ਲਾਹੌਰ ਯੂਨੀਵਰਸਿਟੀ ਵਿਚ ਪੰਜਾਬੀ ਪੜਾਏਗੀ ਪ੍ਰੋ: ਸਾਇਰਾ

0
474

ਲਾਹੌਰ :  (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਿਜ਼ ਵਿਚ ਅਗਲੇ ਵਰ੍ਹੇ ਦੇ ਆਰੰਭ ਤੋਂ ਪ੍ਰੋ: ਸਾਇਰਾ ਕਾਜ਼ਮੀ ਐੱਮ.ਏ. ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਏਗੀ | ਮੌਜੂਦਾ ਸਮੇਂ ਪ੍ਰੋ: ਸਾਇਰਾ ਯੂਨੀਵਰਸਿਟੀ ‘ਚ ਇਤਿਹਾਸ ਦੀ ਪ੍ਰੋਫੈਸਰ ਹੈ | ਉਸ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ, ਜਿਸ ਪਰਿਵਾਰ ਵਿਚ ਜੰਮੀ-ਪਲੀ ਉਸ ਵਿਚ ਉਰਦੂ ਜ਼ੁਬਾਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ, ਪਰ ਕਾਲਜ ਵਿਚ ਪੜ੍ਹਾਈ ਦੇ ਦੌਰਾਨ ਪੰਜਾਬੀ ਸੂਫ਼ੀ ਸ਼ਾਇਰਾਂ ਦੇ ਕਲਾਮ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਨੇ ਨਾ ਸਿਰਫ਼ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਸਗੋਂ ਉਸ ਨੂੰ ਆਪਣੀ ਬੋਲਚਾਲ ਦੀ ਭਾਸ਼ਾ ਵਿਚ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ | ਉਸ ਨੇ ਕਿਹਾ ਕਿ ਕੋਈ ਵੀ ਕੌਮ ਅਤੇ ਖੇਤਰ ਦੇ ਲੋਕ ਆਪਣੀ ਆਪਣੀ ਜ਼ੁਬਾਨ (ਮਾਂ ਬੋਲੀ) ਤੋਂ ਇਲਾਵਾ ਕਿਸੇ ਹੋਰ ਜ਼ੁਬਾਨ ਵਿਚ ਤਰੱਕੀ ਨਹੀਂ ਕਰ ਸਕਦੇ | ਪ੍ਰੋ: ਸਾਇਰਾ ਨੇ ਕਿਹਾ ਕਿ ਪੰਜਾਬ ਸੂਬੇ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਸੂਬਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਜਦੋਂਕਿ ਸਰਕਾਰ ਵਲੋਂ ਇਸ ਮਾਮਲੇ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ | ਉਸ ਨੇ ਪੰਜਾਬ ਦੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਗਰੈਜੂਏਸ਼ਨ ਤੱਕ ਪੰਜਾਬੀ ਨੂੰ ਵਿਸ਼ੇ ਦੇ ਤੌਰ ‘ਤੇ ਲਾਗੂ ਕਰਨ, ਪੰਜਾਬ ਅਸੈਂਬਲੀ ਵਿਚ ਪੰਜਾਬੀ ਬੋਲਣ ‘ਤੇ ਲਾਈ ਗਈ ਪਾਬੰਦੀ ਨੂੰ ਖ਼ਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਮੌਜੂਦਾ ਸਮੇਂ ‘ਪੰਜਾਬੀ ਪੜ੍ਹੋ ਤੇ ਪੰਜਾਬੀ ਪੜ੍ਹਾਓ’ ਮੁਹਿੰਮ ਵਿਚ ਪੂਰੀ ਜੱਦੋ-ਜਹਿਦ ਨਾਲ ਕੰਮ ਕਰ ਰਹੀ ਹੈ ਅਤੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਵੀ ਇਸ ਵਿਚ ਪੂਰੀ ਤਨਦੇਹੀ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ |