ਭਾਰਤ ’ਚ 27 ਸਾਲ ਬਾਅਦ ਹੋਵੇਗਾ ਮਿਸ ਵਰਲਡ ਮੁਕਾਬਲਾ

0
134

ਨਵੀਂ ਦਿੱਲੀ (ਪੀਟੀਆਈ) : ਦੁਨੀਆ ਭਰ ’ਚ ਚਰਚਿਤ ਮਿਸ ਵਰਲਡ ਮੁਕਾਬਲਾ ਕਰੀਬ 27 ਸਾਲ ਬਾਅਦ ਇਸ ਸਾਲ ਭਾਰਤ ’ਚ ਮੁੜ ਹੋਵੇਗਾ। ਮੁਕਾਬਲੇ ਦਾ 71ਵਾਂ ਐਡੀਸ਼ਨ ਇਸ ਸਾਲ ਨਵੰਬਰ ’ਚ ਹੋਣ ਦੀ ਉਮੀਦ ਹੈ। ਇਸ ਦੀਆਂ ਤਰੀਕਾਂ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 1996 ’ਚ ਇਹ ਮੁਕਾਬਲਾ ਭਾਰਤ ’ਚ ਕਰਵਾਇਆ ਗਿਆ ਸੀ।
ਮਿਸ ਵਰਲਡ ਸੰਗਠਨ ਦੀ ਚੇਅਰਪਰਸਨ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੂਲੀਆ ਮਾਰਲੇ ਨੇ ਵੀਰਵਾਰ ਨੂੰ ਕਿਹਾ ਕਿ ਮੈਨੂੰ 71ਵੇਂ ਮਿਸ ਵਰਲਡ ਫਾਈਨਲ ਲਈ ਭਾਰਤ ਨੂੰ ਆਯੋਜਨ ਸਥਾਨ ਬਣਾਏ ਜਾਣ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ। ਸਾਨੂੰ ਤੁਹਾਡੀ ਸੰਸਕ੍ਰਿਤੀ, ਵਿਸ਼ਵ ਪੱਧਰੀ ਖਿੱਚ ਤੇ ਦਿਲਕਸ਼ ਅਸਥਾਨਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ 71ਵੇਂ ਮਿਸ ਵਰਲਡ 2023 ’ਚ ਭਾਰਤ ਦੀ ਇਕ ਮਹੀਨੇ ਦੀ ਯਾਤਰਾ ਦੌਰਾਨ 130 ਰਾਸ਼ਟਰੀ ਚੈਂਪੀਅਨਾਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਕਿਉਂਕਿ ਅਸੀਂ 71ਵਾਂ ਤੇ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਮਿਸ ਵਰਲਡ ਫਾਈਨਲ ਕਰਨ ਜਾ ਰਹੇ ਹਾਂ। ਕਰੀਬ ਇਕ ਮਹੀਨੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ 130 ਤੋਂ ਜ਼ਿਆਦਾ ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣਗੀਆਂ।
ਭਾਰਤ ਨੇ ਛੇ ਵਾਰੀ ਇਹ ਮਿਆਰੀ ਖਿਤਾਬ ਜਿੱਤਿਆ ਹੈ। ਰੀਤਾ ਫਾਰੀਆ ਨੇ 1966 ’ਚ ਇਹ ਮੁਕਾਬਲਾ ਜਿੱਤਿਆ ਸੀ ਜਦਕਿ ਐਸ਼ਵਰਿਆ ਰਾਏ ਨੇ 1994 ’ਚ, ਡਾਇਨਾ ਹੈਡਨ ਨੇ 1997 ’ਚ, ਯੁਕਤਾ ਮੁਖੀ ਨੇ 1999 ’ਚ, ਪਿ੍ਯੰਕਾ ਚੋਪੜਾ ਨੇ 2000 ’ਚ ਤੇ ਮਾਨੁਸ਼ੀ ਛਿੱਲਰ ਨੇ 2017 ’ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ।