ਲੱਭ ਗਏ ਬਾਬੇ ਨਾਨਕ ਦੇ ਅਸਲ ਵਾਰਸ…

0
465

ਅਗਲੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਸਮੁੱਚਾ ਸਿੱਖ ਪੰਥ ਪੱਬਾਂ ਭਾਰ ਹੋ ਰਿਹਾ ਹੈ। ਗੁਰਮਤਿ ਸਮਾਗਮਾਂ, ਸੈਮੀਨਾਰਾਂ ਅਤੇ ਪਹਿਲੀ ਪਾਿਤਸ਼ਾਹੀ ਦਾ ਜਨਮ ਅਸਥਾਨ ਪਾਕਿਸਤਾਨ ਵਿਚ ਹੋਣ ਦੀ ਸੂਰਤ ਵਿਚ ਸੁਲਤਾਨਪੁਰ ਲੋਧੀ ਿਵਚ ਗੁਰੂ ਸਾਹਿਬ ਦੀਆਂ ਯਾਦਗਾਰਾਂ ਦੀ ਉਸਾਰੀ ਦੇ ਕਾਰਜ ਵਿੱਢੇ ਜਾ ਰਹੇ ਹਨ, ਪਰ ਇਸ ਸਭ ਕਾਸੇ ਦੌਰਾਨ, ਗੁਰੂ ਨਾਨਕ ਸਾਹਿਬ ਦੀ ਵਿਸ਼ਵ ਭਾਈਚਾਰੇ ਲਈ ਜਿਹੜੀ ਮਹਾਨ ਦੇਣ ਨੂੰ ਉਭਾਰਨ ਦੀ ਲੋੜ ਹੈ, ਉਸ ਦੀ ਸ਼ਾਇਦ ਸਾਨੂੰ ਸ਼ਿੱਦਤ ਹੀ ਮਹਿਸੂਸ ਨਹੀਂ ਹੋ ਰਹੀ। ਜੇਕਰ ਅੱਜ ਅਸੀਂ ਪਹਿਲੀ ਪਾਤਿਸ਼ਾਹੀ ਦੇ ਮੁੱਢਲੇ ਤਿੰਨ ਉਪਦੇਸ਼ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ‘ਤੇ ਹੀ ਅਮਲੀ ਕਾਰਜ ਆਰੰਭ ਕਰ ਦੇਈਏ ਤਾਂ ਅੱਜ ਵਿਸ਼ਵ ਭਾਈਚਾਰੇ ਅੱਗੇ ਦਰਪੇਸ਼ ਮੁੱਖ ਸਮੱਸਿਆਵਾਂ; ਬੇਕਾਰੀ, ਕੁਦਰਤ ਤੋਂ ਬੇਮੁਖਤਾਈ ਅਤੇ ਆਰਥਿਕ ਨਾ-ਬਰਾਬਰੀ ਨੂੰ ਖ਼ਤਮ ਹੀ ਨਹੀਂ ਕੀਤਾ ਜਾ ਸਕਦਾ ਸਗੋਂ ਮਨੁੱਖਤਾ ਨੂੰ ਜੀਵਨ ਦਾ ਇਕ ਸੁਚੱਜਾ ਰਾਹ ਵੀ ਦਿਖਾਇਆ ਜਾ ਸਕਦਾ ਹੈ। ਪਰ ਸਾਡੇ ਮੰਦੇ ਭਾਗ ਕਿ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਪਹਿਲੀ ਪਾਤਿਸ਼ਾਹੀ ਦਾ ਮੁੱਢਲਾ ਉਪਦੇਸ਼ ਸਾਡੇ ਪ੍ਰਚਾਰਕਾਂ ਲਈ ਸਿਰਫ਼ ਧਾਰਮਿਕ ਮੰਚਾਂ ਦੇ ਭਾਸ਼ਨਾਂ ਵਿਚ ਸੀਮਤ ਹੋ ਕੇ ਰਹਿ ਗਿਆ ਹੈ। ਗੁਰੂ ਨਾਨਕ ਸਾਹਿਬ ਦੇ ਮੋਦੀਖਾਨੇ ਵਿਚ ਅਸੀਂ ਦੁੱਧ ਚਿੱਟਾ- ਸੰਗਮਰਮਰੀ ਗੁਰਦੁਆਰਾ “ਹੱਟ ਸਾਿਹਬ” ਤਾਂ ਉਸਾਰ ਲਿਆ ਪਰ ਗੁਰੂ ਨਾਨਕ ਸਾਹਿਬ ਨੇ ਮੋਦੀਖਾਨੇ ਵਿਚ 13-13 ਤੋਲ ਕੇ ਗ਼ਰੀਬੀ ਅਤੇ ਆਰਥਿਕ ਨਾ-ਬਰਾਬਰੀ ਦੀ ਮਾਰੀ ਮਾਨਵਤਾ ਦੀ ਸੇਵਾ ਲਈ ਸਾਨੂੰ ਜਿਹੜਾ ਸੰਕਲਪ ਦਿੱਤਾ ਸੀ, ਉਸ ਨੂੰ ਸਮਝਣ ਅਤੇ ਨਿਭਾਉਣ ਵਿਚ ਅਸੀਂ ਜ਼ਿਕਰਯੋਗ ਕਾਰਜ ਨਹੀਂ ਕਰ ਸਕੇ।
ਇਸੇ ਸੰਦਰਭ ਵਿਚ ਮੈਨੂੰ ਜੇਕਰ ਮਨ ਨੂੰ ਤਸੱਲੀ ਦੇਣ ਲਈ ਕਾਰਜਸ਼ੀਲ ਕੋਈ ਸਿੱਖ ਸ਼ਖ਼ਸੀਅਤ ਨਜ਼ਰੀਂ ਪੈਂਦੀ ਹੈ ਤਾਂ ਉਹ ਹੈ ਗੁਰਦਾਸਪੁਰ ਜ਼ਿਲ੍ਹੇ ਵਿਚ ਿਨਸ਼ਕਾਮ ਸਿੱਖ ਪ੍ਰਚਾਰਕ ਡਾ. ਸ਼ਿਵ ਸਿੰਘ। ਵੈਟਰਨਰੀ ਵਿਭਾਗ ਵਿਚੋਂ ਸੇਵਾਮੁਕਤ 70 ਸਾਲਾਂ ਦੇ ਡਾ. ਸ਼ਿਵ ਸਿੰਘ ਹੁਰਾਂ ਨੇ ਆਪਣੇ ਜ਼ਿਲ੍ਹੇ ਵਿਚ ਸਿੱਖੀ ਦੇ ਪ੍ਰਚਾਰ ਦਾ ਆਧਾਰ ਹੀ ਲੋੜਵੰਦਾਂ ਦੀ ਸੇਵਾ ਨੂੰ ਰੱਖਿਆ ਹੈ। ਗੁਰਦਾਸਪੁਰ ਤੋਂ ਅੰਮ੍ਰਿਤਸਰ ਸ਼ੇਰਸ਼ਾਹ ਸੂਰੀ ਮਾਰਗ ‘ਤੇ ਪੈਂਦੇ ਪਿੰਡ ਜੀਵਨਵਾਲ-ਬੱਬਰੀ ਦੇ ਗੁਰਦੁਆਰਾ ਸਾਹਿਬ ਨੂੰ ਸਿੱਖੀ ਪ੍ਰਚਾਰ ਲਈ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਕੇ ਉਥੇ ਰਵਾਇਤੀ ਗੁਰਮਤਿ ਪ੍ਰਚਾਰ ਦੇ ਸਮਾਗਮਾਂ ਦੇ ਨਾਲ-ਨਾਲ ਡਾ. ਸ਼ਿਵ ਸਿੰਘ ਵਲੋਂ ਇਕ ਮੋਦੀਖਾਨਾ ਚਲਾਇਆ ਜਾ ਰਿਹਾ ਹੈ, ਜਿੱਥੇ ਆਰਥਿਕ ਤੌਰ ‘ਤੇ ਬੇਹੱਦ ਗ਼ਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਹਰ ਆਮ ਤੇ ਖ਼ਾਸ ਨੂੰ “ਨਾ ਨਫ਼ਾ, ਨਾ ਨੁਕਸਾਨ” ਦੇ ਭਾਅ ‘ਤੇ ਕਰਿਆਨੇ ਦਾ ਹਰ ਸਾਮਾਨ ਦਿੱਤਾ ਜਾਂਦਾ ਹੈ।ਇੱਥੇ ਇਕ ਕੱਪੜੇ ਦਾ ਡਿਪੂ ਵੀ ਚਲਾਇਆ ਜਾ ਰਿਹਾ ਹੈ, ਉਸ ਵਿਚ ਵੀ “ਨਾ ਨਫ਼ਾ, ਨਾ ਨੁਕਸਾਨ” ਵਾਲੇ ਭਾਅ ‘ਤੇ ਹੀ ਗ਼ਰੀਬ ਲੋਕ ਕੱਪੜਾ-ਲੀੜਾ ਖ਼ਰੀਦ ਸਕਦੇ ਹਨ। ਇੱਥੇ ਵੀ ਸੰਗਤ ਵਿਚੋਂ ਹੀ ਲੋਕ ਵਿਕਰੇਤਾ ਵਾਲੀ ਸੇਵਾ ਕਰਦੇ ਵੇਖੇ ਜਾਂਦੇ ਹਨ। ਮੁਫ਼ਤ ਡਿਸਪੈਂਸਰੀ, ਜਿਸ ਵਿਚ ਵੱਖ-ਵੱਖ ਰੋਗਾਂ ਦੇ ਮਾਹਰ ਹੋਮਿਓਪੈਥੀ ਡਾਕਟਰ ਮੁਫ਼ਤ ਇਲਾਜ ਕਰਨ ਲਈ ਪਹੁੰਚਦੇ ਹਨ ਅਤੇ ਇਕ ਨਸ਼ਾ ਛੁਡਾਊ ਕੇਂਦਰ ਵੀ ਚਲਾਇਆ ਜਾ ਰਿਹਾ ਹੈ। ਸੰਗਤ ਵਿਚੋਂ ਹੀ ਬਹੁਤ ਸਾਰੀਆਂ ਬੀਬੀਆਂ ਤੇ ਵੀਰ ਇੱਥੇ ਵੀ ਡਾਕਟਰਾਂ ਦੇ ਨਾਲ ਦਵਾਈਆਂ ਦੇਣ ਦੀ ਸੇਵਾ ਕਰਦੇ ਹਨ। ਗੱਲ ਕੀ; ਸੇਵਾ ਦੇ ਜਜ਼ਬਾਤ ਦਾ ਦਰਿਆ ਹੀ ਹਰ ਪਾਸੇ ਵਹਿੰਦਾ ਨਜ਼ਰੀਂ ਪੈਂਦਾ ਹੈ।
ਡਾ. ਸ਼ਿਵ ਸਿੰਘ ਹੁਰਾਂ ਦੁਆਰਾ “ਮੋਦੀਖਾਨੇ” ਦੇ ਗੁਰੂ ਨਾਨਕ ਸਾਹਿਬ ਵਲੋਂ ਦਿੱਤੇ ਸੰਕਲਪ ਨੂੰ ਰੂਪਮਾਨ ਕਰਨ ਤੋਂ ਬਾਅਦ ਹੌਲੀ-ਹੌਲੀ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕ ਸਮਾਜ ਸੇਵਾ ਦੀ ਨਿਵੇਕਲੀ ਲੀਹ ‘ਤੇ ਚੱਲਣ ਦੀ ਪ੍ਰੇਰਨਾ ਹਾਸਲ ਕਰਨ ਲੱਗੇ ਹਨ। ਇਨ੍ਹਾਂ ਵਿਚੋਂ ਪਿੰਡ ਸੋਹਲ ਦਾ ਜ਼ਿਕਰ ਕਰਨਾ ਬਣਦਾ ਹੈ, ਜਿੱਥੋਂ ਦੇ ਨੌਜਵਾਨਾਂ ਨੇ ਆਪਣੇ ਤੌਰ ‘ਤੇ ਹੰਭਲਾ ਮਾਰ ਕੇ “ਗੁਰੂ ਨਾਨਕ ਮੋਦੀਖਾਨਾ” ਖੋਲ੍ਹਿਆ; ਜਿੱਥੇ ਪਿੰਡ ਦੇ ਤਿੰਨ ਦਰਜਨ ਤੋਂ ਵੱਧ ਬੇਹੱਦ ਗ਼ਰੀਬ ਪਰਿਵਾਰਾਂ ਨੂੰ ਮਹੀਨਾਵਾਰ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਅਤੇ ਹਰ ਆਮ ਤੇ ਖ਼ਾਸ ਉਥੋਂ “ਨਾ ਨਫ਼ਾ, ਨਾ ਨੁਕਸਾਨ” ਵਾਲੇ ਭਾਅ ‘ਤੇ ਕਰਿਆਨੇ ਦਾ ਸਾਰਾ ਸਾਮਾਨ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਇੱਥੇ ਇਕ ਸਟੋਰ ਬਣਾਇਆ ਗਿਆ ਹੈ, ਜਿੱਥੇ ਪਿੰਡ ਦੇ ਲੋਕ ਘਰ ਵਿਚ ਪਈ ਕੋਈ ਵੀ ਬੇਵਰਤੋਂ ਵਾਲੀ ਵਸਤੂ ਰੱਖ ਜਾਂਦਾ ਹੈ ਅਤੇ ਜਿਸ ਲੋੜਵੰਦ ਨੂੰ ਜਿਸ ਵਸਤੂ ਦੀ ਲੋੜ ਹੁੰਦੀ ਹੈ, ਉਹ ਹਾਸਲ ਕਰ ਸਕਦਾ ਹੈ। “ਈਕੋ ਸਿੱਖ” ਸੰਸਥਾ ਦੇ ਸਹਿਯੋਗ ਨਾਲ ਇਹ ਮੋਦੀਖਾਨਾ ਵਾਤਾਵਰਨ ਅਤੇ ਕੁਦਰਤ ਪ੍ਰੁੇਮ ਦੀ ਵੀ ਚੇਤਨਾ ਪੈਦਾ ਕਰ ਰਿਹਾ ਹੈ। ਇੱਥੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਦੇ ਨਾਲ-ਨਾਲ ਜੈਵਿਕ ਲਿਫ਼ਾਫ਼ੇ, ਅਖ਼ਬਾਰਾਂ ਤੋਂ ਬਣੀਆਂ ਪੈਨਸਿਲਾਂ ਵਰਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਸਕੇ। ਪ੍ਰਭਾਵਿਤ ਕਰਨ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਪਿੰਡ ਦੇ ਨੌਜਵਾਨਾਂ ਦੁਆਰਾ ਬਣਾਈ “ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ” ਜਿਸ ਵਿਚ ਕੋਈ ਪ੍ਰਧਾਨ ਜਾਂ ਕੋਈ ਅਹੁਦੇਦਾਰ ਨਹੀਂ, ਸਗੋਂ ਸਾਰੇ ਸੇਵਾ-ਭਾਵਨਾ ਵਾਲੇ ਵਾਲੰਟੀਅਰ ਹੀ ਹਨ, ਇਹ ਸਾਰੇ ਕਾਰਜ ਬਿਨਾਂ ਕਿਸੇ ਉਗਰਾਹੀ ਦੇ, ਉਹ ਆਪਣੇ ਪੱਧਰ ‘ਤੇ ਕਰ ਰਹੇ ਹਨ ਅਤੇ ਇੱਛਾ ਮੁਤਾਬਕ ਪਿੰਡ ਦੇ ਲੋਕ ਇਨ੍ਹਾਂ ਦੀ ਮਦਦ ਕਰ ਦਿੰਦੇ ਹਨ।

ਰਾਸ਼ਨ, ਬਿਮਾਰਾਂ ਦਾ ਇਲਾਜ ਅਤੇ ਹੋਰ ਸਹਾਇਤਾ ਦੇ ਰੂਪ ਵਿਚ ਹਰ ਮਹੀਨੇ ਘੱਟੋ-ਘੱਟ 60 ਹਜ਼ਾਰ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ “ਨਾ ਨਫ਼ਾ, ਨਾ ਨੁਕਸਾਨ” ਦੇ ਭਾਅ ‘ਤੇ ਹਰ ਮਹੀਨੇ 7-8 ਲੱਖ ਰੁਪਏ ਦਾ ਕਰਿਆਨੇ ਦਾ ਸਾਮਾਨ ਦਿੱਤਾ ਜਾ ਰਿਹਾ ਹੈ। ਇਸ ਮੋਦੀਖਾਨੇ ਵਿਚ ਪਿੰਡ ਵਿਚੋਂ ਸਰਕਾਰੀ ਸੇਵਾਮੁਕਤ ਬਜ਼ੁਰਗਾਂ ਦੀਆਂ ਰੋਜ਼ਾਨਾ ਤਿੰਨ-ਤਿੰਨ ਮੈਂਬਰੀ ਟੀਮਾਂ ਸੇਵਾ ਨਿਭਾਉਂਦੀਆਂ ਹਨ। ਇਸ ਤੋਂ ਇਲਾਵਾ ਪਿੰਡ ਦਾ ਕੋਈ ਵੀ, ਕਿਸੇ ਵੀ ਧਰਮ, ਜਾਤ ਦਾ ਵਿਅਕਤੀ ਮੋਦੀਖਾਨੇ ਵਿਚ ਸੇਵਾ ਕਰ ਸਕਦਾ ਹੈ। ਵਿਦਿਆਰਥੀ, ਨੌਜਵਾਨ ਸ਼ਾਮ ਨੂੰ ਵਿਹਲੇ ਸਮੇਂ ਇੱਥੇ ਆ ਕੇ ਸੇਵਾ ਕਰਦੇ ਹਨ। ਸੋਹਲ ਪਿੰਡ ਦੇ ਨੌਜਵਾਨ ਅੱਜ ਦੀ ਦਿਸ਼ਾਹੀਣ ਨੌਜਵਾਨ ਪੀੜ੍ਹੀ, ਜਿਸ ਦੀ ਮਨੋਦਸ਼ਾ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ, ਮੋੜਾਂ ‘ਤੇ ਦਿਨ ਢੱਲਦੇ ਝੁੰਡ ਬਣਾ ਕੇ ਆਵਾਗਉਣ ਇਕੱਤਰ ਹੁੰਦੀਆਂ ਅੱਲ੍ਹੜ ਮੁੰਡੀਰਾਂ ਨੂੰ ਵੇਖ ਕੇ ਸਮਝੀ ਜਾ ਸਕਦੀ ਹੈ, ਲਈ ਵੀ ਮਿਸਾਲ ਹਨ।ਮੈਨੂੰ ਜਾਪ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੀਆਂ ਸਾਡੀਆਂ ਸਮਰੱਥ ਸਿੱਖ ਸੰਸਥਾਵਾਂ ਨੂੰ ਬਾਬੇ ਨਾਨਕ ਦੇ ਇਨ੍ਹਾਂ ਅਸਲ ਵਾਰਸਾਂ ਤੋਂ ਵੀ ਕੋਈ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਅੱਜ ਮਨੁੱਖਤਾ ਗੁਰੂ ਨਾਨਕ ਦੇ ਜਿਸ ਸੁਨੇਹੇ ਨੂੰ ਤਰਸ ਰਹੀ ਹੈ, ਉਸ ਸੁਨੇਹੇ ਨੂੰ ਸਹੀ ਰੂਪ ਵਿਚ ਅਮਲੀ ਜਾਮਾ ਪਹਿਨਾ ਕੇ ਵਿਸ਼ਵ ਭਾਈਚਾਰੇ ਅੱਗੇ ਰੱਖਿਆ ਜਾ ਸਕੇ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਫੋਨ: 98780-70008.