ਰਾਮਰਹੀਮ ਦੇ ਪਾਜ ਨੂੰ ਉਧੇੜਨ ਵਾਲੀ ਇੱਕ ਕਿਤਾਬ

0
416

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ ਕਾਰਨਾਮਿਆਂ ਦਾ ਰਾਜ਼ ਖੋਲ੍ਹਦੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ, ਜਿਸ ਵਿੱਚ ਉਸ ਦੇ ਸਾਧਾਰਨ ਖੇਤੀਬਾੜੀ ਕਰਦੇ ਪਰਿਵਾਰ ਤੋਂ ਲੈ ਕੇ ਡੇਰੇ ਦੇ ਮੁਖੀ ਵਜੋਂ ਤਾਕਤਵਰ ਇਨਸਾਨ ਤੇ ਸਵੈਘੋਸ਼ਿਤ ਭਗਵਾਨ ਬਣਨ ਦੀ ਕਹਾਣੀ ਦੱਸੀ ਗਈ ਹੈ। 13 ਅਪ੍ਰੈਲ ਨੂੰ ਰਿਲੀਜ਼ ਕੀਤੀ ਇਹ ਕਿਤਾਬ ਕੁਝ ਹੀ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਅਨੁਰਾਗ ਤ੍ਰਿਪਾਠੀ ਵੱਲੋਂ ਲਿਖੀ ਗਈ ਕਿਤਾਬ ਦਾ ਸਿਰਲੇਖ ‘ਡੇਰਾ ਸੱਚਾ ਸੌਦਾ ਤੇ ਗੁਰਮੀਤ ਰਾਮ ਰਹੀਮ: ਇੱਕ ਦਹਾਕਾ ਲੰਮੀ ਖੋਜ’ ਹੈ। ਕਿਤਾਬ ਨੇ ਆਪਣੀ ਸ਼ਕਲ 2007 ਵਿੱਚ ਕੀਤੀ ਗਈ ਪੱਤਰਕਾਰ ਦੀ ਪੜਤਾਲ ਤੋਂ ਲੈਣੀ ਸ਼ੁਰੂ ਕੀਤੀ ਤੇ ਇਸ ਨੇ ਰਾਮ ਰਹੀਮ ਦੇ ਸਾਰੇ ਅਪਰਾਧਿਕ ਕਾਰਜਾਂ ਨੂੰ ਆਪਣੇ ਅੰਦਰ ਕੀਤਾ ਹੋਇਆ ਹੈ।
ਰਾਮ ਰਹੀਮ ਦੇ ਕਤਲਾਂ, ਜਿਣਸੀ ਸੋਸ਼ਣ, ਜ਼ਬਰਦਸਤੀ ਨਾਮਰਦ ਬਣਾਉਣ, ਨਿਜੀ ਫ਼ੌਜ, ਹਥਿਆਰਾਂ ਦਾ ਗ਼ੈਰ ਕਾਨੂੰਨੀ ਧੰਦਾ, ਅਫ਼ੀਮ ਤੇ ਭੂ ਮਾਫੀਆ ਦੀ ਇਸ ਕਹਾਣੀ ਨੂੰ ਪੈਂਗੁਇਨ ਪ੍ਰਕਾਸ਼ਕ ਨੇ ਛਾਪਿਆ ਹੈ। ਕਿਤਾਬ ਦੇ ਲੇਖਕ ਅਨੁਰਾਗ ਤ੍ਰਿਪਾਠੀ ਦੱਸਦੇ ਹਨ ਕਿ ਡੇਰੇ ਦੇ ਪਹਿਲੇ ਦੋ ਮੁਖੀਆਂ ਤੋਂ ਬਿਲਕੁਲ ਵੱਖਰੇ ਰਾਮ ਰਹੀਮ ਦਾ ਫਲਸਫ਼ਾ ਰੂਹਾਨੀਅਤ ਤੋਂ ਕੋਹਾਂ ਦੂਰ ਸੀ ਤੇ ਉਸ ਦਾ ਇੱਕੋ ਇੱਕ ਮਕਸਦ ਤਾਕਤ ਨੂੰ ਆਪਣੇ ਵਸ ਵਿੱਚ ਕਰਨਾ ਸੀ।
ਲੇਖਕ ਨੇ ਆਪਣੀ ਕਿਤਾਬ ਵਿੱਚ ਰਾਮ ਰਹੀਮ ਦੇ ਹਰ ਪਾਜ ਨੂੰ ਉਧੇੜਨ ਦਾ ਕੰਮ ਕੀਤਾ ਹੈ। ਅਨੁਰਾਗ ਦੀ ਇਸ ਕਿਤਾਬ ਨੂੰ ਕਿਵੇਂ ਦਾ ਹੁੰਗਾਰਾ ਮਿਲਦਾ ਹੈ, ਇਹ ਕੁਝ ਸਮੇਂ ਵਿੱਚ ਹੀ ਪਤਾ ਲੱਗ ਜਾਵੇਗਾ।