ਮਾਇਆ ਦੇ ਹੱਕ ਵਿਚ ਗਵਾਹੀ ਦਿੱਤੀ ਅਮਿਤ ਸ਼ਾਹ ਨੇ

0
504

ਅਹਿਮਦਾਬਾਦ, 18 ਸਤੰਬਰ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇੱਥੇ ਭਾਜਪਾ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਦੇ ਬਚਾਅ ਵਿੱਚ ਵਿਸ਼ੇਸ਼ ਅਦਾਲਤ ਵਿੱਚ ਗਵਾਹੀ ਦਿੰਦਿਆਂ ਦੱਸਿਆ ਕਿ ਜਿਸ ਦਿਨ 2002 ਵਿੱਚ ਨਰੋਤਾ ਗਾਮ ਵਿੱਚ ਦੰਗੇ ਹੋਏ, ਉਸ ਦਿਨ ਮਾਇਆ ਗਾਂਧੀਨਗਰ ਵਿੱਚ ਵਿਧਾਨ ਸਭਾ ਵਿੱਚ ਮੌਜੂਦ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਮਿਲੀ ਸੀ।  ਮਾਇਆ ਕੋਡਨਾਨੀ ਜਿਸ ਵਿਰੁੱਧ ਕਤਲ ਅਤੇ ਦੰਗੇ ਕਰਵਾਉਣ ਦੇ ਦੋਸ਼ਾਂ ਸਣੇ ਕਈ ਜੁਰਮਾਂ ਵਿੱਚ ਕੇਸ ਦਰਜ ਹਨ, ਦੇ ਬਚਾਅ ਵਿੱਚ ਗਵਾਹ ਵਜੋਂ ਅੱਜ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਇੱਥੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ। ਉੁਨ੍ਹਾਂ ਨੇ ਜੱਜ ਪੀਬੀ ਦੇਸਾਈ ਅੱਗੇ ਬਿਆਨ ਦਿੰਦਿਆਂ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕੋਡਨਾਨੀ ਹਸਪਤਾਲ ਤੋਂ ਬਾਅਦ ਕਿੱਥੇ ਗਈ ਸੀ। ਜਦੋਂ ਉਹ ਹਸਪਤਾਲ ਵਿੱਚੋਂ ਗਏ ਤਾਂ ਕੁੱਝ ਦੂਰੀ ਤਕ ਪੁਲੀਸ ਸੁਰੱਖਿਆ ਵਜੋਂ ਨਾਲ ਗਈ ਅਤੇ ਜਦੋਂ ਉਹ ਵੱਖ ਹੋਏ ਤਾਂ ਕੋਡਨਾਨੀ ਪੁਲੀਸ ਦੀ ਜੀਪ ਵਿੱਚ ਸੀ। ਪੁਲੀਸ ਉਨ੍ਹਾਂ ਨੂੰ ਸੁਰੱਖਿਅਤ ਥਾਂ ਤਕ ਲੈ ਕੇ ਗਈ ਕਿਉਂਕਿ ਭੜਕੇ ਹੋਏ ਲੋਕਾਂ ਨੇ ਹਸਪਤਾਲ ਘੇਰਿਆ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਚਲੇ ਗਿਆ ਅਤੇ ਮਾਇਆ ਭੈਣ ਕਿੱਥੇ ਗਈ ਉਸਨੂੰ ਕੋਈ ਪਤਾ ਨਹੀ ਹੈ। ਇਹ ਜ਼ਿਕਰਯੋਗ ਹੈ ਕਿ ਗੋਧਰਾ ਵਿੱਚ ਰੇਲ ਗੱਡੀ ਵਿੱਚ 59 ਕਾਰ ਸੇਵਕਾਂ ਨੂੰ ਜਿਉਂਦਿਆਂ ਸਾੜੇ ਜਾਣ ਬਾਅਦ ਅਗਲੇ ਦਿਨ ਨਰੋਤਾ ਗਾਮ ਵਿੱਚ ਗਿਆਰਾਂ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ। ਇਸ ਕੇਸ ਵਿੱਚ 82 ਲੋਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਸ਼ਾਹ ਅਤੇ ਕੋਡਨਾਨੀ 2002 ਵਿੱਚ ਭਾਜਪਾ ਦੇ ਵਿਧਾਇਕ ਸਨ।
-ਪੀਟੀਆਈ