ਚੀਨ ਨੇ ਕੀਤਾ ਰੱਖਿਆ ਬਜਟ ’ਚ ਭਾਰੀ ਵਾਧਾ

0
437

ਬੀਜਿੰਗ , ਪੀਟੀਆਈ: ਲੱਦਾਖ ਸਰਹੱਦ ‘ਤੇ ਭਾਰਤ ਨਾਲ ਤਣਾਅ ਅਤੇ ਅਮਰੀਕਾ ਨਾਲ ਵੱਧਦੇ ਤਣਾਅ ਵਿਚਕਾਰ ਚੀਨ ਨੇ ਆਪਣੇ ਰੱਖਿਆ ਬਜਟ ਵਿਚ ਭਾਰੀ ਵਾਧਾ ਕੀਤਾ ਹੈ। ਉਸ ਨੇ ਸ਼ੁੱਕਰਵਾਰ ਨੂੰ 209 ਅਰਬ ਡਾਲਰ (ਕਰੀਬ 15 ਲੱਖ ਕਰੋੜ ਰੁਪਏ) ਦੇ ਭਾਰੀ ਭਰਕਮ ਰੱਖਿਆ ਬਜਟ ਦਾ ਐਲਾਨ ਕੀਤਾ। ਉਸ ਦਾ ਇਹ ਬਜਟ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਬੀਜਿੰਗ ਨੇ ਪਿਛਲੇ ਸਾਲ ਦੀ ਤੁਲਨਾ ਵਿਚ 2021 ਦੇ ਰੱਖਿਆ ਬਜਟ ਵਿਚ 6.8 ਫ਼ੀਸਦੀ ਦਾ ਵਾਧਾ ਕੀਤਾ ਹੈ। ਉਸ ਦਾ ਪਿਛਲੇ ਸਾਲ ਦਾ ਰੱਖਿਆ ਬਜਟ 196 ਅਰਬ ਡਾਲਰ ਦਾ ਸੀ।

ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਦੇਸ਼ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੇ ਇਜਲਾਸ ਦੇ ਪਹਿਲੇ ਦਿਨ ਰੱਖਿਆ ਬਜਟ ਵਿਚ ਵਾਧੇ ਦਾ ਐਲਾਨ ਕੀਤਾ। ਫ਼ੌਜੀ ਖ਼ਰਚਿਆਂ ਵਿਚ ਵਾਧੇ ਦਾ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਲੱਦਾਖ ਸਰਹੱਦ ‘ਤੇ ਭਾਰਤ ਨਾਲ ਤਣਾਅ ਚੱਲ ਰਿਹਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਤਣਾਅ ਵਾਲੇ ਖੇਤਰਾਂ ਵਿਚ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਉਧਰ, ਚੀਨ ਦਾ ਅਮਰੀਕਾ ਨਾਲ ਵੀ ਫ਼ੌਜੀ ਅਤੇ ਸਿਆਸੀ ਤਣਾਅ ਵੱਧਦਾ ਜਾ ਰਿਹਾ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਇਸ ਸਾਲ ਰੱਖਿਆ ‘ਤੇ 209 ਅਰਬ ਡਾਲਰ ਖ਼ਰਚ ਕੀਤੇ ਜਾਣਗੇ। ਇਹ ਲਗਾਤਾਰ ਛੇਵਾਂ ਅਜਿਹਾ ਸਾਲ ਹੈ ਜਦੋਂ ਰੱਖਿਆ ਬਜਟ ਵਿਚ ਵਾਧਾ ਇਕਾਈ ਅੰਕ ਵਿਚ ਰਿਹਾ। ਦੇਸ਼ ਦੇ ਰੱਖਿਆ ਬਜਟ ਨੇ ਪਹਿਲੀ ਵਾਰ 200 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕੀਤਾ ਹੈ। ਹਾਲਾਂਕਿ ਰੱਖਿਆ ਬਜਟ ਦੇ ਮਾਮਲੇ ਵਿਚ ਚੀਨ ਹੁਣ ਵੀ ਅਮਰੀਕਾ ਤੋਂ ਕਾਫ਼ੀ ਪਿੱਛੇ ਹੈ।