ਫ਼ਿਲਮ ਤੇ ਟੀਵੀ ਪ੍ਰੋਡਿਊਸਰ ਅਮਨ ਖਟਕੜ ਦਾ ਹਾਂਗਕਾਂਗ ‘ਚ ਸਨਮਾਨ

0
745

ਹਾਂਗਕਾਂਗ (ਜੰਗ ਬਹਾਦਰ ਸਿੰਘ)-ਅੰਗਰੇਜ਼, ਅਰਦਾਸ, ਗੋਰਿਆਂ ਨੂੰ ਦਫ਼ਾ ਕਰੋ ਅਤੇ ਮਿਰਜ਼ਾ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰ ਅਤੇ ਪ੍ਰਾਈਮ ਏਸ਼ੀਆ ਟੀ.ਵੀ. ਕੈਨੇਡਾ ਦਾ ਸੀ.ਈ.ਓ. ਅਮਨ ਖਟਕੜ ਦਾ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਖ਼ਾਲਸਾ ਦਿਵਾਨ ਦੀ ਸਟੇਜ ਤੋਂ ਪ੍ਰਧਾਨ ਦਲਜੀਤ ਸਿੰਘ ਜ਼ੀਰਾ, ਮੀਤ ਪ੍ਰਧਾਨ ਗੁਰਨਾਮ ਸਿੰਘ ਸ਼ਾਹਪੁਰ, ਭਗਤ ਸਿੰਘ ਅਤੇ ਗੋਰਾ ਢਿੱਲੋਂ ਵਲੋਂ ਅਮਨ ਖਟਕੜ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਅਮਨ ਖਟਕੜ ਨੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਬਹੁਤ ਸਕੂਨ ਮਹਿਸੂਸ ਕਰ ਰਹੇ ਹਨ ਅਤੇ ਹਾਂਗਕਾਂਗ ਵਸਦੇ ਭਾਈਚਾਰੇ ਵਲੋਂ ਉਨ੍ਹਾਂ ਨੂੰ ਆਸ ਤੋਂ ਵੱਧ ਪਿਆਰ ਅਤੇ ਸਨਮਾਨ ਦਿੱਤਾ ਗਿਆ। ਮਾਤਾ ਗੁਜਰੀ ਹਾਲ ਵਿਖੇ ਭਾਈਚਾਰੇ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਮੀਡੀਏ ਦੇ ਤੌਰ ਤੇ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਦੀ ਹਰ ਤਰ੍ਹਾਂ ਦੀ ਸੇਵਾ ਲਈ ਤਤਪਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਹ ਹਾਂਗਕਾਂਗ ਦੇ ਪੰਜਾਬੀਆਂ ਦੀਆਂ ਇੱਛਾਵਾਂ ਮੁਤਾਬਿਕ ਬਹੁਤ ਸਾਰੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਲੈ ਕੇ ਆਉਣਗੇ।