ਅੰਨਾ ਹੁਣ ਕਿਸਾਨਾਂ ਲਈ ਕਰਨਗੇ ਅੰਦੋਲਨ

0
566

ਫਰੀਦਾਬਾਦ: ਸਮਾਜਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ ਅਗਲੇ 23 ਮਾਰਚ ਤੋਂ ਫਿਰ ਰਾਮਲੀਲਾ ਮੈਦਾਨ ਵਿੱਚ ਧਰਨੇ ‘ਤੇ ਬੈਠਣਗੇ। ਉਨ੍ਹਾਂ ਦਾ ਅੰਦੋਲਨ ਕਿਸਾਨਾਂ ਨਾਲ ਹੋ ਰਹੇ ਅਨਿਆਂ ਖਿਲਾਫ ਹੋਵੇਗਾ। ਹਜ਼ਾਰੇ ਨੇ ਕਿਹਾ, “ਸਰਕਾਰ ਸਾਨੂੰ ਚਾਹੇ ਜੇਲ੍ਹ ਵਿੱਚ ਸੁੱਟ ਦੇਵੇ, ਅਸੀਂ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਪਹਿਲਾਂ ਦੋ ਵਾਰ ਜੇਲ੍ਹ ਗਏ ਤਾਂ ਮਹਾਰਾਸ਼ਟਰ ਦੀ ਸਰਕਾਰ ਡਿੱਗ ਗਈ ਤੇ ਇੱਕ ਵਾਰ ਮਨਮੋਹਨ ਸਿੰਘ ਦੀ ਕੇਂਦਰ ਵਿੱਚ ਸਰਕਾਰ ਦਾ ਪਤਨ ਹੋ ਗਿਆ।”

ਹਜਾਰੇ ਨੇ ਬਜਟ ਵਿੱਚ ਅਰੁਣ ਜੇਤਲੀ ਵੱਲੋਂ ਕਿਸਾਨਾਂ ਨੂੰ ਡੇਢ ਗੁਣਾ ਸਮਰਥਨ ਮੁੱਲ ਦੇਣ ਦੀ ਗੱਲ ਬਾਰੇ ਕਿਹਾ ਕਿ ਉਨ੍ਹਾਂ ਨੂੰ ਨੀਤੀ ਅਯੋਗ ਦੀ ਗੱਲ ਕਰਨੀ ਚਾਹੀਦੀ ਸੀ, ਤਾਂ ਹੀ ਇਸ ਗੱਲ ਨੂੰ ਬਜਟ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ।

ਹਜਾਰੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਕਿਸਾਨ 60 ਸਾਲ ਦੀ ਉਮਰ ਪਾਰ ਕਰ ਚੁੱਕਾ ਹੈ ਤੇ ਉਸ ਦੇ ਘਰ ਵਿੱਚ ਰੁਜ਼ਗਾਰ ਦਾ ਕੋਈ ਸਾਧਨ ਨਹੀਂ, ਸਰਕਾਰ ਉਸ ਨੂੰ 5000 ਰੁਪਏ ਹਰ ਮਹੀਨੇ ਪੈਨਸ਼ਨ ਦੇਵੇ। 23 ਮਾਰਚ ਤੱਕ ਇਸ ਸ਼ਰਤ ਨੂੰ ਸਰਕਾਰ ਮੰਨ ਲੈਂਦੀ ਹੈ ਤਾਂ ਅੰਦੋਲਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਦ ਉਦਯੋਗਪਤੀਆਂ ਦਾ ਕਰਜ਼ ਮਾਫ ਕਰ ਸਕਦੀ ਹੈ ਤਾਂ ਫਿਰ ਖੂਨ ਪਸੀਨਾ ਵਹਾਉਣ ਵਾਲੇ ਕਿਸਾਨਾਂ ਦਾ ਕਰਜ਼ ਮਾਫ ਕਰਨ ਵਿੱਚ ਉਨ੍ਹਾਂ ਨੂੰ ਕੀ ਪ੍ਰੇਸ਼ਾਨੀ ਹੈ?