ਨੌਜਵਾਨ ਪੀੜ੍ਹੀ, ਮੋਬਾਈਲ ਤੇ ਕਿਤਾਬਾਂ

0
153

ਭਾਰਤ ਆਬਾਦੀ ਪੱਖੋਂ ਸੰਸਾਰ ਵਿਚ ਪਹਿਲੇ ਨੰਬਰ ’ਤੇ ਆ ਗਿਆ ਹੈ ਜਾਂ ਨਹੀਂ, ਇਸ ਬਾਰੇ ਕੁਝ ਵਿਵਾਦ ਹੈ। ਕੁਝ ਮਾਹਿਰਾਂ ਮੁਤਾਬਕ ਹਾਲੇ ਭਾਰਤ ਦੀ ਆਬਾਦੀ ਚੀਨ ਨਾਲੋਂ ਰਤਾ ਕੁ ਘੱਟ ਹੈ। ਜੋ ਵੀ ਹੋਵੇ, ਜਿਸ ਰਫ਼ਤਾਰ ਨਾਲ ਦੇਸ਼ ਦੀ ਆਬਾਦੀ ਵਧ ਰਹੀ ਹੈ, ਦੇਰ-ਸਵੇਰ ਇਸ ਨੇ ਇਹ ‘ਸਨਮਾਨ’ ਹਾਸਲ ਕਰ ਹੀ ਲੈਣਾ ਹੈ। ਅਗਲੀ ਗੱਲ ਹੈ ਕਿ ਭਾਰਤ ਲਈ ਇੰਨੀ ਜ਼ਿਆਦਾ ਆਬਾਦੀ ਵਰਦਾਨ ਹੈ ਜਾਂ ਸਰਾਪ? ਇਸ ਸਬੰਧੀ ਵੀ ਵਿਦਵਾਨਾਂ ਦੇ ਅਲੱਗ ਅਲੱਗ ਵਿਚਾਰ ਅਤੇ ਮਤ ਹਨ। ਆਬਾਦੀ ਅਤੇ ਜਨ ਸ਼ਕਤੀ ਕਿਸੇ ਖਿੱਤੇ ਜਾਂ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਜੋ ਦੇਸ਼ ਨੂੰ ਬੁਲੰਦੀਆਂ ’ਤੇ ਲੈ ਕੇ ਜਾਂਦੀ ਹੈ। ਪਰ ਇਸ ਨਾਲ ਧਰਤੀ ’ਤੇ ਰਹਿਣ ਲਈ ਜ਼ਮੀਨ ਉਪਲਬਧ ਨਾ ਹੋਣ ਕਰਕੇ, ਭੋਜਨ ਦੀ ਪੂਰਤੀ ਨਾ ਹੋਣ ਕਰਕੇ ਧਰਤੀ ਅਤੇ ਵਾਤਾਵਰਨ ’ਤੇ ਬੋਝ ਵਧਣਾ ਸੁਭਾਵਕ ਹੈ।

ਸਮੇਂ ਦੇ ਬਦਲਣ ਨਾਲ ਸਾਡਾ ਰਹਿਣ ਸਹਿਣ, ਗੱਲਬਾਤ ਕਰਨ, ਪਹਿਰਾਵੇ ਅਤੇ ਆਲ਼ੇ ਦੁਆਲ਼ੇ ਵਿੱਚ ਅਦਭੁਤ ਕ੍ਰਾਂਤੀ ਆਈ। ਤਕਨਾਲੋਜੀ ਅਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠਾਂ ਆਏ ਬਦਲਾਵਾਂ ਨੇ ਪੰਜਾਬੀ ਸੱਭਿਆਚਾਰ ਨੂੰ ਖੂੰਜੇ ਲਾ ਕੇ ਲੋਕਾਂ ਨੂੰ ਪੱਛਮੀ ਸੱਭਿਅਤਾ ਦਾ ਪਾਣ ਚੜ੍ਹਾ ਦਿੱਤਾ ਹੈ। ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਘੱਟ ਹੋਣ ਕਰਕੇ ਸਭ ਤੋਂ ਜ਼ਿਆਦਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨਾਂ ਵਿਚ ਇਸ ਤਬਦੀਲੀ ਨੂੰ ਦੇਖਿਆ ਜਾ ਸਕਦਾ ਹੈ। ਕੋਈ ਸਮਾਂ ਸੀ ਜਦੋਂ ਕਿਤੇ ਦੂਰ ਸੁਨੇਹਾ ਪਹੁੰਚਾਉਣਾ ਹੁੰਦਾ ਤਾਂ ਚਿੱਠੀ ਦੀ ਵਰਤੋਂ ਕੀਤੀ ਜਾਂਦੀ। ਚਿੱਠੀ ਪਹੁੰਚਦੀ ਪਹੁੰਚਦੀ ਹਫਤੇ-ਮਹੀਨੇ ਲਗਾ ਦਿੰਦੀ ਸੀ। ਚਿੱਠੀਆਂ ਪਹੁੰਚਾਉਣ ਲਈ ਕਬੂਤਰਾਂ ਦੀ ਵੀ ਵਰਤੋਂ ਹੁੰਦੀ ਰਹੀ ਹੈ, ਜਿਨ੍ਹਾਂ ਨੂੰ ਅਕਸਰ ਫਿਲਮਾਂ ਵਿੱਚ ਵੀ ਸੰਦੇਸ਼ ਵਾਹਕ ਦੇ ਤੌਰ ’ਤੇ ਦਿਖਾਇਆ ਜਾਂਦਾ ਹੈ। ਪਰ ਹੁਣ ਸਮਾਂ ਬਦਲ ਚੁੱਕਾ ਹੈ ਤੇ ਇੱਕ ਸੰਦੇਸ਼ ਨੂੰ ਪਹੁੰਚਾਉਣ ਲਈ ਹੁਣ ਹਫ਼ਤਾ ਨਹੀਂ ਇੱਕ ਸਕਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ। ਦੂਰ ਬੈਠੇ ਆਪਣੇ ਹੁਣ ਦੂਰ ਨਹੀਂ ਰਹੇ ਸਗੋਂ ਨੇੜੇ ਹੋ ਗਏ ਹਨ ਪਰ ਇਸ ਤਕਨਾਲੋਜੀ ਦੇ ਵਾਧੇ ਨੇ ਕੁਝ ਅਜਿਹੇ ਚਕਰਵਿਊ ਬਣਾ ਦਿੱਤੇ ਕਿ ਮਨੁੱਖ ਦਿਨੋਂ ਦਿਨ ਇਸ ਵਿੱਚ ਧਸਦਾ ਹੀ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿਸੇ ਅਧਖੜ ਉਮਰ ਵਾਲੇ ਵਿਅਕਤੀ ਕੋਲ ਤਾਂ ਇੱਕ ਮੋਬਾਈਲ ਫੋਨ ਹੁੰਦਾ ਹੈ ਪਰ ਨੌਜਵਾਨ ਇੱਕ ਤੋਂ ਵੱਧ ਮੋਬਾਈਲ ਫ਼ੋਨ ਰੱਖਦੇ ਹੋਏ ਚਾਰ-ਚਾਰ ਸਿੰਮਾਂ ਦੇ ਮਾਲਕ ਹਨ। ਲੋੜ ਤੋਂ ਵੱਧ ਸਮਾਂ ਮੋਬਾਈਲ ’ਤੇ ਬਿਤਾਉਂਦੇ ਹੋਏ ਸਮਾਜ, ਮਾਪਿਆਂ, ਪੜ੍ਹਾਈ-ਲਿਖਾਈ ਤੇ ਕਿਤਾਬਾਂ ਤੋਂ ਬੇਮੁੱਖ ਹੋ ਰਹੇ ਹਨ। ਕਿਤਾਬਾਂ ਉੱਤੋਂ ਮਿੱਟੀ ਕਦੇ ਝਾੜੀ ਹੋਵੇ ਜਾਂ ਨਾਂ ਪਰ ਮੋਬਾਈਲ ਨੂੰ ਰੋਜ਼ ਸਵੇਰੇ ਸ਼ਾਮ ਸਾਫ਼ ਕਰਦੇ ਨਜ਼ਰ ਆਉਂਦੇ ਹਨ। ਫੇਸਬੁੱਕ, ਇੰਸਟਾਗ੍ਰਾਮ ’ਤੇ ਫੋਟੋ ਪਾ ਕੇ ਕੁਮੈਂਟਾਂ ਅਤੇ ਲਾਈਕ ਪ੍ਰਾਪਤ ਕਰਨ ਦੇ ਚੱਕਰ ਵਿੱਚ ਆਪਣੇ ਪੜ੍ਹਾਈ ਦੇ ਸਮੇਂ ਨੂੰ ਦਾਅ ਤੇ ਲਗਾ ਰਹੇ ਹਨ। ਇਸਦੇ ਨਤੀਜੇ ਕੀ ਨਿਕਲਣਗੇ, ਇਹ ਤਾਂ ਭਵਿੱਖ ਹੀ ਦੱਸੇਗਾ ਪਰ ਇਹ ਲੋਕ ਅਨਪੜ੍ਹਾਂ ਨਾਲੋਂ ਵੀ ਖਤਰਨਾਕ ਸਾਬਿਤ ਹੋਣਗੇ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਅਧੂਰਾ ਗਿਆਨ, ਗਿਆਨ ਨਾ ਹੋਣ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਅਤੇ ਰਿਸ਼ਤਿਆਂ ਵਿੱਚ ਘੱਟ ਰਹੀ ਮਿਠਾਸ ਲਈ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਅਤੇ ਇੱਕ ਦੂਜੇ ਲਈ ਸਮਾਂ ਨਾ ਹੋਣਾ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਬੱਚੇ, ਬਜ਼ੁਰਗਾਂ ਦੇ ਪਿਆਰ ਤੋਂ ਵਿਹੂਣੇ ਹੁੰਦੇ ਹੋਏ, ਬਜ਼ੁਰਗ ਇਕੱਲਤਾ ਵਿਚ ਗ੍ਰਸੇ ਹੋਏ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਲੰਘਾ ਰਹੇ ਹਨ। ਨੌਜਵਾਨਾਂ ਦਾ ਵਤੀਰਾ ਰਤਾ ਵੀ ਤਸੱਲੀਬਖ਼ਸ਼ ਨਹੀਂ। ਬਜ਼ੁਰਗਾਂ ਅਤੇ ਘਰਦਿਆਂ ਦੀ ਸਲਾਹ ਲੈਣਾ ਉਹ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਕਾਲਜਾਂ ਵਿੱਚ ਪਹੁੰਚ ਗਏ ਹਨ, ਨੌਜਵਾਨ ਹਨ ਅਤੇ ਆਪਣੇ ਫੈਸਲੇ ਆਪ ਲੈ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਕੌਣ ਸਮਝਾਵੇ ਕਿ ਤੁਹਾਡੇ ਕੋਲ ਸਭ ਕੁਝ ਹੈ ਪਰ ਜ਼ੋ ਜ਼ਿੰਦਗੀ ਦਾ ਤਜਰਬਾ ਸਾਡੇ ਵੱਡਿਆਂ ਬਜ਼ੁਰਗਾਂ ਦਾ ਅਤੇ ਮਾਪਿਆਂ ਦਾ ਵੱਧ ਹੈ, ਉਹ ਕਿੱਥੋਂ ਲੈ ਕੇ ਆਉਣਗੇ। ਚਾਰ ਪੋਥੀਆਂ ਪੜ੍ਹਨ ਨਾਲ ਕੋਈ ਵਿਦਵਾਨ ਨਹੀਂ ਬਣ ਜਾਂਦਾ, ਜ਼ਿੰਦਗੀ ਵੀ ਹਰ ਰੋਜ਼ ਇਮਤਿਹਾਨ ਲੈਂਦੀ ਹੈ, ਇਸਦੇ ਤਜਰਬੇ ਦਾ ਵੀ ਕੋਈ ਮੁੱਲ ਨਹੀਂ। ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ। ਮਨੁੱਖ ਗਲਤੀਆਂ ਦਾ ਪੁਤਲਾ ਹੈ ਉਹ ਵਾਰ ਵਾਰ ਗਲਤੀਆਂ ਕਰਦਾ ਹੈ ਪਰ ਗਲਤੀਆਂ ਨੂੰ ਸੁਧਾਰਨ ਲਈ ਗਿਆਨ ਦੀ ਲੋੜ ਹੁੰਦੀ ਹੈ ਅਤੇ ਕਿਤਾਬਾਂ ਗਿਆਨ ਦਾ ਮਹਾਨ ਸੋਮਾ ਹਨ। ਕਿਤਾਬਾਂ ਬਿਨਾਂ ਗਿਆਨ ਪ੍ਰਾਪਤੀ ਹੋਣਾ ਅਸੰਭਵ ਹੈ। ਪਰ ਦਿਨੋਂ ਦਿਨ ਮੋਬਾਈਲ ਦੇ ਮੱਕੜਜਾਲ ਵਿਚ ਫ਼ਸ ਰਹੀ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਬੇਮੁੱਖ ਹੁੰਦੀ ਹੋਈ ਨਸ਼ਿਆਂ ਅਤੇ ਸਮਾਜਿਕ ਵਿਕਾਰਾਂ ਵਿੱਚ ਉਲਝ ਕੇ ਮਾੜੇ ਭਵਿੱਖ ਵੱਲ ਵਧ ਰਹੀ ਹੈ। ਅੱਜ ਲੋੜ ਹੈ ਕਿਤਾਬਾਂ ਵੱਲ ਪਰਤਣ ਦੀ, ਉਨ੍ਹਾਂ ਨੂੰ ਫਰੋਲ ਕੇ ਗਿਆਨ ਪ੍ਰਾਪਤ ਕਰਨ ਦੀ, ਤਾਂ ਕਿ ਜ਼ਿੰਦਗੀ ਦੀਆਂ ਮੁਸ਼ਕਿਲਾਂ, ਸਮਾਜਿਕ ਮਸਲਿਆਂ ਨੂੰ ਸੁਲਝਾਉਣ ਵਿਚ ਆਸਾਨੀ ਹੋ ਸਕੇ।
ਰਜਵਿੰਦਰ ਪਾਲ ਸ਼ਰਮਾ: ਸੰਪਰਕ: 70873-67969