40 ਸਾਲਾਂ ’ਚ ਚੀਨ ਕਿਵੇਂ ਬਣਿਆ ਮਹਾਸ਼ਕਤੀ

0
299

ਹਾਂਗਕਾਂਗ(ਪਚਬ): ਤਕਰੀਬਨ 40 ਸਾਲ ਪਹਿਲਾਂ ਜਦੋਂ ਚੀਨ ਦੀ ਤਾਕਤਵਰ ਅਤੇ ਆਰਥਿਕ ਮਹਾਸ਼ਕਤੀ ਵਜੋਂ ਨੀਂਹ ਰੱਖੀ ਜਾ ਰਹੀ ਸੀ ਤਾਂ ਅਮਰੀਕਾ ਅਤੇ ਦੁਨੀਆ ਦੇ ਸਾਰੇ ਦੇਸ਼ ਇਸ ਤੋਂ ਅਣਜਾਣ ਸਨ। 13 ਦਸੰਬਰ 1978 ਨੂੰ ਚੀਨ ਦੀ ਕਾਮਿਸਟ ਪਾਰਟੀ ਦੀ ਇਕ ਇਤਿਹਾਸਕ ਕਾਨਫਰੰਸ ’ਚ ਪਾਰਟੀ ਆਗੂ ਡੈਂਗ ਸ਼ਿਆਓ ਪਿੰਗ ਨੇ ਦੇਸ਼ ਦਾ ਕਾਇਆ ਪਲਟਣ ਵਾਲੀਆਂ ਨੀਤੀਆਂ ਦੀ ਅਧਾਰਸ਼ਿਲਾ ਰੱਖੀ। ਡੈਂਗ ਨੇ ਚੀਨ ਦੀ ਬੰਦ ਅਤੇ ਕੰਟਰੋਲ ਅਧੀਨ ਅਰਥਵਿਵਸਥਾ ਨੂੰ ਦੁਨੀਆ ਲਈ ਖੋਲ੍ਹਣ ਦਾ ਫੈਸਲਾ ਕੀਤਾ। ਇਸ ਪਿੱਛੋਂ ਆਰਥਿਕ ਪੱਖੋਂ ਦੁਨੀਆ ਤੋਂ ਕੱਟੇ ਹੋਏ ਚੀਨ ਦੇ ਵਿਸ਼ਵ ਫੈਕਟਰੀ ਬਣਨ ਦਾ ਸਫਰ ਸ਼ੁਰੂ ਹੋ ਗਿਆ। ਜਦੋਂ ਡੈਂਗ ਨੇ 1978 ’ਚ ਆਰਥਿਕ ਸੁਧਾਰ ਆਰੰਭ ਕੀਤੇ ਤਾਂ ਚੀਨ ਦੀ ਅਰਥਵਿਵਸਥਾ ਅਮਰੀਕਾ ਦੇ ਮਾਮਲੇ ’ਚ ਸਿਰਫ 5 ਫੀਸਦੀ ਸੀ ਅਤੇ ਪ੍ਰਤੀ ਵਿਅਕਤੀ ਜੀ.ਡੀ.ਪੀ. ਜਾਂਬੀਆ ਦੇ ਬਰਾਬਰ ਸੀ।
ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਚ ਗਿਣਿਆ ਜਾਣ ਵਾਲਾ ਚੀਨ ਹੁਣ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਸ਼ਾਇਦ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ ਕਿ 40 ਸਾਲ ਪਹਿਲਾਂ ਚੀਨ ਦੀ 88 ਫੀਸਦੀ ਅਬਾਦੀ 2 ਅਮਰੀਕੀ ਡਾਲਰਾਂ ਤੋਂ ਵੀ ਘੱਟ ’ਤੇ ਗੁਜ਼ਰ-ਬਸਰ ਕਰਨ ’ਤੇ ਮਜਬੂਰ ਸੀ।
ਇਸ ਸਮੇਂ ਚੀਨ ਕੋਲ ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਸਿੱਕੇ ਦਾ ਆਧਾਰ (3.12 ਟ੍ਰਿਲੀਅਨ ਡਾਲਰ) ਹੈ। ਦੂਜੀ ਸਭ ਤੋਂ ਵੱਡੀ ਜੀ.ਡੀ.ਪੀ.( 11 ਟ੍ਰਿਲੀਅਨ ਡਾਲਰ) ਹੈ ਅਤੇ ਉਸ ਕੋਲ ਤੀਜਾ ਸਭ ਤੋਂ ਜ਼ਿਆਦਾ ਵਿਦੇਸ਼ੀ ਸਿੱਧਾ ਨਿਵੇਸ਼ (170 ਅਰਬ ਡਾਲਰ) ਆਉਂਦਾ ਹੈ।
1980 ’ਚ ਚੀਨ ਦੀ ਅਰਥਵਿਵਸਥਾ ਦਾ ਜ਼ਿਆਦਾਤਰ ਹਿੱਸਾ ਖੇਤੀ ਅਧਾਰਿਤ ਸੀ ਜਦੋਂਕਿ ਹੁਣ ਚੀਨ ਦੀ ਅਰਥਵਿਵਸਥਾ ’ਚ ਖੇਤੀ ਦਾ 10 ਫੀਸਦੀ ਤੋਂ ਵੀ ਘੱਟ ਦਾ ਯੋਗਦਾਨ ਹੈ। ਇਹ ਸਾਰੇ ਅੰਕੜੇ ਚੀਨ ਦੀ ਆਰਥਿਕ ਸਫਲਤਾ ਦੀ ਕਹਾਣੀ ਖੁਦ ਬਿਆਨ ਕਰਦੇ ਹਨ।
ਚੀਨ ਨੇ ਆਪਣੇ ਅਰਥਚਾਰੇ ਨੂੰ ਬਾਜ਼ਾਰ ਦੇ ਭਰੋਸੇ ਛੱਡਣ ਦੀ ਥਾਂ ਘਰੇਲੂ ਅਰਥਵਿਵਸਥਾ ’ਚ ਵੀ ਸੁਧਾਰ ਕੀਤੇ ਹਨ। ਆਰਥਿਕ ਸੁਧਾਰਾਂ ਤਹਿਤ ਖਰਾਬ ਮੁਜ਼ਾਹਰਾ ਕਰ ਰਹੇ ਸਰਕਾਰੀ ਅਦਾਰਿਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦਾ ਪੁਨਰਗਠਨ ਕੀਤਾ ਗਿਆ ਹੈ।
ਹਾਈਟੈੱਕ ਸਨਅਤਾਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਜੈਨੇਟਿਕ ਇੰਜੀਨੀਅਰਿੰਗ, ਰੋਬੋਟਿਕਸ, ਪੁਲਾੜ ਅਤੇ ਹਵਾਬਾਜ਼ੀ ਸਮੇਤ ਸਾਰੇ ਖੇਤਰਾਂ ’ਚ ਚੀਨ ਦੁਨੀਆ ਦੇ ਸਾਰੇ ਖੇਤਰਾਂ ਨੂੰ ਟੱਕਰ ਦੇ ਰਿਹਾ ਹੈ।