ਬੈਂਕਾਂ ਤੇ ਏਟੀਐਮ ਵਿੱਚੋਂ ਕੈਸ਼ ਗਾਇਬ

0
481

ਨਵੀਂ ਦਿੱਲੀ: ਮੁਲਕ ਦੇ ਕਈ ਸੂਬਿਆਂ ਵਿੱਚ ਅਚਾਨਕ ਕੈਸ਼ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬਿਹਾਰ, ਗੁਜਰਾਤ, ਐਮਪੀ ਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਏਟੀਐਮ ਖਾਲੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ਪ੍ਰੇਸ਼ਾਨ ਲੋਕ ਏਟੀਐਮ ਦੇ ਚੱਕਰ ਲਾ ਰਹੇ ਹਨ। ਲੋਕਾਂ ਨੂੰ ਨੋਟਬੰਦੀ ਵਾਲੇ ਦਿਨ ਯਾਦ ਆ ਰਹੇ ਹਨ।

ਸਭ ਤੋਂ ਮਾੜੇ ਹਾਲਾਤ ਬਿਹਾਰ ਵਿੱਚ ਹਨ। ਬਿਹਾਰ ਵਿੱਚ ਏਟੀਐਮ ਤਾਂ ਦੂਰ ਦੀ ਗੱਲ, ਬੈਂਕਾਂ ਕੋਲ ਵੀ ਪੈਸੇ ਨਹੀਂ। ਪੈਸੇ ਲਈ ਏਟੀਐਮ ਤੇ ਬੈਂਕ ਜਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੈਸੇ ਦੀ ਪ੍ਰੇਸ਼ਾਨੀ ਕਰਕੇ ਕਈ ਜ਼ਰੂਰੀ ਕੰਮ ਰੁਕੇ ਹਨ। ਰਾਜਧਾਨੀ ਪਟਨਾ ਦੇ ਸਭ ਤੋਂ ਵੀਆਈਪੀ ਇਲਾਕੇ ਰਾਜਭਵਨ ਦੇ ਏਟੀਐਮ ਵਿੱਚ ਵੀ ਕੈਸ਼ ਨਹੀਂ। ਇਸੇ ਇਲਾਕੇ ਵਿੱਚ ਗਵਰਨਰ ਤੇ ਸੀਐਮ ਨੀਤਿਸ਼ ਕੁਮਾਰ ਰਹਿੰਦੇ ਹਨ।

ਐਸਬੀਆਈ ਦੇ ਬਿਹਾਰ ਜ਼ੋਨ ਦੇ ਏਜੀਐਮ (ਪੀਆਰ) ਮਿਥੀਲੇਸ਼ ਕੁਮਾਰ ਨੇ ਦੱਸਿਆ ਕਿ ਕੈਸ਼ ਡਿਪਾਜ਼ਿਟ ਦਾ ਫਲੋ ਘੱਟ ਹੋਇਆ ਹੈ। ਆਰਬੀਆਈ ਨੂੰ ਦੱਸਦੇ ਹਾਂ ਪਰ ਕੁਝ ਦਿਨਾਂ ਤੋਂ ਉਹ ਵੀ ਮੰਗ ਪੂਰੀ ਨਹੀਂ ਕਰ ਰਹੇ। ਬਿਹਾਰ ਵਿੱਚ ਐਸਬੀਆਈ ਦੇ 1100 ਏਟੀਐਮ ਹਨ। ਇਨ੍ਹਾਂ ਨੂੰ ਰੋਜ਼ਾਨਾ 250 ਕਰੋੜ ਰੁਪਏ ਦੀ ਲੋੜ ਰਹਿੰਦੀ ਹੈ ਪਰ ਫਿਲਹਾਲ 125 ਕਰੋੜ ਰੁਪਏ ਮਿਲ ਰਹੇ ਹਨ। ਰਿਜ਼ਰਵ ਬੈਂਕ ਦੇ ਸੂਤਰਾਂ ਮੁਤਾਬਕ ਫੈਸਟੀਵਲ ਸੀਜ਼ਨ ਹੋਣ ਕਰਕੇ ਅਜਿਹਾ ਹੋਇਆ ਅਗਲੇ ਇੱਕ-ਦੋ ਦਿਨਾਂ ਵਿੱਚ ਹਾਲਾਤ ਠੀਕ ਹੋ ਜਾਣਗੇ।