ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ 5 ਮੀਟਰ ਦਸਤਾਰ ਸਜਾਉਣ ਦੀ ਅਪੀਲ

0
275

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਬੰਧਕ ਕਮੇਟੀ ਵਲੋਂ ਹਾਂਗਕਾਂਗ ਦੇ ਕਾਨੂੰਨ ਵਿਚ ਹੈਲਮਟ ਤੋਂ ਛੋਟ ਪ੍ਰਾਪਤ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਹਦਾਇਤਾਂ ਤੇ ਡਰਾਇਵਿੰਗ ਦੌਰਾਨ ਘੱਟੋ-ਘੱਟ 5 ਮੀਟਰ ਦਸਤਾਰ ਸਜਾਉਣ ਦੀ ਅਪੀਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿਚ ਦਸਤਾਰ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਹਾਂਗਕਾਂਗ ਸਰਕਾਰ ਵਲੋਂ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਹੋਈ ਹੈ ਪਰ ਕੁਝ ਵਿਅਕਤੀਆਂ ਵਲੋਂ ਇਸ ਛੋਟ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਕੇਵਲ ਰੁਮਾਲ ਜਾਂ ਛੋਟੇ ਪਰਨੇ ਧਾਰਨ ਕਰ ਕੇ ਮੋਟਰਸਾਈਕਲ ਚਲਾਏ ਜਾ ਰਹੇ ਹਨ ਅਤੇ ਬੀਤੇ ਦਿਨੀਂ ਕੁਝ ਸੜਕ ਹਾਦਸਿਆਂ ਵਿਚ ਅਜਿਹੇ ਕੁਝ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਇਸ ਛੋਟ ਨੂੰ ਬਾਰਕਰਾਰ ਰੱਖਣ ਦੇ ਮੱਦੇਨਜ਼ਰ ਦਸਤਾਰ ਦੇ ਸਰੂਪ ਸਬੰਧੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਪ੍ਰਬੰਧਕ ਕਮੇਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਖ਼ਾਲਸਾ ਦੀਵਾਨ ਵਲੋਂ ਜਾਰੀ ਹੈਲਮਟ ਤੋਂ ਛੋਟ ਦਾ ਪਰਮਟ ਰੱਦ ਕੀਤਾ ਜਾਵੇਗਾ | ਪ੍ਰਬੰਧਕ ਕਮੇਟੀ ਵਲੋਂ ਹਾਂਗਕਾਂਗ ਦੇ ਕਾਨੂੰਨ ਵਿਚ ਸਿੱਖ ਰਵਾਇਤਾਂ ਦਾ ਮਾਣ-ਸਤਿਕਾਰ ਬਹਾਲ ਰੱਖਣ ਲਈ ਉਪਰੋਕਤ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ |