ਪੈੱਨ ਨਾਲ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼

0
309

ਪੇਈਚਿੰਗ : ਇਥੇ ਦਿਮਾਗੀ ਤੌਰ ’ਤੇ ਬਿਮਾਰ ਵਿਅਕਤੀ ਵੱਲੋਂ ਫਾਊਂਟੇਨ ਪੈੱਨ ਨੂੰ ਹਥਿਆਰ ਵਜੋਂ ਵਰਤ ਕੇ ਫਲਾਈਟ ਅਮਲੇ ਦੇ ਸਹਾਇਕ ਨੂੰ ਬੰਦੀ ਬਣਾ ਲਿਆ ਗਿਆ ਜਿਸ ਕਾਰਨ ਪੇਈਚਿੰਗ ਜਾ ਰਹੇ ਜਹਾਜ਼ ਨੂੰ ਰਸਤੇ ਵਿੱਚ ਹੀ ਉਤਾਰਨਾ ਪਿਆ। ਜਾਣਕਾਰੀ ਅਨੁਸਾਰ ਏਅਰ ਚੀਨ ਦੀ ਫਲਾਈਟ 1350, ਜੋ ਚਾਂਗਸ਼ਾ ਤੋਂ ਪੇਈਚਿੰਗ ਜਾ ਰਹੀ ਸੀ, ਵਿੱਚ ਜਹਾਜ਼ ਅਮਲੇ ਦੇ ਮੈਂਬਰ ਨੂੰ ਦਿਮਾਗੀ ਤੌਰ ’ਤੇ ਬਿਮਾਰ ਇਕ ਵਿਅਕਤੀ ਵੱਲੋਂ ਬੰਦੀ ਬਣਾ ਲੈਣ ਤੋਂ ਬਾਅਦ ਫਲਾਈਟ ਦਾ ਰਸਤਾ ਬਦਲ ਕੇ ਇਸ ਨੂੰ ਜ਼ੇਂਗਜ਼ੋਊ ਵਿਖੇ ਉਤਾਰਨਾ ਪਿਆ। ਇਹ ਜਹਾਜ਼ ਹੁਆਨ ਪ੍ਰਾਂਤ ਦੀ ਰਾਜਧਾਨੀ ਚਾਗਸ਼ੂ ਤੋਂ ਸਵੇਰੇ 8.40 ਵਜੇ ਉੱਡਿਆ ਸੀ ਤੇ ਤੈਅ ਸਮੇਂ ਅਨੁਸਾਰ ਇਸ ਨੇ ਪੇਈਚਿੰਗ ਦੇ ਇੰਟਰਨੈਸ਼ਨਲ ਹਵਾਈ ਅੱਡੇ ’ਤੇ 11.00 ਵਜੇ ਉਤਰਨਾ ਸੀ। ਪਰ ਇਸ ਘਟਨਾ ਕਾਰਨ ਇਸ ਨੂੰ ਜ਼ੇਂਗਜ਼ਊ ਦੇ ਅੰਤਰਰਾਸ਼ਟਰੀ ਜ਼ੋਂਗਜ਼ੋਊ ਹਵਾਈ ਅੱਡੇ ’ਤੇ 9.58 ਵਜੇ ਉਤਾਰਨਾ ਪਿਆ।
ਸਿਵਿਲ ਏਵੀਏਸ਼ਨ ਐਡਮਨਿਸਟਰੇਸ਼ਨ ਆਫ਼ ਚਾਈਨਾ (ਸੀਏਏਸੀ) ਦਾ ਕਹਿਣਾ ਹੈ ਕਿ ਉਸ ਵਿਅਕਤੀ ਵੱਲੋਂ ਜਹਾਜ਼ ਦੇ ਅਮਲੇ ਨੂੰ ਡਰਾਉਣ ਲਈ ਪੈੱਨ ਦੀ ਵਰਤੋਂ ਕੀਤੀ ਗਈ। ਇਸ ਮਾਮਲੇ ਨਾਲ ਸਫ਼ਲਤਾਪੂਰਵਕ ਨਜਿੱਠ ਲਿਆ ਗਿਆ ਹੈ ਜਿਸ ਕਾਰਨ ਸਾਰੇ ਯਾਤਰੀ ਅਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਸ਼ਿੰਘਾਈ ਦੀ ਆਨ-ਲਾਈਨ ਨਿਊਜ਼ ਏਜੰਸੀ ‘ਦਿ ਪੇਪਰ’ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਅਨਹੂਆ ਦੇ 41 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਕਿ ਦਿਮਾਗੀ ਤੌਰ ’ਤੇ ਬਿਮਾਰ ਹੈ। ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਕਿਹਾ ਕਿ ਘਟਨਾ ਮਗਰੋਂ ਹਵਾਈ ਅੱਡਾ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ।