ਭਾਰਤੀ ਖਿਡਾਰੀਆਂ ਨੂੰ 50 ਹਜ਼ਾਰ ਮਹੀਨਾ ਭੱਤਾ

0
629

ਨਵੀਂ ਦਿੱਲੀ, 15 ਸਤੰਬਰ : ਓਲੰਪਿਕ ਖੇਡਾਂ ਵਿੱਚ ਤਗ਼ਮਾ ਜੇਤੂ ਰਾਜਵਰਧਨ ਰਾਠੌੜ ਨੇ ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਖਿਡਾਰੀਆਂ ਦੀ ਬਿਹਤਰੀ ਲਈ ਅਹਿਮ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਟੋਕੀਓ ਓਲੰਪਿਕ, ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿੱਚ ਲੱਗੇ ਭਾਰਤ ਦੇ ਸਿਖਰਲੇ 152 ਖਿਡਾਰੀਆਂ ਨੂੰ ਖੇਡ ਮੰਤਰਾਲੇ ਵੱਲੋਂ 50 ਹਜ਼ਾਰ ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ। ਸ੍ਰੀ ਰਾਠੌੜ ਦੇ ਐਲਾਨ ਤੋਂ ਭਾਵ ਹੈ ਖੇਡ ਮੰਤਰਾਲੇ ਨੇ ਅਭਿਨਵ ਬਿੰਦਰਾ ਦੀ ਅਗਵਾਈ ਵਾਲੀ ਓਲੰਪਿਕ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ।
ਸਰਕਾਰ ਨੇ ਟਾਰਗੈੱਟ ਓਲੰਪਿਕ ਪੋਡੀਅਮ (ਟੀਓਪੀ) ਸਕੀਮ ਤਹਿਤ 152 ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ ਇਸ ਸਕੀਮ ਨਾਲ ਕਾਫੀ ਲਾਭ ਮਿਲੇਗਾ। ਇਹ ਭੱਤਾ ਪਹਿਲੀ ਸਤੰਬਰ 2017 ਤੋਂ ਲਾਗੂੁ ਮੰਨਿਆ ਜਾਵੇਗਾ। ਖੇਡ ਮੰਤਰੀ ਸ੍ਰੀ ਰਾਠੌੜ ਨੇ ਟਵੀਟ ਕਰ ਕੇ ਮੰਤਰਾਲੇ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਅਥਲੀਟ ਉਨ੍ਹਾਂ ਲਈ ਸਭ ਤੋਂ ਪਹਿਲਾਂ ਹਨ। ਖੇਡ ਮੰਰਤੀ ਨੇ ਦੱਸਿਆ ਕਿ ਇਹ ਪੈਸੇ ਪੂਰਨ ਰੂਪ ਵਿੱਚ ਖਿਡਾਰੀਆਂ ਦੇ ਜੇਬ ਖਰਚ ਲਈ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਚੈਂਪੀਅਨਾਂ ਨੂੰ ਵੱਧ ਤੋਂ ਵੱਧ ਵਸੀਲੇ ਮੁਹੱਈਆ ਕਰਵਾਉਣ ਨੂੰ ਸਮਰਪਿਤ ਹਨ। ਖੇਡ ਮੰਤਰਾਲਾ ਇਨ੍ਹਾਂ ਵੱਡੇ ਮੁਕਾਬਲਿਆਂ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਦੇਣ ਲਈ ਯਤਨਸ਼ੀਲ ਹੈ।
ਉਧਰ ਭੱਤੇ ਸਬੰਧੀ ਬਣਾਈ ਸੂਚੀ ਵਿੱਚੋਂ ਟੈਨਿਸ ਸਟਾਰ ਲਿਏਂਡਰ ਪੇਸ ਅਤੇ ਸਾਕੇਤ ਮਾਈਨੇਨੀ ਨੂੰ ਬਾਹਰ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਟੈਨਿਸ ਸਬੰਧੀ ਇਸ ਸੂਚੀ ਵਿੱਚ ਯੂਕੀ ਭਾਂਬਰੀ, ਰਾਮ ਕੁਮਾਰ ਰਾਮਨਾਥਨ, ਰੋਹਨ ਬੋਪੰਨਾ ਅਤੇ ਸੁਮਿਤ ਨਗਾਲ ਸ਼ਾਮਲ ਹਨ। ਸਾਨੀਆ ਮਿਰਜ਼ਾ, ਪ੍ਰਾਰਥਨਾ ਅਤੇ ਕਰਮਨ ਕੌਰ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਦੂਜੇ ਬੰਨੇ ਖੇਡ ਮੰਤਰਾਲੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸੂਚੀ ਅੰਤਿਮ ਨਹੀਂ ਹੈ। ਜਿਹੜੇ ਖਿਡਾਰੀ ਪ੍ਰਦਰਸ਼ਨ ਚੰਗਾ ਨਹੀਂ ਕਰਨਗੇ ਉਨ੍ਹਾਂ ਨੂੰ ਸੂਚੀ ’ਚੋਂ ਕੱਢ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਥਾਂ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸ਼ਾਮਲ ਕਰ ਲਿਆ ਜਾਵੇਗਾ। ਚੁਣੇ ਗਏ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਮੁਲਾਂਕਣ ਲਈ 15-20 ਦਿਨ ਬਾਅਦ ਰੀਵਿਊ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ। ਜਦੋਂ ਇਸ ਅਧਿਕਾਰੀ ਨੂੰ ਪੁੱਛਿਆ ਕਿ ਸੂਚੀ ਲਈ ਖਿਡਾਰੀਆਂ ਦੀ ਚੋਣ ਲਈ ਕਿਹੜੇ ਮਾਪਦੰਡ ਅਪਣਾਏ ਗਏ ਤਾਂ ਉਨ੍ਹਾਂ ਕਿਹਾ ਕਿ ਕੌਮੀ ਫੈਡਰੇਸ਼ਨ, ਸਰਕਾਰੀ ਅਬਜ਼ਰਵਰਾਂ ਅਤੇ ਮੰਤਰਾਲੇ ਦੀ ਆਪਣੀ ਖੋਜ ਕਮੇਟੀ ਨੇ ਖ਼ਿਡਾਰੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਸੀ। ਟੈਨਿਸ ਸਬੰਧੀ ਸੋਮਦੇਵ ਦੇਵਵਰਮਨ ਅਬਜ਼ਰਵਰ ਸਨ।    -ਪੀਟੀਆਈ