ਖਲੀ ਤੋਂ ਵੀ 5 ਇੰਚ ਲੰਮਾ ਪੰਜਾਬ ਪੁਲਿਸ ਦਾ ਜਵਾਨ

0
564

ਅੰਮ੍ਰਿਤਸਰ: 7 ਫੁੱਟ 6 ਇੰਚ ਦਾ ਜਗਦੀਪ ਸਿੰਘ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦਾ ਸਭ ਤੋਂ ਲੰਮਾ ਪੁਲਿਸ ਜਵਾਨ ਹੈ। ਅੰਮ੍ਰਿਤਸਰ ਵਿੱਚ ਜਨਮਿਆ ਜਗਦੀਪ ਸਿੰਘ ਪਿਛਲੇ 18 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਕੰਮ ਕਰ ਰਿਹਾ ਹੈ ਤੇ ਕਿਸੇ ਹਸਤੀ ਤੋਂ ਘੱਟ ਨਹੀਂ। ਉਹ 19 ਨੰਬਰ ਦੀ ਜੁੱਤੀ ਪਾਉਂਦਾ ਹੈ ਤੇ ਉਸ ਦਾ ਵਜ਼ਨ 190 ਕਿੱਲੋ ਹੈ। ਉਸ ਦਾ ਕੱਦ WWE ਰੈਸਲਰ ਦਲੀਪ ਸਿੰਘ ਰਾਣਾ ਉਰਫ਼ ਦ ਗਰੇਟ ਖਲੀ ਤੋਂ ਵੀ ਪੰਜ ਇੰਚ ਜ਼ਿਆਦਾ ਹੈ।
ਆਪਣੇ ਕੱਦ ਕਾਰਨ ਜਗਦੀਪ ਨੂੰ ਵਿਸ਼ੇਸ਼ ਤੌਰ ’ਤੇ ਵਰਦੀ ਤਿਆਰ ਕਰਾਉਣੀ ਪੈਂਦੀ ਹੈ। ਉਸ ਨੂੰ ਦੁਨੀਆ ਦਾ ਸਭ ਤੋਂ ਲੰਮਾ ਪੁਲਿਸ ਮੁਲਾਜ਼ਮ ਹੋਣ ਦੀ ਮਾਣ ਹਾਸਲ ਹੈ। ਉਸ ਤੋਂ ਪਹਿਲਾਂ ਇਹ ਖਿਤਾਬ ਹਰਿਆਣਾ ਦੇ 7 ਫੁੱਟ 4 ਇੰਚ ਲੰਮੇ ਰਾਜੇਸ਼ ਨੂੰ ਹਾਸਲ ਸੀ।
ਲੰਮਾ ਕੱਦ ਬਣ ਜਾਂਦਾ ਦਿੱਕਤ:-
35 ਸਾਲਾ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਨੀਆ ਦੇ ਸਭ ਤੋਂ ਲੰਮਾ ਪੁਲਿਸ ਮੁਲਾਜ਼ਮ ਹੋਂ ’ਤੇ ਮਾਣ ਹੈ ਪਰ ਇਸ ਕਰਕੇ ਉਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਈ ਦਿੱਕਤਾਂ ਵੀ ਆਉਂਦੀਆਂ ਹਨ। ਉਹ ਬਾਜ਼ਾਰੋਂ ਆਪਣੇ ਸਾਈਜ਼ ਦੇ ਕੱਪੜੇ ਨਹੀਂ ਲੈ ਸਕਦਾ। ਜਦੋਂ ਉਹ ਕਿਤੇ ਬਾਹਰ ਜਾਂਦਾ ਹੈ ਤਾਂ ਉਸ ਨੂੰ ਬੈੱਡ ’ਤੇ ਸੌਂਣ ਤੇ ਬਾਥਰੂਮ ਵਰਤਣ ਲੱਗਿਆਂ ਬੜੀ ਮੁਸ਼ਕਲ ਆਉਂਦੀ ਹੈ। ਉਸ ਨੂੰ ਆਪਣੇ ਵਿਆਹ ਲਈ ਕੁੜੀ ਲੱਭਣ ਵਿੱਚ ਵੀ ਕਾਫੀ ਮੁਸ਼ਕਲਾਂ ਆਈਆਂ।
ਇਸ ਸਬੰਧੀ ਉਸ ਦੀ ਪਤਨੀ ਸੁਖਬੀਰ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਉਸ ਦਾ ਪਤੀ ਸਭ ਤੋਂ ਲੰਮਾ ਪੁਲਿਸ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਨਾਲ ਕਿਸੇ ਸੈਲਿਬਰਿਟੀ ਵਾਂਗ ਵਿਹਾਰ ਕਰਦੇ ਹਨ।