ਕੈਨੇਡਾ ਵੈਨਕੂਵਰ ਕੌਂਸਲ ਨੇ ਕਾਮਾਗਾਟਾਮਾਰੂ ਘਟਨਾ ‘ਤੇ ਮਾਫ਼ੀ ਮੰਗੀ

0
371

ਸਰੀ : ਵੈਨਕੂਵਰ ਦੀ ਸਿਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ 23 ਮਈ, 1914 ਨੂੰ ਵੈਨਕੂਵਰ ਦੀ ਧਰਤੀ ‘ਤੇ ਵਾਪਰੇ ਕਾਮਾਗਾਟਾਮਾਰੂ ਨਸਲੀ ਦੁਖਾਂਤ ਸਬੰਧੀ ਮਾਫ਼ੀ ਮੰਗੀ ਗਈ ਹੈ। ਕੌਂਸਲ ਵੱਲੋਂ ਇਸ ਸਮੇਂ ਹਰ ਸਾਲ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਇਹ ਮਤਾ ਕੌਂਸਲਰ ਜੀਅਨ ਸਵੈਨਸਨ ਵੱਲੋਂ ਕੌਂਸਲ ਵਿਚ ਪੇਸ਼ ਕੀਤਾ ਗਿਆ ਜਦਕਿ ਕਾਮਾਗਾਟਾਮਾਰੂ ਸੁਸਾਇਟੀ ਦੇ ਰਾਜ ਸਿੰਘ ਤੂਰ ਨੇ ਇਸ ਮਤੇ ਨੂੰ ਲਿਆਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ।
ਰਾਜ ਸਿੰਘ ਤੂਰ ਨੇ ਦੱਸਿਆ ਕਿ ਕਿਵੇਂ 1914 ਵਿਚ ਵੈਨਕੂਵਰ ਦੇ ਮੇਅਰ ਟਰੂਮੈਨ ਬੈਕਸਟਰ ਨੇ ਨਸਲੀ ਵਿਤਕਰੇ ਤਹਿਤ ਏਸ਼ਿਆਈ ਲੋਕਾਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਿਆ ਸੀ। ਦੱਸਣਯੋਗ ਹੈ ਕਿ 376 ਏਸ਼ਿਆਈ ਲੋਕਾਂ ਨੇ ਕਿਰਾਏ ਦੇ ਕਾਮਾਗਾਟਾਮਾਰੂ ਨਾਮਕ ਸਮੁੰਦਰੀ ਜਹਾਜ਼ ‘ਤੇ ਸਫ਼ਰ ਕਰਦਿਆਂ 23 ਮਈ, 1914 ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਕੈਨੇਡਾ ਦੀ ਸਰਕਾਰ ਵੱਲੋਂ ਇਨ੍ਹਾਂ ਏਸ਼ਿਆਈ ਲੋਕਾਂ ਨਾਲ ਨਸਲੀ ਵਿਤਕਰਾ ਕਰਦਿਆਂ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਦੋ ਮਹੀਨੇ ਤਕ ਲੋਕਾਂ ਵੱਲੋਂ ਭੁੱਖੇ ਰੱਖਣ ਉਪਰੰਤ ਇਸ ਜਹਾਜ਼ ਨੂੰ ਵਾਪਸ ਮੁੜਣਾ ਪਿਆ ਸੀ। ਵਾਪਸ ਭਾਰਤ ਪਹੁੰਚਣ ‘ਤੇ ਉਸ ਸਮੇਂ ਦੀ ਅੰਗਰੇਜ਼ ਹਕੂਮਤ ਵੱਲੋਂ ਇਨ੍ਹਾਂ ਲੋਕਾਂ ‘ਤੇ ਤਸ਼ੱਦਦ ਕੀਤਾ ਗਿਆ ਸੀ ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਸੀ। ਬਿ੍ਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਇਸ ਘਟਨਾ ਬਾਰੇ 2008 ਵਿਚ ਮਾਫ਼ੀ ਮੰਗ ਚੁੱਕੀ ਹੈ ਅਤੇ ਫੈਡਰਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵੀ 2016 ਵਿਚ ਹਾਊਸ ਆਫ ਕਾਮਨਜ਼ ਵਿਚ ਮਾਫ਼ੀ ਮੰਗੀ ਸੀ।