ਨਿਊ ਜ਼ੀਲੈਂਡ ’ਚ ਅੱਧੀ ਆਬਾਦੀ ਨਾਸਤਿਕ

0
523

ਨਿਊਜ਼ੀਲੈਂਡ ਦਾ ਵਿਵਾਦਤ ਮਰਦਮਸ਼ੁਮਾਰੀ (ਜਨਗਣਨਾ – Census) ਅੰਕੜਾ ਸੋਮਵਾਰ ਸ਼ਾਮੀਂ ਜਾਰੀ ਕਰ ਦਿੱਤਾ ਗਿਆ ਹੈ। ਇਸ ਅੰਕੜੇ ਤੇ ਪਹਿਲੇ ਸਰੂਪ ਨੂੰ ਦੇਖਦਿਆਂ ਨਿਊਜ਼ੀਲੈਂਡ ਦੀ ਮਲਟੀ ਕਰਲਚਰਲ ਬਹੁਲਤਾ ਝਲਕਾਰੇ ਮਾਰਦੀ ਨਜ਼ਰ ਆ ਰਹੀ ਹੈ। 2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਅਬਾਦੀ ਵਾਲੇ ਇਸ ਮੁਲਕ ਵਿਚ ਦੁਨੀਆਂ ਦਾ ਹਰ ਰੰਗ ਆਪਣੀ ਝਾਤ ਪਵਾਉਂਦਾ ਨਜ਼ਰ ਆ ਰਿਹਾ ਹੈ।

180 ਕੌਮੀਅਤਾਂ ਜਾਂ ਕੌਮਾਂ ਇਸ ਮੁਲਕ ਵਿਚ ਵੱਸਦੀਆਂ ਹਨ। ਜਿਹਨਾਂ ਵਿਚ ਨਿਊਜ਼ੀਲੈਂਡ ਯੂਰਪੀਨ 30,25,587 ਦੀ ਅਬਾਦੀ ਨਾਲ ਸਭ ਤੋਂ ਪਹਿਲੇ ਨੰਬਰ ਤੇ ਹਨ। ਜਦੋਂਕਿ ਦੂਸਰਾ ਨੰਬਰ ਸਥਾਨਿਕ ਮੂਲਵਾਸੀ ਮੌਰੀ ਭਰਾਵਾਂ ਦਾ ਹੈ ਜੋ ਕਿ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 7,77,195 ਹਨ। ਤੀਸਰੇ ਨੰਬਰ ਤੇ ਸੱਤ ਕਿਸਮ ਦੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਅਬਾਦੀ ਨਾਲ ਆਪਣਾ ਡੰਕਾ ਵਜਾਉਂਦੇ ਨਜ਼ਰ ਆ ਰਹੇ ਹਨ।

ਇਥੇ ਭਾਰਤੀ ਮੂਲ ਦੇ ਦੇ ਲੋਕ ਸਮੂਹਿਕ ਤੌਰ ਤੇ 2,44,717 ਲੱਖ ਦੀ ਅਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਪੂਰੇ ਮੁਕਾਬਲੇ ਵਿਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀ ਲੰਕਨ, ਨੇਪਾਲ, ਭੁਟਾਨੀਂ ਅਤੇ ਅਫਗਾਨ ਮੂਲ ਦੇ ਲੋਕਾਂ ਨੂੰ ਆਪਿਸ ਵਿਚ ਜੋੜ ਕੇ ਦੱਖਣ ਏਸ਼ੀਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ , ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਦੇ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿਚ ਆਪਣੀ ਵੱਖਰੀ ਪਹਿਚਾਣ ਦਾ ਪਰਚਮ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਕਿਓਂਕਿ ਇਸ ਖਿੱਤੇ ਦੇ ਬਹੁਤ ਸਾਰੇ ਰਸਮੋ ਰਿਵਾਜ਼ ,ਬੋਲੀਆਂ ,ਖਾਣੇ ਇੱਕ ਦੂਸਰੇ ਨਾਲ ਅੰਤਰ ਸੰਬੰਧਿਤ ਹਨ।

ਇਸ ਵਾਰ ਦੀ ਨਿਊਜ਼ੀਲੈਂਡ ਦੀ ਮਰਦਮਸ਼ੁਮਾਰੀ ਵਿਚ ਇੱਕ ਹੋਰ ਖਾਸ਼ ਤੌਰ ਤੇ ਦੇਖਣ ਵਾਲੀ ਹੈ ਕਿ ਇਸ ਮੁਲਕ ਵਿਚ ਲੋਕ ਲਗਾਤਾਰ ਧਰਮ ਤੋਂ ਆਪਣਾ ਮੁਖ ਮੋੜਦੇ ਨਜ਼ਰ ਆ ਰਹੇ ਹਨ , ਜੋ ਕਿ ਕਾਫੀ ਹੈਰਾਨੀਜਨਕ ਹੈ। ਤਰਨਦੀਪ ਬਿਲਾਸਪੁਰ ਨੇ ਤਾਜ਼ਾ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿਚ ਆਸਥਾ ਨਹੀਂ ਰੱਖਦੇ , ਭਾਵ ਕਿ ਨਾਸਤਿਕ ਹਨ।

ਇਹ ਗ੍ਰਾਫ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵੱਧਿਆ ਹੈ। ਪਿਛਲੀ ਬਾਰ 41.92 ਫ਼ੀਸਦ ਲੋਕਾਂ ਨੇ ਆਪਣੇ ਆਪ ਨੂੰ ਨਾਸਤਿਕ ਦਰਸਾਇਆ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਭ ਤੋਂ ਜਿਆਦਾ ਨਾਸਤਿਕ ਲੋਕਾਂ ਦੀ ਗਿਣਤੀ ਕਰਿਸਚਨ (ਮਸੀਹੀ ਜਾਂ ਈਸਾਈ) ਧਰਮ ਵਿਚੋਂ ਆਉਣ ਵਾਲਿਆਂ ਦੀ ਹੈ। ਕਿਓਂਕਿ 2013 ਦੇ ਤਕਰੀਬਨ 47 ਫ਼ੀਸਦ ਕਰਿਸਚਨ 2018 ਦੀ ਜਨਗਣਨਾ ‘ਚ 10 ਫ਼ੀਸਦ ਦੀ ਖੜੋਤ ਨਾਲ 37 ਫ਼ੀਸਦ ਤੇ ਆਕੇ ਖੜ ਗਏ ਹਨ।

ਪਰ ਦੂਸਰੇ ਪਾਸੇ ਬਾਹਰੋਂ ਆਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਵਿਚ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਵਿਚ ਸਿੱਖ ਭਾਈਚਾਰੇ ਦੀ ਗਿਣਤੀ 2013 ਦੀ 19,191 ਤੋਂ ਵਧਕੇ 2018 ‘ਚ 40,908 ਭਾਵ ਕਿ ਦੁੱਗਣੀ ਹੋ ਗਈ ਹੈ। ਇਸੇ ਤਰੀਕੇ ਨਾਲ ਮੁਸਲਿਮ ਧਰਮ ਦੇ ਪੈਰੋਕਾਰ ਇਸ ਮੁਲਕ ਵਿਚ 46,149 ਤੋਂ ਵਧਕੇ 61,455 ਹੋ ਗਏ ਹਨ। ਇਸੇ ਤਰੀਕੇ ਨਾਲ ਹਿੰਦੂ ਧਰਮ ਵੀ 2013 ਦੀ ਜਨਗਣਨਾ ਦੀ ਗਿਣਤੀ 89,319 ਤੋਂ ਵੱਧਕੇ 2018 ‘ਚ 1,23,534 ਤੱਕ ਅੱਪੜ ਗਈ ਹੈ।

ਇਸਤੋਂ ਇਲਾਵਾ ਇਸ ਜਨਗਣਨਾਂ ਵਿਚ ਨਿਊਜ਼ੀਲੈਂਡ ਵਿਚ ਜਨਮ ਲੈਣ ਵਾਲੇ ਲੋਕਾਂ ਤੋਂ ਬਾਅਦ ,ਬਰਤਾਨੀਆਂ (210915)ਵਿਚ ਜਨਮ ਲੈਣ ਵਾਲੇ ਲੋਕਾਂ ਦੀ ਗਿਣਤੀ ਦੂਸਰੇ ਨੰਬਰ ਤੇ ਹੈ , ਚੀਨ (132906) ਵਿਚ ਜਨਮ ਲੈਣ ਵਾਲੇ ਲੋਕ ਤੀਸਰੇ ਨੰਬਰ ਤੇ ਆਉਂਦੇ ਹਨ ਤੇ ਇਸ ਮਾਮਲੇ ਵਿਚ ਭਾਰਤ (117348) ਮੁੜ ਚੌਥੇ ਨੰਬਰ ਤੇ ਆਪਣੀ ਹਾਜ਼ਰੀ ਲਗਵਾ ਰਿਹਾ ਹੈ।