੋਨੀਆ ਗਾਂਧੀ ਦੇ ਸਿਆਸਤ ਦੀ ਪੌੜੀ ਚੜ੍ਹਨ ਦਾ ਸੰਕੇਤ ਸੀ।
ਮੈਂ ਦਿਵੇਦੀ ਜੀ ਨੂੰ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜਾਣਦਾ ਹਾਂ। ਅਸੀਂ ਅਕਾਊ ਲਹਿਜੇ ਨਾਲ ਸ਼ੁਰੂਆਤ ਕੀਤੀ ਕਿਉਂਕਿ ਮੈਂ ਸੋਚਿਆ- ਜਾਂ, ਇਹ ਕਹੀਏ ਕਿ ਮੈਨੂੰ ਦੱਸਿਆ ਗਿਆ ਸੀ- ਉਹ ਬ੍ਰਾਹਮਣਵਾਦੀ ਜੁੰਡਲੀ ਦਾ ਹਿੱਸਾ ਸਨ। ਮੈਨੂੰ ਗ਼ਲਤ ਸੂਚਨਾ ਦਿੱਤੀ ਗਈ ਸੀ। ਕੁਝ ਸਾਲ ਲੰਘਣ ਮਗਰੋਂ ਸਾਡਾ ਆਪਸੀ ਸਤਿਕਾਰ ਵਾਲਾ ਰਿਸ਼ਤਾ ਬਣ ਗਿਆ। ਮੈਨੂੰ ਉਨ੍ਹਾਂ ਨਾਲ ਵਿਚਾਰ-ਵਟਾਂਦਰਿਆਂ ਦਾ ਫ਼ਾਇਦਾ ਹੋਇਆ ਕਿਉਂਕਿ ਕਾਂਗਰਸ ਪਾਰਟੀ ਦਾ ਮਿਜ਼ਾਜ ਅਤੇ ਸੰਸਥਾਗਤ ਇਤਿਹਾਸ ਉਨ੍ਹਾਂ ਨੂੰ ਕਮਾਲ ਦੀ ਹੱਦ ਤਕ ਯਾਦ ਹੈ। ਮੇਰੀ ਇੱਛਾ ਹੈ ਕਿ ਉਨ੍ਹਾਂ ਦੀ ਆਪਣੀਆਂ ਯਾਦਾਂ ਲਿਖਣ ਵਿੱਚ ਰੁਚੀ ਹੋਵੇ ਅਤੇ ਉਹ ਇਸ ਲਈ ਸਮਾਂ ਕੱਢ ਸਕਣ।
ਇੱਕ ਸੁਆਲ ਪੁੱਛਣਾ ਬਣਦਾ ਹੈ: ਕੀ ਅਜੋਕੀ ਭਾਰਤੀ ਸਿਆਸਤ ਵਿੱਚ ਕਿਸੇ ਜਨਾਰਦਨ ਦਿਵੇਦੀ ਦੀ ਜ਼ਰੂਰਤ ਹੈ? ਉਹ ਉਸ ਯੁੱਗ ਨਾਲ ਸਬੰਧ ਰੱਖਦੇ ਹਨ ਅਤੇ ਉਦੋਂ ਪ੍ਰਵਾਨ ਚੜ੍ਹੇ ਜਦੋਂ ਸਾਡੇ ਸਿਆਸੀ ਅਮਲ ਵਿੱਚ ਹਾਲੇ ਸੂਖ਼ਮ ਢੰਗ ਨਾਲ ਸੰਵਾਦ ਰਚਾਇਆ ਜਾਂਦਾ ਸੀ; ਅੱਜ ਅਸੀਂ ਆਪਣੇ ਵਿਰੋਧੀਆਂ ’ਤੇ ਚੀਕਣਾ ਸ਼ੁਰੂ ਕਰ ਦਿੱਤਾ ਹੈ। ਉਹ ਅੱਜ ਦੇ ਟੈਲੀਵਿਜ਼ਨ ਸਟੂਡੀਓਜ਼ ਵਿੱਚ ਰਾਤ ਦੇ ਲੜਾਈਨੁਮਾ ਸ਼ੋਅਜ਼ ਵਿੱਚ ਬਹੁਤ ਬੁਰੇ ਮਹਿਮਾਨ ਸਾਬਿਤ ਹੋਣਗੇ।
ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਬਹੁਤ ਅਸਾਧਾਰਨ ਘਟਨਾ ਵਾਪਰੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਹਰਸਾ ਜ਼ਿਲ੍ਹੇ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੂੰ ‘ਕਾਲੀਆਂ ਝੰਡੀਆਂ’ ਦਿਖਾਉਣ ਵਾਲੇ ਨੌਜਵਾਨਾਂ ਦਾ ਟੋਲਾ ਅਚਾਨਕ ਦਿਖਾਈ ਦਿੱਤਾ। ਪੁਲੀਸ ਕਰਮਚਾਰੀ ਸਰਗਰਮ ਹੋ ਗਏ ਅਤੇ – ਆਪਣੀ ਆਦਤ ਅਤੇ ਪ੍ਰਤੀਕਿਰਿਆ ਵਜੋਂ- ਪ੍ਰਦਰਸ਼ਨਕਾਰੀਆਂ ਉੱਤੇ ਝਪਟਣ ਹੀ ਲੱਗੇ ਸਨ।
ਮੁੱਖ ਮੰਤਰੀ ਨੇ ਫੌਰੀ ਦਖ਼ਲ ਦਿੱਤਾ ਅਤੇ ਪੁਲੀਸ ਵਾਲਿਆਂ ਨੂੰ ਕਿਹਾ ਕਿ ਮੁੰਡੇ ਜੋ ਕਰਦੇ ਹਨ, ਉਨ੍ਹਾਂ ਨੂੰ ਕਰਨ ਦੇਣ। ਉਨ੍ਹਾਂ ਨੇ ਪੁਲੀਸ ਵਾਲਿਆਂ ਨੂੰ ਕਿਹਾ ਕਿ ਇਹ ਤੱਤ ਵਿਘਨ ਪਾ ਕੇ ਤਮਾਸ਼ਾ ਖੜ੍ਹਾ ਕਰਨਾ ਚਾਹੁੰਦੇ ਹਨ, ਸੋ ਉਨ੍ਹਾਂ ਨੂੰ ਇਹ ਬਹਾਨਾ ਕਿਉਂ ਦਿੱਤਾ ਜਾਵੇ, ਇਸ ਮਾਮਲੇ ਵੱਲ ਮੀਡੀਆ ਦਾ ਧਿਆਨ ਕਿਉਂ ਖਿੱਚਿਆ ਜਾਵੇ। ਅਤੇ ਉਨ੍ਹਾਂ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ ਕਿ ਕਾਲੇ ਰੰਗ ਵਿੱਚ ਕੀ ਬੁਰਾਈ ਹੈ?
ਖ਼ਬਰ ਇਹ ਵੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਟਿੱਪਣੀ ਕੀਤੀ, ‘‘ਵਿਰੋਧ ਜਮਹੂਰੀਅਤ ਨੂੰ ਖ਼ੂਬਸੂਰਤੀ ਬਖ਼ਸ਼ਦਾ ਹੈ।’’ ਕਿੰਨੀ ਸਿਆਣਪ ਭਰਪੂਰ ਟਿੱਪਣੀ ਹੈ! ਦਿੱਲੀ ਦੇ ਲੁਟੀਅਨਜ਼’ ਜ਼ੋਨ ਦੇ ਆਪਣੇ ਸੁਵਿਧਾ ਖੇਤਰ ਵਿੱਚੋਂ ਬਾਹਰ ਨਿਕਲਣ ਸਮੇਂ ਸਾਡੇ ਨਵੇਂ ਹੁਕਮਰਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਮੁਕੰਮਲ ਸੁਰੱਖਿਆ ਛੱਤਰੀ ਦੇ ਰੁਝਾਨ ਤੋਂ ਇਹ ਨਜ਼ਰੀਆ ਬਿਲਕੁਲ ਉਲਟ ਹੈ।
ਪਿਛਲੇ ਦੋ ਦਹਾਕਿਆਂ ਵਿੱਚ ਸਾਡੀ ਜਮਹੂਰੀਅਤ ਸੁਰੱਖਿਆ ਦੀ ਨਵੀਂ ਰੀਤ ਪ੍ਰਤੀ ਸਹਿਜ ਹੋ ਗਈ ਹੈ। ਕ੍ਰਿਸ਼ਮਈ ਮੰਨੇ ਜਾਣ ਵਾਲੇ ਆਗੂਆਂ ਵਿੱਚ ਹੁਣ ਸੁਰੱਖਿਆ ਛਤਰੀ ਬਿਨਾਂ ਤੁਰਨ ਦਾ ਹੌਸਲਾ ਨਹੀਂ ਰਿਹਾ।

ਅਸੀਂ ਸਾਰੇ ਜਾਣਦੇ ਹਾਂ ਕਿ ਨਵੇਂ ਵਰ੍ਹੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵ੍ਹਾਈਟ ਹਾਊਸ ਵਾਪਸ ਆ ਗਏ ਅਤੇ ਟਵਿੱਟਰ ਉੱਤੇ ਤੁਰੰਤ ਵਿਦੇਸ਼ੀ ਸਰਕਾਰਾਂ ਨੂੰ ਹਮਲਾਵਰ ਰੁਖ਼ ਵਾਲੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਉੱਤਰੀ ਕੋਰੀਆ ਦੇ ਨਿਜ਼ਾਮ ਪ੍ਰਤੀ ਸਭ ਤੋਂ ਵੱਧ ਧਮਕੀ ਭਰਿਆ ਟਵੀਟ ਕੀਤਾ।
ਅਮਰੀਕੀ ਰਾਸ਼ਟਰਪਤੀ ਦੇ ਗੁੱਸੇ ਭਰੇ ਟਵੀਟਸ ਮਗਰੋਂ ਪੈਦਾ ਹੋਈ ਸਾਰੀ ਉਤਸੁਕਤਾ ਅਤੇ ਸ਼ੁਰੂ ਹੋਈ ਤੁਹਮਤਬਾਜ਼ੀ ਦੇ ਦਰਮਿਆਨ ਇੱਕ ਕਾਨੂੰਨੀ ਸਵਾਲ ਉੱਠਿਆ: ਕੀ ਸ੍ਰੀ ਟਰੰਪ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਧਮਕੀਆਂ ਦੇਣ ਲਈ ਵਰਤਿਆ। ‘ਨਿਊ ਯੌਰਕਰ’ ਵਿੱਚ ਕੀਤੀ ਗਈ ਸੰਖੇਪ ਟਿੱਪਣੀ ਮੁਤਾਬਿਕ ਕੰਪਨੀ ਨੇ ਸੋਚਿਆ ਕਿ ਅਮਰੀਕੀ ਰਾਸ਼ਟਰਪਤੀ ਪੂਰੀ ਤਰ੍ਹਾਂ ਦੋਸ਼ੀ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਕੋਈ ‘ਵਿਸ਼ੇਸ਼ ਧਮਕੀ’ ਨਹੀਂ ਦਿੱਤੀ।
ਸਾਰੇ ਐਵੇਂ ਹੀ ਕੀੜੇ ਕੱਢਦੇ ਰਹਿੰਦੇ ਹਨ।

ਕੀ ਸਰਦੀ ਲਵਾਉਣ ਦਾ ਕੋਈ ਸੁਚੱਜਾ ਢੰਗ ਵੀ ਹੁੰਦਾ ਹੈ? ਹਰ ਸਾਲ ਸਰਦੀ ਆਉਂਦੀ ਹੈ ਅਤੇ ਮੌਸਮ ਖ਼ਰਾਬ ਵੀ ਹੁੰਦਾ ਹੈ। ਹਰ ਸਾਲ ਸਰਦ ਰੁੱਤ ਦੀ ਆਮਦ ਤੋਂ ਪਹਿਲਾਂ ਅਖ਼ਬਾਰ, ਰਸਾਲੇ ਅਤੇ ਟੈਲੀਵਿਜ਼ਨ ਸ਼ੋਅ ਇਸ ਮੌਸਮ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀਆਂ ਸਲਾਹਾਂ ਨਾਲ ਭਰੇ ਹੁੰਦੇ ਹਨ। ‘ਸਾਵਧਾਨੀਆਂ’ ਵਰਤਣ ਅਤੇ ਘਰੇਲੂ ‘ਓਹੜ ਪੋਹੜ’ ਕਰਨ ਦੇ ਬਾਵਜੂਦ ਹਰ ਸਾਲ ਅਸੀਂ ਬਿਮਾਰ ਪੈ ਹੀ ਜਾਂਦੇ ਹਾਂ।
ਬਿਮਾਰ ਹੋਣ ਕਰਕੇ ਪੁਰਾਣੇ ਭਰੋਸੇਯੋਗ ਡਾਕਟਰ ਕੋਲ ਜਾਣਾ ਮੈਂ ਟਾਲ ਨਾ ਸਕਿਆ। ਬੇਸ਼ੱਕ, ਉਸ ਨੇ ਆਮ ਤੌਰ ’ਤੇ ਦਿੱਤੀ ਜਾਣ ਵਾਲੀ ਐਂਟੀਬਾਇਓਟਿਕਸ ਦੀ ਖ਼ੁਰਾਕ ਲੈਣ ਦੀ ਸਲਾਹ ਹੀ ਦਿੱਤੀ, ਪਰ ਉਸ ਨੇ ਠੀਕ ਹੋ ਜਾਣ ਦਾ ਭਰੋਸਾ ਦਿੰਦਿਆਂ ਜ਼ੋਰ ਦੇ ਕੇ ਕਿਹਾ, ‘‘ਕੌਫ਼ੀ ਪੀਣੀ ਬੰਦ ਨਾ ਕਰਿਓ।’’
ਕੀ ਕੋਈ ਹੋਰ ਕੌਫ਼ੀ ਪੀਣ ਦਾ ਚਾਹਵਾਨ ਹੈ?

 ਕੌਫ਼ੀ ਤੇ ਗੱਪ-ਸ਼ੱਪ : ਹਰੀਸ਼ ਖਰੇ