ਪੰਜਾਬ ਸਰਕਾਰ ਲੰਗਾਹ ਦੀ ਘਿਨੌਣੀ ਵੀਡੀਓ ‘ਤੇ ਰੋਕ ਲਾਏ-ਜਾਖੜ

0
266

ਬਟਾਲਾ 1 ਅਕਤੂਬਰ (ਕਾਹਲੋਂ)- ਪੰਜਾਬ ਸਰਕਾਰ ਨੂੰ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਦੀ ਵਾਇਰਲ ਹੋਈ ਘਿਨੌਣੀ ਵੀਡੀਓ ‘ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ | ਇਹ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਕੀਤਾ | ਜ਼ਿਕਰਯੋਗ ਹੈ ਕਿ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ ਅਤੇ ਉਹ ਇਸ ਹਲਕੇ ਤੋਂ ਚੋਣ ਲੜ ਰਹੇ ਹਨ | ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਲੰਗਾਹ ਦੀ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਅਸ਼ਲੀਲ ਵੀਡੀਓ ਬੇਹੱਦ ਸ਼ਰਮਨਾਕ ਗੱਲ ਹੈ ਅਤੇ ਇਹ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਹੈ | ਉਨ੍ਹਾਂ ਕਿਹਾ ਕਿ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਸਾਡੇ ਬੱਚੇ ਜਾਂ ਨੌਜਵਾਨ ਪੀੜ੍ਹੀ ‘ਤੇ ਬੁਰਾ ਪ੍ਰਭਾਵ ਪਵੇਗਾ ਅਤੇ ਸਮਾਜ ਨੂੰ ਇਸ ਹੋਰ ਵੱਡੇ ਧੱਬੇ ਤੋਂ ਬਚਾਉਣ ਲਈ ਸਮਾਜ ਦੇ ਸੱਭਿਅਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਵੀਡੀਓ ‘ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ | ਜਾਖੜ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਮਾੜਾ ਕਰਮ ਕੀਤਾ ਹੈ, ਉਹ ਇਸ ਦੀ ਸਜ਼ਾ ਭੁਗਤਣਗੇ, ਪਰ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਨੂੰ ਉਕਤ ਫੈਸਲਾ ਲੈਣਾ ਚਾਹੀਦਾ ਹੈ |