ਬਨਸਪਤੀ ਤੇ ਮਨੁੱਖ ਦੀ ਸਦੀਵੀ ਸਾਂਝ

0
523

ਕਿਤਾਬਾਂ, ਗਰੰਥਾਂ ਤੇ ਕਥਾਵਾਂ ਵਿੱਚ ਜੋ ਪੜ੍ਹਿਆ ਸੁਣਿਆ ਹੈ, ਉਹ ਇਹ ਕਿ ਭਾਰਤੀ ਸੱਭਿਅਤਾ ਮਹਾਨ ਹੈ, ਪਰ ਰੱਬ ਦੀ ਕਹਿਤ ਨੂੰ ਸਮਝਦਾਰ ਤੇ ਗਿਆਨੀ ਮਨੁੱਖ ਆਪਣੀ ਹੈਂਕੜ ਵਿੱਚ ‘ਮੈਂ ਨਾ ਮਾਨੂ’ ਵਾਲੀ ਕਹਾਵਤ ’ਤੇ ਹੀ ਅੜਿਆ ਹੋਇਆ ਹੈ। ਆਧੁਨਿਕ ਸਮਾਜ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਸਕੂਲਾਂ ਵਿੱਚ ਕੁਝ ਰੰਗਾਂ ਦੇ ਬੁਰਸ਼ ਕਾਗਜ਼ ਦੇ ਟੁਕੜਿਆਂ ’ਤੇ ਮਾਰਨ ਲਈ ਆਧੁਨਿਕ ਕੱਪੜਿਆਂ ਵਿੱਚ ਸਜੇ ਬੱਚੇ ਤੇ ਅਧਿਆਪਕ ਵਣ ਮਹਾਉਤਸਵ ਮਨਾ ਰਹੇ ਹਨ। ਹਰਿਆਵਲ ਨੂੰ ਤਰਸਦਾ ਨਵਾਂ ਜ਼ਮਾਨਾ ਹਰੀਆਂ ਵਸਤਾਂ ਤੋਂ ਹੀ ਦੂਰ ਰਹਿਣ ਲੱਗ ਪਿਆ ਹੈ ਕਿਉਂਕਿ ਘਰਾਂ ਕਾਲੋਨੀਆਂ ਵਿੱਚ ਕਿਤੇ ਕੱਚੀ ਧਰਤੀ ਲੱਭਦੀ ਹੀ ਨਹੀਂ। ਪਹਿਲਾਂ ਘਰਾਂ ਵਿੱਚ ਆਮ ਕਰਕੇ ਹਰੇ ਰੰਗ ਦੀ ਪੁਤਾਈ ਹੁੰਦੀ ਸੀ, ਹੁਣ ਇਹ ਰੰਗ ਕਿਤੇ ਵਿਖਾਈ ਹੀ ਨਹੀਂ ਦਿੰਦਾ।
ਭਾਰਤ ਦੇ ਹਰ ਧਰਮ ਗਰੰਥ ਵਿੱਚ ਬਨਸਪਤੀ ਨੂੰ ਵਿਸ਼ੇਸ਼ ਸਥਾਨ ਦਿੱਤਾ ਹੋਇਆ ਹੈ। ਬਨਸਪਤੀ ਤੋਂ ਮਨੁੱਖ ਨੂੰ ਪ੍ਰਾਪਤ ਹੋਣ ਵਾਲੀ ਸਮੱਗਰੀ ਅਤੇ ਉਸ ਦੀ ਵਰਤੋਂ ਦਾ ਗਿਆਨ ਵੀ ਦਿੱਤਾ ਗਿਆ ਹੈ ਇੱਥੋਂ ਤਕ ਕਿ ਦਰੱਖਤ ਤੋਂ ਉਸ ਦੇ ਪੱਤੇ, ਫ਼ਲ, ਫੁੱਲ ਤੋੜਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਪ੍ਰਾਰਥਨਾਂ, ਮੰਤਰਾਂ ਦਾ ਗਿਆਨ ਦਿੱਤਾ ਗਿਆ ਹੈ। ਭਾਵ ਤਾਂ ਇਹ ਹੀ ਰਿਹਾ ਸੀ ਕਿ ਅਸੀਂ ਦਰੱਖਤ ਤੋਂ ਮੰਗ ਕਰਦੇ ਹਾਂ ਕਿ ਉਹ ਸਾਨੂੰ ਆਪਣੇ ਅੰਗ ਦੇਵੇ ਤਾਂ ਕਿ ਸ਼੍ਰਿਸ਼ਟੀ ਵਿੱਚ ਖੁਰਾਕ ਦੀ ਘਾਟ ਨਾ ਰਹੇ ਅਤੇ ਬਿਮਾਰ ਦਾ ਇਲਾਜ ਕੀਤਾ ਜਾ ਸਕੇ। ਇਹ ਕਿਤੇ ਨਹੀਂ ਕਿਹਾ ਗਿਆ ਕਿ ਜਦੋਂ ਚਿਤ ਕਰੇ ਬੂਟੇ ਦੀ ਟਾਹਣੀ ਮਰੋੜ ਦਿਓ, ਪੱਤਾ ਤੋੜ ਲਓ। ਬੂਟਿਆਂ ਵਿੱਚ ਵੀ ਜਾਨ ਹੈ। ਭਾਰਤੀ ਸੱਭਿਅਤਾ ਵਿੱਚ ਤਿੱਥਾਂ ਤਿਓਹਾਰਾਂ ਰਾਹੀਂ ਬਨਸਪਤੀ ਦੇ ਮਹੱਤਵ ਨੂੰ ਸਮਝਾਇਆ ਗਿਆ ਹੈ।
ਪੁਰਾਤਨ ਸਮਿਆਂ ਵਿੱਚ ਬਾਲਣ ਦਾ ਮੁੱਖ ਸਾਧਨ ਦਰੱਖਤ ਹੀ ਸਨ ਜਾਂ ਇੰਜ ਕਿਹਾ ਜਾਵੇ ਕਿ ਗਿਆਨ ਹੀ ਇੱਥੋਂ ਤਕ ਸੀਮਤ ਸੀ। ਸਿਆਣਿਆਂ ਨੇ ਸਿਆਣਪ ਕਰਦਿਆਂ ਬੂਟਿਆਂ ਤੇ ਬਨਸਪਤੀ ਨੂੰ ਰੱਬ ਦੇ ਵੱਖ ਵੱਖ ਰੂਪ ਨਾਲ ਜੋੜ ਦਿੱਤਾ ਅਤੇ ਮਨੁੱਖ ਦੇ ਮਨ ਵਿੱਚ ਭੈਅ ਪਾ ਦਿੱਤਾ ਕਿ ਜੇ ਉਸ ਨੇ ਬਨਸਪਤੀ ਦੀ ਬਰਬਾਦੀ ਕੀਤੀ ਤਾਂ ਪਰਮਾਤਮਾ ਸਜ਼ਾ ਦੇਵੇਗਾ। ਮਨੁੱਖ ਵੱਲੋਂ ਬਨਸਪਤੀ ’ਤੇ ਚਲਾਈ ਜਾ ਰਹੀ ਕੁਹਾੜੀ ਦੀ ਸਜ਼ਾ ਤਾਂ ਮਿਲ ਹੀ ਰਹੀ ਹੈ। ਭਾਰਤ ਦੇ ਪਹਾੜ ਮੈਦਾਨ ਬਣ ਰਹੇ ਹਨ ਤੇ ਮੈਦਾਨ ਰੇਗਿਸਤਾਨ। ਸਮਾਂ ਦੂਰ ਨਹੀਂ ਜਦੋਂ ਬਨਸਪਤੀ ਕੇਵਲ ਕੰਪਿਊਟਰ ਰਾਹੀਂ ਪ੍ਰਿੰਟ ਹੋਣ ਜੋਗੀ ਰਹਿ ਜਾਵੇਗੀ ਤੇ ਅਸਲ ਵਿਖਾਈ ਹੀ ਨਹੀਂ ਦੇਵੇਗੀ।
ਤੁਲਸੀ, ਪਿੱਪਲ ਤੇ ਬਰੋਟੇ ਦੇ ਦਰੱਖਤਾਂ ਨੂੰ ਰਿਸ਼ੀਆਂ ਨੇ ਸਮਾਜ ਨੂੰ ਸੰਭਾਲ ਕੇ ਰੱਖਣ ਦੀ ਹਦਾਇਤ ਦਿੱਤੀ ਨਾਲ ਨਾਲ ਉਨ੍ਹਾਂ ਨੂੰ ਸ਼੍ਰਿਸ਼ਟੀ ਦੇ ਉਤਪਾਦਕ, ਪਾਲਕ ਨਾਲ ਜੋੜ ਦਿੱਤਾ। ਇਸੇ ਲਈ ਤਾਂ ਭਾਰਤੀ ਸਮਾਜ ਵਿੱਚ ਇਨ੍ਹਾਂ ਨੂੰ ਪੁੱਟਣਾ ਤੇ ਵੱਢਣਾ ਵਰਜਿਤ ਹੈ। ਅਸੀਂ ਡਰਦੇ ਇਨ੍ਹਾਂ ਦੀ ਆਪਣੀ ਜਾਨ ਤੋਂ ਵੱਧ ਸੰਭਾਲ ਕਰਦੇ ਹਾਂ, ਭਾਵੇਂ ਧਾਰਮਿਕ ਭਾਵਨਾ ਖਾਤਰ ਹੀ। ਸਾਰੇ ਵੇਖਦੇ ਹੀ ਹਾਂ ਕਿ ਪਿੱਪਲ ਦਾ ਬੂਟਾ ਕੰਧਾਂ ਦੀਆਂ ਦਰਾਰਾਂ ਵਿੱਚ ਉੱਗ ਜਾਵੇ ਤਾਂ ਵੀ ਨਹੀਂ ਪੁੱਟਦੇ, ਭਾਵੇਂ ਕੰਧ ਪਾੜ ਜਾਵੇ। ਇਹ ਸਾਰੇ ਬੂਟੇ ਆਕਸੀਜਨ ਪੈਦਾ ਕਰਦੇ ਹਨ। ਇਹ ਸੰਸਾਰ ਦੇ ਆਕਸੀਜਨ ਜਨਰੇਟਰ ਹਨ।
ਵਟ ਜਾਂ ਬਰੋਟਾ ਪੰਜ ਕਿਸਮ ਦੇ ਮਿਲਦੇ ਹਨ ਅਤੇ ਜਿੱਥੇ ਪੰਜੋਂ ਕਿਸਮਾਂ ਮਿਲਦੀਆਂ ਹੋਣ, ਉਸ ਸਥਾਨ ਨੂੰ ਪੰਚਵਟੀ ਸੱਦਿਆ ਜਾਂਦਾ ਹੈ ਅਤੇ ਭਾਰਤ ਵਿੱਚ ਪੰਜਵਟੀ ਦੀ ਕੀ ਧਾਰਮਿਕ ਮਹੱਤਤਾ ਹੈ, ਇਹ ਸਾਰੇ ਜਾਣਦੇ ਹੀ ਹਨ। ਭਾਰਤੀ ਇਸਤਰੀ ਆਪਣੇ ਅਖੰਡ ਸੁਹਾਗ ’ਤੇ ਉਸ ਦੀ ਲੰਮੀ ਉਮਰ ਲਈ ਬਰੋਟੇ ਦੀ ਪੂਜਾ ਕਰਦੀ ਹੈ। ਬਰੋਟੇ ਦੇ ਦਰੱਖਤ ਦੀ ਉਮਰ ਬਹੁਤ ਲੰਮੀ ਹੁੰਦੀ ਹੈ, ਇਹ ਵਿਗਿਆਨ ਵੀ ਸਾਬਤ ਕਰਦੀ ਹੈ। ਆਂਵਲੇ ਦੇ ਗੁਣਾਂ ਤੋਂ ਕੌਣ ਅਣਜਾਣ ਹੈ? ਆਂਵਲੇ ਦੇ ਖਾਧਾ ਦਾ ਤੇ ਸਿਆਣਿਆਂ ਦਾ ਕਿਹਾ ਬਾਅਦ ਵਿੱਚ ਹੀ ਪਤਾ ਚੱਲਦਾ ਹੈ। ਇਹ ਸੱਚ ਹੀ ਤਾਂ ਹੈ, ਆਂਵਲਾ ਖਾਣ ਵਿੱਚ ਪਹਿਲਾਂ ਤਾਂ ਕੁਸੈਲਾ ਤੇ ਕੌੜਾ ਹੁੰਦਾ ਹੈ, ਪਰ ਬਾਅਦ ਵਿੱਚ ਮਿੱਠਾ। ਕੁਦਰਤ ਨੇ ਇਸ ਦੀ ਪੂਜਾ ਦਾ ਵਿਧਾਨ ਬਣਾ ਦਿੱਤਾ ਤੇ ਇਹ ਬੂਟਾ ਅੱਜ ਵੀ ਜੀਵਤ ਮਿਲਦਾ ਹੈ। ਦਰਅਸਲ, ਪੂਜਾ ਦੇ ਬਹਾਨੇ ਬੂਟਿਆਂ ਨੂੰ ਪਾਣੀ ਵੀ ਮਿਲ ਜਾਂਦਾ ਹੈ। ਬਜ਼ੁਰਗਾਂ ਨੇ ਬਹੁਤੇ ਬੂਟਿਆਂ ਨੂੰ ਘਰਾਂ ਵਿੱਚ ਲਗਾਉਣਾ ਬੁਰਾ ਦੱਸਿਆ ਕਿਉਂਕਿ ਉਹ ਬਹੁਤ ਵੱਡੇ ਦਰੱਖਤ ਬਣ ਜਾਂਦੇ ਸਨ। ਵਟ ਦੇ ਬੂਟੇ ਦਾ ਧੂੰਆਂ ਮਲੇਰੀਆ ਦੇ ਮੱਛਰ ਮਾਰ ਸਕਦਾ ਹੈ ਅਤੇ ਐਂਟੀਬਾਓਟਿਕ ਵੀ ਹੈ। ਇਹ ਬਨਸਪਤੀ ਦਵਾਈ ਵੀ ਹੈ। ਲਾਲੜੀ ਜਾਂ ਰੱਤੀ ਦੇ ਬੂਟੇ ਦੇ ਪੱਤੇ ਚੱਬਣ ਨਾਲ ਮੂੰਹ ਦੇ ਛਾਲੇ ਹਟ ਜਾਂਦੇ ਹਨ।
ਦੱਸਿਆ ਜਾਂਦਾ ਹੈ ਕਿ ਘਰਾਂ ਵਿੱਚ ਅਨਾਰ, ਕਠਲ, ਨਾਗਕੇਸਰ ਦੇ ਬੂਟੇ ਸ਼ੁਭ ਹੁੰਦੇ ਹਨ। ਅਸਲ ਵਿੱਚ ਇਹ ਫ਼ਲ, ਸਬਜ਼ੀ ਅਤੇ ਦਵਾਈ ਵੀ ਦਿੰਦੇ ਹਨ। ਇਸੇ ਤਰ੍ਹਾਂ ਚਮੇਲੀ, ਸਿਰਸ਼ਾ, ਗੁਲਾਬ ਖੁਸ਼ਬੂ ਭਰਿਆ ਵਾਤਵਾਰਨ ਬਣਾਉਂਦੇ ਹਨ। ਨਿਰਗੁੰਡੀ, ਕੇਲਾ, ਅੰਬ ਅਤੇ ਜੌਂਅ ਬਹੁਤ ਲਾਹੇਵੰਦ ਹੁੰਦੇ ਹਨ। ਇਨ੍ਹਾਂ ਨੂੰ ਘਰ ਵਿੱਚ ਜਾਂ ਆਲੇ ਦੁਆਲੇ ਉਗਾਉਣਾ ਚਾਹੀਦਾ ਹੈ। ਅਰਜੁਨ ਦਾ ਦਰੱਖਤ ਵੀ ਲਗਾ ਕੇ ਵੇਖੋ, ਦਵਾਈ ਦੀ ਦਵਾਈ ਤੇ ਇਸਦਾ ਛਿੱਲੜ ਵੇਚ ਕੇ ਪੈਸੇ ਵੀ ਕਮਾ ਸਕੋਗੇ। ਜੋਤਿਸ਼ ਵਿਗਿਆਨ ਨੇ ਵੀ ਬਹੁਤੇ ਦਰੱਖਤਾਂ ਬੂਟਿਆਂ ਨੂੰ ਨਛੱਤਰਾਂ ਨਾਲ ਜੋੜਿਆ ਹੋਇਆ ਹੈ। ਕੁਝ ਵੀ ਕਿਹਾ ਜਾਵੇ ਕੁਦਰਤ ਦਾ ਕੋਈ ਸਾਨੀ ਨਹੀਂ ਹੈ। ਮਨੁੱਖ ਦੀ ਰੱਬ ਅੱਗੇ ਅਰਦਾਸ ਤਾਂ ਹੀ ਪ੍ਰਵਾਨ ਹੋਵੇਗੀ ਜਦੋਂ ਉਹ ਕੁਦਰਤ ਦੀਆਂ ਦਿੱਤੀਆਂ ਦਾਤਾਂ ਦਾ ਸਨਮਾਨ ਕਰੇਗਾ ਅਤੇ ਸੁਰੱਖਿਅਤ ਰੱਖੇਗਾ। ਆਓ ਪ੍ਰਣ ਕਰੀਏ ਕਿ ਅਸੀਂ ਸਾਰੇ ਰਲ ਮਿਲ ਕੇ ਬਨਸਪਤੀ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਕੱਚੀ ਥਾਂ ਰੱਖਾਂਗੇ ਤੇ ਉੱਥੇ ਬੂਟੇ ਉਗਾਵਾਂਗੇ।
ਡਾ. ਰਿਪੁਦਮਨ ਸਿੰਘ ਸੰਪਰਕ : 98152-00134