ਓਸੀਆਈ ਕਾਰਡ ਦੀ ਪ੍ਰਕਿਰਿਆ ਵਿਚ ਸੁਧਾਰ ਦਾ ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਸਵਾਗਤ

0
393

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਪਰਵਾਸੀ ਭਾਰਤੀ (ਓਸੀਆਈ) ਕਾਰਡ ਦੀ ਵੈਧਤਾ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਭਾਰਤ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਿਦੇਸ਼ਾਂ ਵਿਚ ਰਹਿਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਚੁਣ ਸਕਣਗੇ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਓਸੀਆਈ ਕਾਰਡਧਾਰਕਾਂ ਨੂੰ ਆਪਣੇ ਕਾਰਡ ਨੂੰ ਕਈ ਵਾਰ ਜਾਰੀ ਕਰਾਉਂਦੇ ਰਹਿਣ ਦੇ ਮੌਜੂਦਾ ਨਿਯਮ ਦੀ ਬਜਾਏ ਹੁਣ 20 ਸਾਲ ਉਮਰ ਹੋਣ ’ਤੇ ਹੀ ਦਸਤਾਵੇਜ਼ ਨੂੰ ਮੁੜ ਜਾਰੀ ਕਰਾਉਣਾ ਹੋਵੇਗਾ। ‘ਗਲੋਬਲ ਆਰਗੇਨਾਈਜ਼ੇਸ਼ਨ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ’ ਦੇ ਪ੍ਰਧਾਨ ਥੌਮਸ ਅਬਰਾਹਮ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਨਾਲ 20 ਤੋਂ 50 ਸਾਲ ਉਮਰ ਦੇ ਕਈ ਓਸੀਆਈ ਕਾਰਡ ਧਾਰਕਾਂ ਵਿਚ ਕਾਰਡ ਮੁੜ ਜਾਰੀ ਕਰਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਭਰਮ ਦੂਰ ਹੋਵੇਗਾ ਅਤੇ ਕਿਸੇ ਨੂੰ ਵੀ ਓਸੀਆਈ ਕਾਰਡ ਮੁੜ ਜਾਰੀ ਕਰਾਉਣ ਲਈ ਪੂਰੀ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਪਵੇਗਾ।’’ ਉਨ੍ਹਾਂ ਕਿਹਾ, ‘‘ਇਸ ਨਾਲ ਵਿਦੇਸ਼ ਵਿਚ ਰਹਿਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਓਸੀਆਈ ਬਣਨ ਲਈ ਉਤਸ਼ਾਹਿਤ ਹੋਣਗੇ ਅਤੇ ਇਸ ਨਾਲ ਭਾਰਤ ਵਿਚ ਉਨ੍ਹਾਂ ਦੀ ਯਾਤਰਾ ਤੇ ਨਿਵੇਸ਼ ਨਾਲ ਦੇਸ਼ ਨੂੰ ਵੀ ਲਾਭ ਹੋਵੇਗਾ। ਕੇਂਦਰੀ ਮੰਤਰਾਲੇ ਨੇ ਕਿਹਾ, ‘‘ਓਸੀਆਈ ਕਾਰਡਧਾਰਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।’’