ਅਕਾਲੀ ਦਲ ਦੀ ਹਰਿਆਣਾ ‘ਤੇ ਅੱਖ !

0
265

ਅੰਮ੍ਰਿਤਸਰ: ਪੰਜਾਬ ਵਿੱਚ ਸੱਤਾ ਖੁੱਸਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਅੱਖ ਹੁਣ ਹਰਿਆਣਾ ‘ਤੇ ਹੈ। ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਬੀਜੇਪੀ ਤੇ ਬਾਦਲ ਪਰਿਵਾਰ ਦੇ ਬੇਲੀਆਂ ਦੀ ਇਨੈਲੋ ਤੋਂ ਵੱਖ ਹੋ ਕੇ ਇਕੱਲੇ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਰਿਆਣਾ ਦੇ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਵਿੱਖ ਵਿੱਚ ਹਰਿਆਣਾ ਵਿੱਚ ਆਜ਼ਾਦ ਤੌਰ ’ਤੇ ਚੋਣਾਂ ਲੜੀਆਂ ਜਾਣਗੀਆਂ।
ਸੁਖਬੀਰ ਨੇ ਸਿੱਖ ਕੌਮ ਨੂੰ ਸੁਚੇਤ ਕੀਤਾ ਕਿ ਇਸ ਵੇਲੇ ਕੁਝ ਤਾਕਤਾਂ ਸਿੱਖ ਕੌਮ ਨੂੰ ਪਾੜਨ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਸਿੱਖ ਮਸਲਿਆਂ ਦੀ ਅੱਗੇ ਹੋ ਕੇ ਪੈਰਵੀ ਕੀਤੀ ਹੈ। ਦੇਸ਼ ਜਾਂ ਵਿਦੇਸ਼ ਵਿੱਚ ਕਿਸੇ ਵੀ ਥਾਂ ’ਤੇ ਜਦੋਂ ਸਿੱਖਾਂ ’ਤੇ ਕੋਈ ਮੁਸ਼ਕਲ ਆਈ ਹੈ ਤਾਂ ਇਨ੍ਹਾਂ ਸਿੱਖ ਸੰਸਥਾਵਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈ।
ਉਨ੍ਹਾਂ ਨੇ ਹਰਿਆਣਾ ਦੇ ਸਿੱਖਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਉਹ ਇਕਜੁੱਟ ਹੋ ਕੇ ਸੂਬੇ ਵਿੱਚ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਜ਼ਾਦ ਤੌਰ ’ਤੇ ਲੜੀਆਂ ਜਾਣਗੀਆਂ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਹੈ, ਪਰ ਹਰਿਆਣਾ ਵਿੱਚ ਚੌਟਾਲਾ ਪਰਿਵਾਰ ਨਾਲ ਸਾਂਝ ਹੋਣ ਕਾਰਨ ਭਾਜਪਾ ਨਾਲ ਦੂਰੀ ਬਣੀ ਹੋਈ ਹੈ।