ਬੇਅਸਰ ਹੋ ਗਈ ਨੋਟਬੰਦੀ:ਆਰ ਬੀ ਆਈ

0
254

ਨਵੀਂ ਦਿੱਲੀ— ਭਾਰਤ ‘ਚ ਨੋਟਬੰਦੀ ਵਾਕਈ ਬੇਅਸਰ ਹੋ ਗਈ ਹੈ। ਆਰ. ਬੀ. ਆਈ. ਦੇ ਤਾਜ਼ਾ ਅੰਕੜੇ ਤਾਂ ਇਹੀ ਹਾਲਤ ਬਿਆਨ ਕਰ ਰਹੇ ਹਨ। ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਲੋਕ ਬੈਂਕਾਂ ਤੋਂ ਪੈਸਾ ਕੱਢ ਤਾਂ ਰਹੇ ਹਨ ਪਰ ਉਸ ਨੂੰ ਖਰਚ ਨਹੀਂ ਕਰ ਰਹੇ ਹਨ। ਦੂਜੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਲੋਕ ਇਕ ਵਾਰ ਫਿਰ ਤੋਂ ਕਰੰਸੀ ਦੀ ਜਮ੍ਹਾਖੋਰੀ ਕਰ ਰਹੇ ਹਨ। ਰਿਜ਼ਰਵ ਬੈਂਕ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਦੇਸ਼ ਭਰ ‘ਚ ਏ. ਟੀ. ਐੱਮਜ਼ ਨੂੰ ਭਰਨ ਲਈ ਰਿਜ਼ਰਵ ਬੈਂਕ ਨੋਟਾਂ ਦੀ ਛਪਾਈ ਦਾ ਕੰਮ ਤੇਜ਼ੀ ਨਾਲ ਵਧਾ ਚੁੱਕਾ ਹੈ।
ਜਾਣਕਾਰਾਂ ਮੁਤਾਬਕ ਏ. ਟੀ. ਐੱਮ. ਤੋਂ ਪੈਸਾ ਕੱਢਣ ਤੋਂ ਬਾਅਦ ਬਾਜ਼ਾਰ ‘ਚ ਆਉਣ ‘ਚ ਸਮਾਂ ਲੱਗਦਾ ਹੈ। ਅਜਿਹੇ ‘ਚ ਆਰ. ਬੀ. ਆਈ. ਦੀ ਹਫ਼ਤਾਵਾਰ ਰਿਪੋਰਟ ਤੋਂ ਕੈਸ਼ ਜਮ੍ਹਾ ਹੋਣ ਦੀ ਗੱਲ ਦੀ ਪੁਸ਼ਟੀ ਤਾਂ ਨਹੀਂ ਹੋ ਸਕਦੀ ਪਰ ਇਹ ਇਕ ਟਰੈਂਡ ਵੱਲ ਜ਼ਰੂਰ ਖੁਲਾਸਾ ਕਰਦਾ ਹੈ ਕਿ ਹੁਣ ਭਾਰਤ ‘ਚ ਲੋਕ ਫਿਰ ਤੋਂ ਨਕਦੀ ਜਮ੍ਹਾ ਕਰਨ ‘ਤੇ ਜ਼ੋਰ ਦੇਣ ਲੱਗੇ ਹਨ। ਆਰ. ਬੀ. ਆਈ. ਵੱਲੋਂ ਜਾਰੀ ਡਾਟਾ ‘ਤੇ ਨਜ਼ਰ ਮਾਰੀਏ ਤਾਂ 20 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ‘ਚ ਬੈਂਕਾਂ ਤੋਂ 16,340 ਕਰੋੜ ਰੁਪਏ ਕੱਢੇ ਗਏ। ਅਪ੍ਰੈਲ ਦੇ ਪਹਿਲੇ 3 ਹਫਤਿਆਂ ‘ਚ ਕੁਲ 59,520 ਕਰੋੜ ਰੁਪਏ ਕੱਢੇ ਗਏ। ਜਨਵਰੀ-ਮਾਰਚ ਤਿਮਾਹੀ ‘ਚ ਕੁਲ 1.4 ਲੱਖ ਕਰੋੜ ਰੁਪਏ ਕੱਢੇ ਗਏ ਜੋ 2016 ਦੀ ਇਸ ਤਿਮਾਹੀ ਨਾਲੋਂ 27 ਫ਼ੀਸਦੀ ਜ਼ਿਆਦਾ ਹੈ। 20 ਅਪ੍ਰੈਲ ਤੱਕ ਕਰੰਸੀ ਸਰਕੁਲੇਸ਼ਨ 18.9 ਲੱਖ ਕਰੋੜ ਰੁਪਏ ਸੀ। ਇਹ ਅਕਤੂਬਰ 2017 ਤੋਂ 18.9 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਤੋਂ ਕਰੰਸੀ ਸਰਕੁਲੇਸ਼ਨ ‘ਚ ਤੇਜ਼ੀ ਆਈ ਹੈ।