ਕਿਉਂ ਤਣਾਅ ਦਾ ਸ਼ਿਕਾਰ ਹੈ ਨੌਜਵਾਨ ਪੀੜ੍ਹੀ?

0
244

ਭਾਰਤ ਵਿਚ ਜਵਾਨ ਉਮਰ ਵਿਚ ਖ਼ੁਦਕੁਸ਼ੀ ਕਰਨ ਦੇ ਵੱਧ ਰਹੇ ਅੰਕੜੇ ਚਿੰਤਾਜਨਕ ਸਥਿਤੀ ਵਿਚ ਪਹੁੰਚੇ ਹੋਏ ਹਨ। ਆਮ ਸ਼੍ਰੇਣੀ ਵਿਚ ਆਉਂਦੇ ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਤਾਂ ਅਸੀਂ ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਪਰ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਨੌਜਵਾਨ ਫਿਲਮੀ ਅਦਾਕਾਰ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਸਾਡੇ ਤਕ ਪਹੁੰਚਦੀ ਹੈ ਤਾਂ ਮੀਡੀਆ ਖ਼ੁਦਕੁਸ਼ੀਆਂ ਦੇ ਵੱਧ ਰਹੇ ਕਾਰਨਾਂ ਬਾਰੇ ਚਰਚਾ ਜ਼ਰੂਰ ਕਰਦਾ ਹੈ ਤੇ ਸਾਰੇ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣ ਲੱਗ ਪੈਂਦੇ ਹਾਂ। ਇਹ ਸਾਡੇ ਲਈ ਹੋਰ ਵੀ ਡਰਾਵਣਾ ਸੱਚ ਹੈ ਕਿ ਨੌਜਵਾਨਾਂ ‘ਚ ਤਣਾਅ ਤੇ ਉਦਾਸੀ ਦੀ ਦਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਭਾਰਤ ਵਿਚ ਹੈ। ਇੱਥੇ ਹਰ ਮਾਨਸਿਕ ਬਿਮਾਰੀ ਨੂੰ ਪਾਗਲਪਣ ਦਾ ਨਾਂ ਦਿੱਤੇ ਜਾਣ ਕਾਰਨ ਬਹੁਤਾਤ ਵਿਚ ਇਸ ਦੇ ਸ਼ਿਕਾਰ ਲੋਕ ਇਸ ਬਾਰੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰਦੇ। ਬਹੁਤ ਲੋਕ ਮਾਨਸਿਕ ਬਿਮਾਰੀਆਂ ਦੇ ਲੱਛਣਾਂ ਨੂੰ ਸਮਝ ਜਾਂ ਪਛਾਣ ਹੀ ਨਹੀਂ ਪਾਉਂਦੇ। ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਵੀ ਜਾਵੇ ਤਾਂ ਇਹ ਨਹੀਂ ਪਤਾ ਹੁੰਦਾ ਕਿ ਇਸ ਬਾਰੇ ਕੀ ਕਰਨਾ ਹੈ ਜਾਂ ਕਿਵੇਂ ਕਰਨਾ ਹੈ।
ਮਾਪਿਆਂ ਨਾਲ ਵਧੀਆ ਸਬੰਧ ਨਾ ਹੋਣ ਦੀ ਸਥਿਤੀ ਵਿਚ ਮਖੌਲ ਤੇ ਆਪਣੀ ਨਾਂਹ-ਪੱਖੀ ਦਿੱਖ ਬਣ ਜਾਣ ਦੇ ਡਰੋਂ ਨੌਜਵਾਨ ਆਪਣੀ ਮਾਨਸਿਕ ਸਥਿਤੀ ਨੂੰ ਛੁਪਾ ਲੈਂਦੇ ਹਨ। ਬਾਹਰਲੇ ਲੋਕ ਸਮਝਣ ਤੇ ਸਵੀਕਾਰ ਕਰਨ ਵਿਚ ਅਸਮਰੱਥ ਹੁੰਦੇ ਹਨ ਤੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਨੌਜਵਾਨ ਡਰੇ ਹੋਏ ਹੋਣ ਕਾਰਨ ਇਸ ਬਾਰੇ ਬੋਲਣ ਲਈ ਉਲਝਣ ਵਿਚ ਹੁੰਦੇ ਹਨ। ਕੁਝ ਕੁ ਬਹਾਦਰ ਨੌਜਵਾਨ ਹੀ ਕਿਸੇ ਕੋਲ ਇਸ ਬਾਰੇ ਗੱਲ ਕਰਨ ਦੀ ਬਹਾਦਰੀ ਦਿਖਾਉਂਦੇ ਹਨ ਤੇ ਇਸ ਦਾ ਇਲਾਜ ਵੀ ਕਰਵਾਉਂਦੇ ਹਨ। ਨਤੀਜਾ ਇਹ ਹੈ ਕਿ 15 ਤੋਂ ਲੈ ਕੇ 29 ਸਾਲ ਦੇ ਵਿਚਕਾਰ ਹਰ 100,000 ਭਾਰਤੀਆਂ ‘ਚੋਂ ਸਾਲਾਨਾ 36 ਨੌਜਵਾਨ ਖ਼ੁਦਕੁਸ਼ੀਆਂ ਕਰਦੇ ਹਨ, ਜੋ ਕਿ ਦੁਨੀਆ ਦੇ ਵਿਚ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੀ ਸਭ ਤੋਂ ਵੱਧ ਦਰ ਹੈ। ਨੌਜਵਾਨਾਂ ਦੀ ਮਾਨਸਿਕ ਸਿਹਤ ਹੀ ਨੌਜਵਾਨਾਂ ਦੇ ਭਵਿੱਖ ਦਾ ਰਾਹ ਨਿਰਧਾਰਤ ਕਰਦੀ ਹੈ। 18 ਤੋਂ 24 ਸਾਲ ਦੇ ਉਮਰ ਦੇ ਕਿਸ਼ੋਰ ਜਾਂ ਬਾਲਗਾਂ ‘ਚ ਹਰ ਅੱਠ ਨੌਜਵਾਨਾਂ ਪਿੱਛੇ ਇਕ ਨੌਜਵਾਨ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਨਾਲ ਨਾ ਕੇਵਲ ਗ਼ਲਤ ਕਰੀਅਰ ਵਾਲੇ ਮਾਰਗਾਂ ਦੀ ਚੋਣ ਹੋ ਰਹੀ ਹੈ ਸਗੋਂ ਨੌਜਵਾਨ ਨਸ਼ਿਆਂ ਤੇ ਆਤਮ-ਹੱਤਿਆ ਦੇ ਮਾਰਗ ਵੱਲ ਜਾ ਰਿਹਾ ਹੈ।
ਮਾਨਸਿਕ ਵਿਕਾਰ ਦੇ ਸ਼ਿਕਾਰ ਨੌਜਵਾਨਾਂ ਬਾਰੇ ਅੰਕੜੇ ਬਹੁਤ ਖ਼ਤਰਨਾਕ ਸੰਕੇਤ ਦੇ ਰਹੇ ਹਨ ਤੇ ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਨੌਜਵਾਨ ਇਸ ਬਾਰੇ ਗੱਲ ਕਰਨ ਲਈ ਤਿਆਰ ਹੀ ਨਹੀਂ ਹਨ। ਭਾਵੇਂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਬੋਲਣ ਵਾਲਾ ਤੇ ਅਗਾਂਹਵਧੂ ਸਮਝਿਆ ਜਾਂਦਾ ਹੈ ਪਰ ਗੱਲ ਜਦੋਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਦੀ ਸਾਹਮਣੇ ਆਉਂਦੀ ਹੈ ਤਾਂ ਇਹ ਸੋਸ਼ਲ ਮੀਡੀਆ ਸਾਈਟਸ ‘ਤੇ ਇਮੋਟੋਕਨਜ਼ ਪਾਉਣ ਤੋਂ ਵੱਧ ਕੁਝ ਨਹੀਂ ਕਰ ਪਾਉਂਦੇ।

ਭਾਰਤ ਦਾ ਸਖ਼ਤ ਅਕਾਦਮਿਕ ਢਾਂਚਾ ਤੇ ਵਿਦਿਆਰਥੀਆਂ ਲਈ ਪ੍ਰੀਖਿਆ ਵਿਚ ਜ਼ਿਆਦਾ ਤੋਂ ਜਿਆਦਾ ਨੰਬਰ ਲੈਣ ਦਾ ਦਬਾਅ ਵਿਦਿਆਰਥੀਆਂ ਨੂੰ ਆਪਣੇ ਆਪ ‘ਤੇ ਬਹੁਤ ਜ਼ਿਆਦਾ ਦਬਾਅ ਪਾਉਣ ਲਈ ਮਜਬੂਰ ਕਰਦਾ ਹੈ ਤੇ ਉਹ ਵੀ ਬਿਨਾ ਕਿਸੇ ਭਾਵਨਾਤਮਕ ਮੱਦਦ ਤੋਂ। ਸਭ ਵਿਦਿਆਰਥੀ ਉੱਚ ਅਕਾਦਮਿਕ ਗ੍ਰੇਡਾਂ ਲਈ ਇਕ ਦੂਜੇ ਨਾਲ ਮੁਕਾਬਲੇ ‘ਚ ਲੱਗੇ ਹੋਏ ਹਨ ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਇਸ ‘ਤੇ ਨਿਰਭਰ ਕਰਦੀ ਹੈ।ਪਰ ਕਦੇ ਨਾ ਮੁੱਕਣ ਵਾਲੀ ਇਸ ਦੌੜ ਵਿਚ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਸਮਾਂ ਨਹੀਂ ਦੇ ਪਾਉਂਦੇ, ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਨਹੀਂ ਕਰ ਪਾਉਂਦੇ ਤੇ ਹੌਲੀ-ਹੌਲੀ ਤਣਾਅ ਦੀ ਦਲਦਲ ਵਿਚ ਧਸਦੇ ਜਾਂਦੇ ਹਨ।
ਕਾਲਜ ਦੇ ਵਿਦਿਆਰਥੀਆਂ ‘ਤੇ ਵਿੱਤੀ ਦਬਾਅ ਵੀ ਤਣਾਅ ਦਾ ਇਕ ਅਹਿਮ ਕਾਰਨ ਹੈ। ਮੱਧਵਰਗੀ ਪਰਿਵਾਰ ਤੋਂ ਆਉਣ ਦਾ ਮਤਲਬ ਇਹ ਹੈ ਕਿ ਮਾਪਿਆਂ ਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ‘ਚੋਂ ਵੱਡੀ ਰਕਮ ਵਿਦਿਆਰਥੀ ਦੀ ਉੱਚ ਸਿੱਖਿਆ ‘ਚ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਜੇ ਵਿਦਿਆਰਥੀ ਨਾਕਾਮ ਹੋ ਜਾਂਦਾ ਹੈ ਜਾਂ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਇਕ ਤਰ੍ਹਾਂ ਨਾਲ ਉਹ ਆਪਣੇ ਮਾਪਿਆਂ ਦਾ ਬਹੁਤ ਮਿਹਨਤ ਨਾਲ ਕਮਾਇਆ ਪੈਸਾ ਬਰਬਾਦ ਕਰ ਰਿਹਾ ਹੈ।ਤੇ ਇਸ ਤਰ੍ਹਾਂ ਦੇ ਦਬਾਅ ਹੇਠ ਦੱਬਿਆ ਵਿਦਿਆਰਥੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਉਤਾਂਹ ਨੂੰ ਦੇਖ ਹੀ ਨਹੀਂ ਪਾਉਂਦਾ।
ਇੰਟਰਨੈੱਟ ‘ਤੇ ਆਪਸ ਵਿਚ ਹੋਣ ਵਾਲਾ ਵਾਰਤਾਲਾਪ ਵਾਸਤਵਿਕ ਸਬੰਧਾਂ ‘ਚ ਕੀਤੀ ਗੱਲਬਾਤ ਦੇ ਮੁਕਾਬਲੇ ਬਹੁਤ ਨਕਲੀ ਹੁੰਦਾ ਹੈ ਤੇ ਇਹ ਮਸਨੂਈ ਦੁਨੀਆ ਹੀ ਨੌਜਵਾਨਾਂ ਨੂੰ ਇਕੱਲੇ ਤੇ ਨਿਰਾਸ਼ ਕਰਦੀ ਹੈ। ਸਾਰਾ ਦਿਨ ਇੰਟਰਨੈੱਟ ਦੀ ਸੁਪਨਮਈ ਦੁਨੀਆ ਵਿਚ ਰੁੱਝੇ ਰਹਿਣ ਵਾਲੇ ਅਕਸਰ ਅਸਲ ਦੁਨੀਆ ਤੋਂ ਟੁੱਟ ਜਾਂਦੇ ਹਨ ਅਤੇ ਆਪਣੀਆਂ ਚਿੰਤਾਵਾਂ ਤੇ ਡਰ ਕਿਸੇ ਨੂੰ ਦੱਸਣ ਤੋਂ ਅਸਮਰੱਥ ਮਹਿਸੂਸ ਕਰਦੇ ਹਨ। ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਭਾਵਨਾਤਮਕ ਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਦਾ ਹੈ ਤੇ ਜੀਵਨ ਵਿਚ ਸਹਿਜਤਾ ਲੈ ਕੇ ਆਉਂਦਾ ਹੈ ਪਰ ਜਦੋਂ ਅਸਲੀ ਮੇਲ-ਮਿਲਾਪ ਤੇ ਗੱਲਬਾਤ ਦੀ ਜਗ੍ਹਾ ਸ਼ੋਸਲ ਸਾਈਟਸ ‘ਤੇ ਹੋਣ ਵਾਲੀ ਗੱਲਬਾਤ ਲੈ ਲੈਂਦੀ ਹੈ ਤਾਂ ਨੌਜਵਾਨ ਆਪਣੇ ਆਪ ਨੂੰ ਅਸਲੀ ਸੰਸਾਰ ਵਿਚ ਅਲੱਗ- ਥਲੱਗ ਮਹਿਸੂਸ ਕਰਦੇ ਹਨ ਤੇ ਉਸ ਸਮੇਂ ਉਨ੍ਹਾਂ ਨੂੰ ਜੋ ਮਾਨਸਿਕ ਤੇ ਭਾਵਨਾਤਮਕ ਸਹਾਇਤਾ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਉਹ ਉਸ ਨੂੰ ਮੰਗਣ ਤੇ ਪ੍ਰਗਟਾਉਣ ਵਿਚ ਅਸਮਰੱਥ ਮਹਿਸੂਸ ਕਰਦੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ, ਭਾਰਤ ਆਪਣੇ ਪਹਿਲਾਂ ਤੋਂ ਹੀ ਬਹੁਤ ਛੋਟੇ ਸਿਹਤ ਬਜਟ ਦਾ ਸਿਰਫ਼ 0.06 ਫ਼ੀਸਦੀ ਮਾਨਸਿਕ ਸਿਹਤ ਉੱਪਰ ਖ਼ਰਚਦਾ ਹੈ। ਭਾਰਤ ਵਿਚ 13 ਹਜ਼ਾਰ ਤੋਂ ਜ਼ਿਆਦਾ ਮਾਨਸਿਕ ਰੋਗੀਆਂ ਲਈ ਇਕ ਮਨੋ-ਚਿਕਿਤਸਕ ਮੁਹੱਈਆ ਹੈ। ਇਸ ਦੀ ਤੁਲਨਾ ਵਿਚ ਇੰਗਲੈਂਡ ਵਿਚ ਓਨੀ ਹੀ ਜਨਸੰਖਿਆ ਲਈ 59 ਮਨੋਵਿਗਿਆਨੀ ਹਨ। ਭਾਰਤ ਨੂੰ ਬੁਨਿਆਦੀ ਢਾਂਚਾ ਬਣਾਉਣ ਵਿਚ ਨਿਵੇਸ਼ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਮਾਨਸਿਕ ਰੋਗਾਂ ਦੇ ਮਾਹਿਰ ਵਧੇਰੇ ਡਾਕਟਰ, ਹੋਰ ਹਸਪਤਾਲ, ਮਾਨਸਿਕ ਰੋਗਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ। ਇਹ ਸਭ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਲਈ ਲਾਹੇਵੰਦ ਸਾਬਿਤ ਹੋਣਗੇ।ਪਰ ਅਜਿਹੇ ਵਿਕਾਸ ਦੇ ਪ੍ਰਭਾਵ ਨੂੰ ਦੇਖਣ ਲਈ ਖ਼ਾਸ ਕਰਕੇ ਜਦੋਂ ਇਸ ਵਿਚ ਹੁਨਰਮੰਦ ਮਨੁੱਖੀ ਵਸੀਲਿਆਂ ਦੀ ਗਿਣਤੀ ਵਿਚ ਵਾਧਾ ਸ਼ਾਮਲ ਹੁੰਦਾ ਹੈ, ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।
ਅਸੀਂ ਭਾਰਤੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਾਂ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ, ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਸਾਨੂੰ ਇਕ ਦੂਜੇ ਦੇ ਵਿਚਾਰਾਂ ਅਤੇ ਮੁੱਦਿਆਂ ਦਾ ਆਦਰ ਕਰਨਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨੌਜਵਾਨਾਂ ਵਿਚਲੇ ਮਾਨਸਿਕ ਵਿਗਾੜ ਨੂੰ ਇਕ ਸਾਧਾਰਨ ਵਰਤਾਰੇ ਵਜੋਂ ਸਵੀਕਾਰ ਕਰਨਾ ਬੰਦ ਕਰ ਦੇਈਏ ਤੇ ਅਸਲ ਵਿਚ ਆਪਣੇ ਨੌਜਵਾਨਾਂ ਨੂੰ ਇਸ ‘ਚੋਂ ਬਾਹਰ ਕੱਢਣ ਲਈ ਇਸ ਬਾਰੇ ਉਪਰਾਲੇ ਕਰਨੇ ਸ਼ੁਰੂ ਕਰੀਏ। ਸਾਨੂੰ ਡਿਪਰੈਸ਼ਨ ‘ਤੇ ਦੇਸ਼ ਪੱਧਰ ਦੀ ਉਸਾਰੂ ਚਰਚਾ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇਸ ਦੀ ਪਹਿਲਕਦਮੀ ਕਰਦਿਆਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਨੇ ਸ਼ੁਰੂਆਤ ਕੀਤੀ ਹੈ ਪਰ ਸਾਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਗੱਲਬਾਤ ਵਿਚ ਸ਼ਾਮਲ ਕਰਨ ਦੀ ਲੋੜ ਹੈ। ਸਾਨੂੰ ਸਮਾਜ ਦੇ ਹਰ ਪੱਧਰ ‘ਤੇ ਤਣਾਅ ਤੋਂ ਦੂਰ ਰਹਿਣ, ਤਣਾਅ ਨਾਲ ਲੜਨ ਦੀ ਸ਼ਕਤੀ, ਭਾਵਨਾਵਾਂ ਨੂੰ ਜ਼ਾਹਿਰ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣੀ ਪਵੇਗੀ।
ਆਓ ਆਪਾਂ ਸਭ ਮਿਲ ਕੇ ਇਸ ਦਾ ਸਾਹਮਣਾ ਕਰੀਏ, ਡਿਪਰੈਸ਼ਨ ਖ਼ੁਦ ਦੇ ਕਾਰਨ ਨਹੀਂ ਹੁੰਦਾ ਤੇ ਨਾ ਹੀ ਡਿਪਰੈਸ਼ਨ ਤੋਂ ਪੀੜਤ ਵਿਅਕਤੀ ਆਪਣੇ ਪਿਆਰਿਆਂ ਦੀ ਸਹਾਇਤਾ ਤੋਂ ਬਿਨਾਂ ਇਸ ਨੂੰ ਖ਼ਤਮ ਕਰ ਸਕਦਾ ਹੈ। ਬਹੁਤ ਹੱਦ ਤਕ ਉਦਾਸੀ ਦਾ ਕਾਰਨ ਪਿਆਰ ਤੇ ਧਿਆਨ ਦੀ ਘਾਟ ਹੁੰਦਾ ਹੈ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਜਦੋਂ ਵੀ ਆਪਣੇ ਬੱਚਿਆਂ ਜਾਂ ਦੋਸਤਾਂ ਵਿਚ ਮਾਨਸਿਕ ਬਿਮਾਰੀ ਨਾਲ ਸਬੰਧਤ ਕੋਈ ਲੱਛਣ ਵਿਕਸਿਤ ਹੁੰਦਾ ਦੇਖਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਮਦਦ ਲਈ ਉੱਥੇ ਹਾਜ਼ਰ ਹੋਵੋ। ਤੁਹਾਡੀ ਸਹਾਇਤਾ ਤੇ ਦਿਆਲਤਾ ਪੀੜਤ ਲੋਕਾਂ ਦੀ ਮਦਦ ਕਰ ਸਕਦੀ ਹੈ। ਆਪਣੇ ਆਪ ਨੂੰ ਨਾ ਸਮਝੇ ਜਾਣ ਦੇ ਡਰ ਕਾਰਨ ਉਹ ਚੁੱਪ ਰਹਿੰਦੇ ਹਨ ਤੇ ਕਈ ਸਾਲ ਦੁੱਖ ਭੋਗਦੇ ਹਨ ਤੇ ਕੁਝ ਮਾਮਲਿਆਂ ‘ਚ ਗੱਲ ਖ਼ੁਦਕੁਸ਼ੀ ਤਕ ਪਹੁੰਚ ਜਾਂਦੀ ਹੈ। ਉਨ੍ਹਾਂ ਨੂੰ ਸਿਰਫ਼ ਲੋਕਾਂ ਵੱਲੋਂ ਸਵੀਕਾਰੇ ਜਾਣ ਤੇ ਉਨ੍ਹਾਂ ਦੀ ਗੱਲ ਸੁਣਨ ਦੀ ਲੋੜ ਹੈ। ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ‘ਚ ਸਹੀ ਕਦਰਾਂ- ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅਤੇ ਖੁੱਲ੍ਹਾ ਸੰਚਾਰ ਹੋਣਾ ਚਾਹੀਦਾ ਹੈ। ਸ਼ੁਰੂਆਤੀ ਇਲਾਜ ਸ਼ੁਰੂ ਕਰਨ ਲਈ ਲੋਕਾਂ ‘ਚ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਹੁਣ ਇਸ ਸਮੱਸਿਆ ਦੇ ਹੱਲ ਲਈ ਸਿਰਫ਼ ਮਾਨਸਿਕ ਰੋਗ ਦੇ ਮਾਹਿਰਾਂ ਜਾਂ ਸਰਕਾਰਾਂ ਦੇ ਮੂੰਹ ਵੱਲ ਹੀ ਨਹੀਂ ਦੇਖਣਾ ਚਾਹੀਦਾ ਸਗੋਂ ਸਾਨੂੰ ਸਭ ਨੂੰ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਦੇਸ਼ ਦੇ ਭਵਿੱਖ ਨੂੰ ਤਣਾਅ ਵਿਚਲੀ ਦਲਦਲ ‘ਚੋਂ ਧਸਣ ਤੋਂ ਬਚਾ ਸਕੀਏ।

## ਮਨਮੀਤ ਕੱਕੜ 95447-70002