ਮਾਂ ਬੋਲੀ ਦਾ ਮਹੱਤਵ

0
220

ਭਾਸ਼ਾ ਮਨੁੱਖੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਭਾਸ਼ਾ ਮਨੁੱਖ ਨੂੰ ਇਸ ਪੂਰੇ ਬ੍ਰਹਿਮੰਡ ਵਿੱਚ ਸਰਵ-ਸ੍ਰੇਸ਼ਟ ਦਰਜਾ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੀ ਹੈ। ਵੈਦਿਕ ਰਿਸ਼ੀਆਂ ਨੇ ਭਾਸ਼ਾ ਦੇ ਮਹੱਤਵ ਨੂੰ ਸਵੀਕਾਰਦਿਆਂ ਇਸ ਨੂੰ ਵਾਕਦੇਵੀ, ਸਰਸਵਤੀ, ਗਿਰਾਦੇਵੀ ਆਦਿ ਗੌਰਵਸ਼ਾਲੀ ਨਾਵਾਂ ਨਾਲ ਨਿਵਾਜਿਆ ਸੀ। ਇਸੇ ਲਈ ‘ਸ਼ਬਦ’ ਨੂੰ ਬ੍ਰਹਮ ਦਾ ਦਰਜਾ ਵੀ ਪ੍ਰਦਾਨ ਕੀਤਾ ਗਿਆ। ਪ੍ਰਸਿੱਧ ਵਿਦਵਾਨ ਜਾਨ ਨੇ ਕਿਹਾ ਸੀ ਕਿ ‘ਸ਼ੁਰੂ ਵਿੱਚ ਸ਼ਬਦ ਹੀ ਸੀ, ਉਹ ਸ਼ਬਦ ਰੱਬ ਕੋਲ ਸੀ ਅਤੇ ਸ਼ਬਦ ਰੱਬ ਹੀ ਸੀ।’ ਮਾਂ, ਮਮਤਾ, ਮੋਹ, ਮੁਹੱਬਤ ਤੇ ਮਾਂ ਬੋਲੀ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਮਾਂ ਬੋਲੀ ਸਾਡੀ ਸਵੈ-ਪਹਿਚਾਣ ਨਿਰਧਾਰਿਤ ਤੇ ਨਿਸ਼ਚਿਤ ਕਰਦੀ ਹੈ। ਮਾਂ ਬੋਲੀ ਸਾਡੀ ਸੋਚ-ਉਡਾਰੀ ਨੂੰ ਖੰਭ ਲਾਉਣਾ ਸਿਖਾਉਂਦੀ ਹੈ। ਮਾਂ ਬੋਲੀ ਧਰਤੀ ਨੂੰ ਖੂਬਸੂਰਤੀ ਦਾ ਗੋਟਾ ਲਾਉਣ ਦਾ ਹੁਨਰ ਸਿਖਾਉਂਦੀ ਹੈ। ਮਾਂ ਬੋਲੀ ਤਾਰਿਆਂ ਨਾਲ ਗੁਫ਼ਤਗੂ ਕਰਨਾ ਸਿਖਾਉਂਦੀ ਹੈ। ਮਾਂ ਬੋਲੀ ਸਾਨੂੰ ਪਹਿਲਾਂ ਤੁਰਨਾ ਸਿਖਾਉਂਦੀ ਹੈ, ਫੇਰ ਦੌਡ਼ਨਾ, ਫੇਰ ਉਡਣਾ ਤੇ ਆਖਰ ਵਿੱਚ ਸਾਨੂੰ ਰਾਕਟ ਵਾਂਗੂ ਪੂਰੇ ਬ੍ਰਹਿਮੰਡ ਵਿੱਚ ਚੱਕਰ ਲਾਉਣ ਦਾ ਬਲ ਬਖਸ਼ਦੀ ਹੈ। ਮਾਂ ਬੋਲੀ ਗੂੰਗੀ ਸੱਭਿਅਤਾ ਨੂੰ ਬਾਣੀ ਦਾ ਅੰਮ੍ਰਿਤਪਾਨ ਕਰਵਾਉਂਦੀ ਹੈ। ਮਾਂ ਬੋਲੀ ਨਿਤਾਣਿਆਂ ਨੂੰ ਤਾਣ ਬਖਸ਼ਦੀ ਹੈ। ਮਾਂ ਬੋਲੀ ਮੁਟਿਆਰਾਂ ਨੂੰ ਹੁਸਨਾਂ ਦੀ ਸਰਕਾਰ ਬਣਾਉਂਦੀ ਹੈ। ਮਾਂ ਬੋਲੀ ਸਾਨੂੰ ਚੇਤਨਾ ਦੀ ਚਿਣਗ ਲਾਉਣ ਦੇ ਬਦਲੇ ਵਿੱਚ ਸਾਥੋਂ ਕੁਝ ਨਹੀਂ ਮੰਗਦੀ। ਮਾਂ ਬੋਲੀ ਦੀਵਿਆਂ ਦੀ ਸ਼ੋਅ ਹੈ ਅਤੇ ਕਿਣਮਿਣ ਕਣੀਆਂ ਦੀ ਲੋਅ ਹੈ। ਮਾਂ ਬੋਲੀ ਖੁਸ਼ੀਆਂ, ਖੇਡ਼ਿਆਂ ਤੇ ਖੂਬਸੂਰਤੀ ਦੀ ਖੁਸ਼ਬੂ ਹੈ। ਮਾਂ-ਬੋਲੀ ਸਾਨੂੰ ਆਪਣੀ ਆਤਮਾ ਨਾਲ ਗੱਲਾਂ ਕਰਨ ਦੀ ਕਲਾ ਸਿਖਾਉਂਦੀ ਹੈ। ਕੁੱਲ ਕਾਇਨਾਤ ਨੂੰ ਆਪਣੀਆਂ ਬਾਂਹਾਂ ਵਿੱਚ ਸਮੇਟਣਾ, ਹਰ ਵਖ਼ਤ ਮਾਨਵਤਾ ਦਾ ਰਾਹ ਰੁਸ਼ਨਾਉਣਾ ਤੇ ਮਾਨਵਤਾ ਦੀ ਬਿਹਤਰੀ ਲਈ ਸੋਚਦੇ ਰਹਿਣਾ ਹੀ ਮਾਂ ਬੋਲੀ ਦਾ ਪਰਮ-ਧਰਮ ਹੁੰਦਾ ਹੈ। ਮੇਰੀ ਜ਼ਿੰਦਗੀ ਵਿੱਚ ਜਦੋਂ ਮੈਂ ਆਪਣੀ ਮਾਂ ਬੋਲੀ ਦੇ ਮਹੱਤਵ ਅਤੇ ਯੋਗਦਾਨ ਬਾਰੇ ਸੋਚਦਾ ਹਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਆਪਣੀ ਮਾਂ ਬੋਲੀ ਤੋਂ ਬਿਨਾਂ ਤਾਂ ਮੈਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਮਾਂ ਬੋਲੀ ਦੁਨੀਆ ਨੂੰ ਦੇਖਣ ਵਾਲੀਆਂ ਅੱਖਾਂ ਦੀ ਰੌਸ਼ਨੀ ਵਾਂਗੂ ਹੈ। ਮਾਂ ਬੋਲੀ ਆਪਣੀ ਜਨਮ ਜਾਤੀ ਨੂੰ ਮਾਂ ਕਹਿ ਕੇ ਉਸ ਦੀ ਮਮਤਾ ਦੀ ਦਾਤ ਲੈਣ ਦਾ ਮੂਲ ਆਧਾਰ ਬਣਦੀ ਹੈ। ਮਾਂ ਬੋਲੀ ਸਾਡੇ ਰਿਸ਼ਤਿਆਂ ਵਿਚਲੇ ਰਸੀਲੇ ਸੁਆਦ ਦਾ ਸੂਰਤ ਬਣਦੀ ਹੈ। ਮਾਂ ਬੋਲੀ ਸਾਡੀ ਜਨਮ ਦਾਤੀ ਵੱਲੋਂ ਸਹਿਜੇ ਹੀ ਬਖਸ਼ੀ ਦਾਤ ਵਾਂਗ ਹੁੰਦੀ ਹੈ। ਮਾਂ ਬੋਲੀ ਦਾ ਜਨਮ



ਕੁਦਰਤੀ ਆਲੇ-ਦੁਆਲੇ ਵਿੱਚੋਂ ਮਨੁੱਖ ਦੇ ਸਦੀਆਂ ਦੇ ਸੰਘਰਸ਼ ਦੀ ਉਪਜ ਵਿੱਚੋਂ ਹੋਇਆ ਹੁੰਦਾ ਹੈ। ਇਸੇ ਲਈ ਮਾਂ ਬੋਲੀ ਵਿੱਚ ਪੋਨੇ ਗੰਨਿਆਂ ਵਰਗੀ ਮਿਠਾਸ ਹੁੰਦੀ ਹੈ, ਮਾਂ ਬੋਲੀ ਹਰ ਵਕਤ ਮਨੁੱਖ ਦਾ ਸਾਥ ਨਿਭਾਉਣ ਲਈ ਤਤਪਰ ਰਹਿੰਦੀ ਹੈ। ਮਾਂ ਬੋਲੀ ਦੁਨੀਆਂ ਦੇ ਹੁਸਨ ਚੰਨ, ਸੂਰਜਾਂ, ਰੰਗਾਂ, ਅਚੰਭਿਆਂ, ਨਜ਼ਾਰਿਆਂ, ਤਾਰਿਆਂ, ਸਿਤਾਰਿਆਂ ਨੂੰ ਸੰਬੋਧਨ ਕਰਨ ਦੀ ਸਮਰੱਥਾ ਬਖਸ਼ਦੀ ਹੈ। ਮਾਂ ਬੋਲੀ ਤਬਦੀਆਂ ਜੀਵਨ -ਰਾਹਾਂ ਵਿੱਚ ਬਦਲੀ ਦੀ ਛਾਂ ਵਾਂਗ ਸਾਡੇ ਨਾਲ-ਨਾਲ ਤੁਰਦੀ ਹੈ। ਮਾਂ ਬੋਲੀ ਦੀ ਕੂੰਜੀ ਨਾਲ ਜ਼ਿੰਦਗੀ ਦੀ ਸਫਲਤਾ ਦੇ ਜ਼ਿੰਦਰੇ ਖੁੱਲ੍ਹਣ ਲਗਦੇ ਹਨ। ਜਿਹਡ਼ੀਆਂ ਕੌਮਾਂ ਆਪਣੀ ਸਫਲਤਾ ਦੇ ਤਾਲੇ ਖੋਲ੍ਹਣਾ ਜਾਣੀਆਂ ਹਨ, ਉਨ੍ਹਾਂ ਦੇ ਹੱਥਾਂ ਵਿੱਚ ਹਮੇਸ਼ਾਂ ਮਾਂ ਬੋਲੀ ਦੀਆਂ ਕੁੰਜੀਆਂ ਹੀ ਦੇਖਣ ਨੂੰ ਮਿਲਦੀਆਂ ਹਨ। ਮਾਂ ਬੋਲੀ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦੇਣਾ ਚਾਹੀਦਾ ਕਿ ਉਸ ਦੇ ਸਪੁੱਤਰ ਉਸ ਨੂੰ ਪਿਆਰ ਨਹੀਂ ਕਰਦੇ। ਮਾਂ ਬੋਲੀ ਦੇ ਸਰਾਪ ਤੋਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਹੈ। ਬੇਸ਼ੱਕ ਮਾਂ ਬੋਲੀ ਕਦੇ ਸਰਾਪ ਨਹੀਂ ਦਿੰਦੀ ਪਰ ਫਿਰ ਵੀ ਜਦੋਂ ਮਾਂ ਬੋਲੀ ਤੋਂ ਉਸ ਦੇ ਪੁੱਤ ਬੇਗਾਨੇ ਹੋ ਜਾਂਦੇ ਹਨ ਤਾਂ ਸਮਾਜ ਵਿੱਚ ਉਨ੍ਹਾਂ ਦੀ ਪਛਾਣ ਹੀ ਗੁੰਮ ਜਾਂਦੀ ਹੈ। ਮਾਂ ਬੋਲੀ ਦੇ ਅਹਿਜੇ ਕਪੁੱਤਾਂ ਦਾ ਪ੍ਰਛਾਵਾਂ ਵੀ ਉਨ੍ਹਾਂ ਦਾ ਸਾਥ ਛੱਡ ਜਾਂਦਾ ਹੈ। ਮਾਂ ਬੋਲੀ ਦੇ ਸਾਥ ਤੋਂ ਬਿਨਾਂ ਸਮਾਜ ਹਨੇਰਿਆਂ ਰਾਹਾਂ ਦਾ ਪਾਂਧੀ ਬਣ ਬੈਠਦਾ ਹੈ। ਮਾਂ ਬੋਲੀ ਤੋਂ ਬਿਨਾਂ ਜੀਵਨ ਇੱਕ ਘੁੱਪ ਹਨੇਰੀ ਗੁਫਾ ਵਾਂਗ ਹੁੰਦਾ ਹੈ, ਜਿਸ ਵਿੱਚੋਂ ਨਿਕਲਣ ਲਈ ਕੋਈ ਰਸਤਾ ਨਹੀਂ ਹੁੰਦਾ। ਜਿਹਡ਼ੇ ਸਮਾਜ ਮਾਂ ਬੋਲੀ ਦੇ ਕਦਮਾਂ ਨਾਲ ਕਦਮ ਮਿਲਾ ਕੇ ਚਲਦੇ ਹਨ, ਉਹ ਜ਼ਿੰਦਗੀ ਦੀਆਂ ਮੰਜ਼ਿਲਾਂ ਸਹਿਜੇ ਹੀ ਤੈਅ ਕਰ ਜਾਂਦੇ ਹਨ। ਮਨੁੱਖ ਸੁਪਨੇ ਕੇਵਲ ਮਾਂ ਬੋਲੀ ਵਿੱਚ ਹੀ ਲੈ ਸਕਦਾ ਹੈ। ਮਾਂ ਬੋਲੀ ਵਿੱਚ ਸੁਪਨੇ ਲੈਣੇ ਬਹੁਤ ਸੌਖੇ ਹੁੰਦੇ ਹਨ। ਮਾਂ ਬੋਲੀ ਵਿੱਚ ਲਏਸੁਪਨਿਆਂ ਦਾ ਰੰਗ ਉਜਲਾ- ਉਜਲਾ ਤੇ ਪ੍ਰਭਾਵ ਨਿੱਘਾ ਨਿੱਘਾ ਹੁੰਦਾ ਹੈ। ਮਾਂ ਬੋਲੀ ਦੀ ਬੁੱਕਲ ਦਾ ਨਿੱ ਮਨੁੱਖ ਨੂੰ ਪਾਲੇ ਕੱਕਰਾਂ ਦੀ ਯਾਦ ਭੁਲਾ ਦਿੰਦਾ ਹੈ। ਭਾਸ਼ਾਵਾਂ ਮਨੁੱਖੀ ਸਮਾਜ ਦੇ ਸੂਖਮ ਅਤੇ ਸਥੂਲ ਵਿਰਸੇ ਦੀ ਸੰਭਾਲ ਅਤੇ ਵਿਕਾਸ ਵਾਸਤੇ ਸ਼ਕਤੀਸ਼ਾਲੀ ਮਾਧਿਅਮ ਹੁੰਦੀਆਂ ਹਨ। ਮਾਂ ਬੋਲੀ ਆਪਣੇ ਲੋਕਾਂ ਦੇ ਦਿਲਾਂ ਨੂੰ ਜੋਡ਼ਨ ਲਈ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਹੁੰਦੀ ਹੈ। ਮਨੁੱਖੀ ਸਭਿਆਚਾਰ ਨੂੰ ਸਾਂਭਣ ਤੇ ਵਿਸਥਾਰਨ ਦਾ ਕੰਮ ਮੂਲ ਰੂਪ ਵਿੱਚ ਮਾਵਾਂ ਹੀ ਕਰਦੀਆਂ ਹਨ। ਇਸ ਸਾਂਭ ਅਤੇ ਸੰਭਾਲ ਦਾ ਖੂਬਸੂਰਤ ਪਹਿਲੀ ਇਹ ਹੈ ਕਿ ਮਾਂਵਾਂ ਇਹ ਕੰਮ ਮਾਂ ਬੋਲੀ ਵਿੱਚ ਹੀ ਕਰਦੀਆਂ ਹਨ। ਇੰਝ ਮਾਂਵਾਂ ਅਤੇ ਮਾਂਵਾਂ ਅਤੇ ਮਾਂ ਬੋਲੀ ਦਾ ਰਿਸ਼ਤਾ ਹਮੇਸ਼ਾ ਅਟੁੱਟਵਾਂ, ਪੀਡਾ ਤੇ ਹੰਢਣਯੋਗ ਹੁੰਦਾ ਹੈ। ਬਚਪਨ ਵਿੱਚ ਬੱਚੇ ਦੇ ਮਨਉਪਰ ਜਿਨ੍ਹਾਂ ਗੱਲਾਂ ਦਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਦਾ ਅਸਰ ਸਾਰੀ ਉਮਰ ਰਹਿੰਦਾ ਹੈ। ਇਸ ਲਈ ਮਾਂ ਬੋਲੀ ਵਿੱਚ ਜਿਹਡ਼ਾ ਸਭਿਆਚਾਰਕ ਵੰਨਗੀਆਂ ਦਾ ਭੰਡਾਰ ਮੌਖਿਕ ਰੂਪ ਵਿੱਚ ਉਪਲਬੱਧ ਹੁੰਦਾ ਹੈ। ਉਸ ਨੂੰ ਲਿਖਤੀ ਰੂਪ ਵਿੱਚ ਵੀ ਸਾਂਭਿਆ ਜਾਣਾ ਚਾਹੀਦਾਹੈ। ਮਾਂਵਾਂ, ਮਾਂ ਬੋਲੀ ਦੀਆਂ ਸਭ ਤੋਂ ਵੱਡੀਆਂ ਪ੍ਰਸੰਸਕ, ਪਾਲਕ ਤੇ ਨਿਕੁਆਰਥ ਸੇਵਕ ਹੁੰਦੀਆਂ ਹਨ। ਮਾਂ ਬੋਲੀ ਮਨੁੱਖ ਦੇ ਜੀਵਨ ਵਿੱਚ ਰਾਤ ਦੇ ਹਨੇਰੇ ਮਗਰੋਂ ਸੂਰਜ ਦੇ ਉਦੈ ਹੋਣ ਵਾਂਗ ਆਉਂਦੀ ਹੈ ਤੇ ਸਾਰੀ ਉਮਰ ਇਸ ਸੂਰਜ ਦਾ ਉਜਿਆਰਾ ਮਨੁੱਖ ਦੇ ਅੱਗੇ-ਅੱਗੇ, ਨਾਲ-ਨਾਲ ਰਹਿੰਦਾ ਹੋਇਆ ਸਾਰੀ ਉਮਰ ਉਸ ਦੇ ਜੀਵਨਨੂੰ ਸਜਾਉਂਦਾ, ਰੁਸ਼ਨਾਉਂਦਾ ਰਹਿੰਦਾ ਹੈ।
•ਸੰਪਰਕ: 98962-01036