ਫੀਦਲ ਕਾਸਤਰੋ ਦੀ ਸਿਗਾਰ 26 ਹਜ਼ਾਰ 950 ਡਾਲਰ ‘ਚ ਨਿਲਾਮ

0
414

ਮਿਆਮੀ : ਕਿਊਬਾ ਦੇ ਕਰਾਂਤੀਕਾਰੀ ਆਗੂ ਫੀਦਲ ਕਾਸਤਰੋ ਦੇ ਦਸਤਖ਼ਤ ਵਾਲੇ ਲੱਕੜ ਦੇ ਬਣੇ ਪ੍ਰੀਮੀਅਮ ਸਿਗਾਰ ਬਾਕਸ ਦੀ 26 ਹਜ਼ਾਰ 950 ਡਾਲਰ ‘ਚ ਨਿਲਾਮੀ ਕੀਤੀ ਗਈ ਹੈ। ਬੋਸਟਨ ਆਧਾਰਤ ਆਰ ਆਰ ਆਕਸ਼ਨ ਨੇ ਇਸ ਬਾਰੇ ਵੀਰਵਾਰ ਨੂੰ ਜਾਣਕਾਰੀ ਦਿੱਤੀ।

ਨਿਲਾਮੀ ਕਰਨ ਵਾਲੀ ਸੰਸਥਾ ਆਰ ਆਰ ਨੇ ਦੱਸਿਆ ਕਿ ਇਸ ਬਾਕਸ ‘ਚ ਤਿਰਨੀਦਾਦ ਦੇ ਹੱਥ ਨਾਲ ਬਣੇ ਸਿਗਾਰ ਹਨ ਅਤੇ ਅਸਲੀ ਸੀਲ ਲੱਗੀ ਹੋਈ ਹੈ। ਕਾਸਤਰੋ (1926-2016) ਨੇ ਲੱਕੜੀ ਦਾ ਇਹ ਬਾਕਸ 2002 ‘ਚ ਇਕ ਸਮਾਜਸੇਵਿਕਾ ਡਾ. ਏਵਾ ਹਾਲਰ ਨੂੰ ਨੀਲੇ ਰੰਗ ਦੀ ਸਿਆਹੀ ਨਾਲ ਆਪਣੇ ਦਸਤਖ਼ਤ ਕਰ ਕੇ ਦਿੱਤਾ ਸੀ। ਇਹ ਬਾਕਸ ਕਾਸਤਰੋ ਦੀ ਉਸ ਤਸਵੀਰ ਨਾਲ ਵੇਚਿਆ ਗਿਆ ਜਿਸ ਵਿਚ ਉਹ ਏਵਾ ਨੂੰ ਬਾਕਸ ‘ਤੇ ਦਸਤਖ਼ਤ ਕਰ ਕੇ ਦਿੰਦੇ ਵਿਖਾਈ ਦੇ ਰਹੇ ਹਨ।

ਏਵਾ ਨੇ ਕਿਹਾ ਕਿ ਮੈਂ ਕਾਸਤਰੋ ਨੂੰ ਕਿਹਾ ਸੀ ਕਿ ਜੇ ਉਹ ਮੈਨੂੰ ਦਸਤਖ਼ਤ ਕਰ ਕੇ ਬਾਕਸ ਦੇਵੇਗਾ ਤਾਂ ਮੈਂ ਇਸ ਨੂੰ ਵੇਚ ਕੇ ਪੈਸਾ ਸਮਾਜ ਸੇਵਾ ਦੇ ਕੰਮਾਂ ‘ਚ ਲਗਾਵਾਂਗੀ। ਤਿਰਨੀਦਾਦ ਦਾ ਇਹ ਸਿਗਾਰ 1969 ‘ਚ ਬਣਨਾ ਸ਼ੁਰੂ ਹੋਇਆ ਸੀ ਤੇ ਕਿਊਬਾ ਦੇ ਆਗੂ ਇਨ੍ਹਾਂ ਨੂੰ ਵਿਦੇਸ਼ੀ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਦਿੰਦੇ ਸਨ।