ਆਸਟਰੇਲੀਆ ‘ਚ ਵੀ ਪਰਵਾਸੀਆਂ ‘ਤੇ ਸਖ਼ਤੀ

0
465

ਮੈਲਬਰਨ: ਪੱਛਮੀ ਮੁਲਕਾਂ ਵਿੱਚ ਵਧਦੇ ਪਰਵਾਸ ਨੂੰ ਵੇਖਦਿਆਂ ਉੱਥੋਂ ਦੇ ਦੇਸ਼ ਹੁਣ ਸਖਤ ਨਿਯਮ ਬਣਾ ਰਹੇ ਹਨ। ਅਮਰੀਕਾ ਤੇ ਕੈਨੇਡਾ ਤੋਂ ਬਾਅਦ ਹੁਣ ਆਸਟਰੇਲੀਆ ਵੀ ਸਖਤ ਕਦਮ ਉਠਾਉਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਆਸਟਰੇਲੀਆ ਸਰਕਾਰ ਪੱਕੀ ਨਾਗਰਿਕਤਾ ਲੈਣ ਵਾਲੇ ਹਰ ਵਿਅਕਤੀ ’ਤੇ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨ ਦੀ ਸ਼ਰਤ ਲਾਉਣ ’ਤੇ ਵਿਚਾਰ ਕਰ ਰਹੀ ਹੈ।
ਇਹ ਐਲਾਨ ਮੁਲਕ ਦੇ ਬਹੁ-ਸੱਭਿਆਚਾਰਕ ਤੇ ਨਾਗਰਿਕਤਾ ਮੰਤਰੀ ਵੱਲੋਂ ਕੀਤਾ ਗਿਆ ਹੈ। ਮੰਤਰੀ ਵੱਲੋਂ ਦਿੱਤੇ ਤਰਕ ਵਿੱਚ ਆਸਟਰੇਲੀਆ ਵਿੱਚ ਆਵਾਸ ਕਰਨ ਵਾਲਿਆਂ ਨੂੰ ਅੰਗਰੇਜ਼ੀ ਵਿੱਚ ਪੜ੍ਹਨੇ ਪਾਉਣ ਦਾ ਮਕਸਦ ਸਮਾਜਿਕ ਪਾੜਾ ਘਟਾਉਣਾ ਹੈ। ਸਰਕਾਰ ਮੁਤਾਬਕ ਆਸਟਰੇਲੀਆ ਆਉਣ ਵਾਲੇ ਵਿਅਕਤੀਆਂ ’ਤੇ ਹਰ ਸਾਲ ਕਰੀਬ 300 ਮਿਲੀਅਨ ਡਾਲਰ ਮੁਫ਼ਤ ਅੰਗਰੇਜ਼ੀ ਸਿੱਖਿਆ ’ਤੇ ਖ਼ਰਚੇ ਜਾ ਰਹੇ ਹਨ, ਪਰ ਇਹ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਪੂਰੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਹੁਣ ਤੱਕ ਹੁਨਰਮੰਦ ਆਵਾਸੀਆਂ ਤੇ ਵਿਦਿਆਰਥੀ ਵੀਜ਼ਿਆਂ ਦੇ ਮੁੱਖ ਵੀਜ਼ਾ ਧਾਰਕਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਹੈ, ਪਰ ਇਨ੍ਹਾਂ ਵੀਜ਼ਿਆਂ ’ਤੇ ਨਾਲ ਆ ਰਹੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ’ਤੇ ਸ਼ਰਤ ਲਾਗੂ ਨਹੀਂ ਹੁੰਦੀ। ਸਰਕਾਰ ਹੁਣ ਸਾਰਿਆਂ ਲਈ ਅੰਗਰੇਜ਼ੀ ਲਾਜ਼ਮੀ ਕਰਨ ਦਾ ਪ੍ਰੋਗਰਾਮ ਤਿਆਰ ਕਰ ਰਹੀ ਹੈ।