ਚੀਨੀ ਸਰਕਾਰ ਵੱਲੋਂ ਕਰੋਨਾ ਸਬੰਧੀ ਨੀਤੀਆਂ ਵਿੱਚ ਵੱਡੀ ਤਬਦੀਲੀ ਲਿਆਉਣ ਦਾ ਐਲਾਨ

0
284

ਪੇਈਚਿੰਗ (ਏਪੀ) : ਚੀਨ ਨੇ ਅਗਲੇ ਸਾਲ 8 ਜਨਵਰੀ ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੇਸ਼ ਤਿੰਨ ਸਾਲ ਬਾਅਦ ਕੌਮਾਂਤਰੀ ਇਕਾਂਤਵਾਸ ’ਚੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਚੀਨੀ ਸਰਕਾਰ ਨੂੰ ‘ਜ਼ੀਰੋ ਕੋਵਿਡ’ ਨੀਤੀ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਸਰਕਾਰ ਨੇ ਆਪਣੀਆਂ ਕਰੋਨਾ ਸਬੰਧੀ ਨੀਤੀਆਂ ਵਿੱਚ ਵੱਡੀ ਤਬਦੀਲੀ ਲਿਆਉਣ ਦਾ ਐਲਾਨ ਕੀਤਾ ਹੈ। ਉੱਧਰ ਜਾਪਾਨ ਨੇ ਚੀਨ ਵਿੱਚ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਅੱਜ ਇਹ ਐਲਾਨ ਕੀਤਾ। ਕੌਮੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਪ੍ਰਬੰਧਨ ਨੂੰ ਅਗਲੇ ਮਹੀਨੇ ਡੇਂਗੂ ਵਰਗੀਆਂ ਘੱਟ ਘਾਤਕ ਬਿਮਾਰੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੀਨ 8 ਜਨਵਰੀ 2023 ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰ ਦੇਵੇਗਾ। ਪਹਿਲਾਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਰਕਾਰੀ ਕੇਂਦਰਾਂ ਵਿੱਚ ਦੋ ਹਫਤਿਆਂ ਤੋਂ ਵੱਧ ਇਕਾਂਤਵਾਸ ਰਹਿਣਾ ਪੈਂਦਾ ਸੀ। ਇਸ ਮਗਰੋਂ ਹੌਲੀ-ਹੌਲੀ ਇਹ ਸਮਾਂ ਘਟਾ ਕੇ ਪੰਜ ਦਿਨ ਕਰ ਦਿੱਤਾ ਗਿਆ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦੇਸ਼ ਓਮੀਕਰੋਨ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸ਼ੀ ਜਿਨਪਿੰਗ ਪ੍ਰਸ਼ਾਸਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ‘ਜ਼ੀਰੋ ਕੋਵਿਡ’ ਨੀਤੀ ਵਿੱਚ ਕੁੱਝ ਛੋਟ ਦਿੱਤੀ ਸੀ।

ਚੀਨੀ ਕਾਰੋਬਾਰੀਆਂ ਵੱਲੋਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ

ਚੀਨੀ ਕਾਰੋਬਾਰੀਆਂ ਨੇ ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖ਼ਤਮ ਕਰਨ ਦੇ ਲਏ ਗਏ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਵਪਾਰਕ ਗਤੀਵਿਧੀਆਂ ਮੁੜ ਸੁਰਜੀਤ ਕਰਨ ਲਈ ਅਹਿਮ ਕਦਮ ਕਰਾਰ ਦਿੱਤਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਰਥਿਕ ਮੰਦੀ ’ਚ ਸੁਧਾਰ ਲਿਆਉਣ ਲਈ ਅਚਾਨਕ ਇਹ ਕਦਮ ਚੁੱਕਿਆ ਹੈ। ਚੀਨ ਵਿੱਚ ਅਮਰੀਕੀ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਕੋਲਮ ਰੈਫੇਰਟੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਯਾਤਰਾ ਲਈ ਇਕਾਂਤਵਾਸ ਸਭ ਤੋਂ ਵੱਡੀ ਰੁਕਾਵਟ ਸੀ ਅਤੇ ਇਸ ਨੂੰ ਖ਼ਤਮ ਕਰਨ ਨਾਲ ਕਾਰੋਬਾਰ ਨਾਲ ਸਬੰਧਤ ਯਾਤਰਾ ਮੁੜ ਸ਼ੁਰੂ ਕਰਨ ਦਾ ਰਸਤਾ ਸਾਫ ਹੋ ਜਾਵੇਗਾ।’’