ਹਾਂਗਕਾਂਗ ਵਾਸੀ ਵੀ ਹੁਣ ਲੈਣਗੇ ਮਾਰਕਫੈਡ ਦੇ ਉਤਪਾਦਾਂ ਦਾ ਸਵਾਦ

0
882

ਹਾਂਗਕਾਂਗ (ਪਚਬ): ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਇਸ ਖੇਤਰ ਦੇ ਸਭ ਤੋਂ ਅਹਿਮ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ ਵਿਖੇ ਵਿਕਰੀ ਕੇਂਦਰ ਖੋਲ੍ਹਿਆ ਹੈ। ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ ‘ਚੁੰਗ ਕਿੰਗ ਮੋਨਸਨ’ ਵਿੱਚ ਕਮਲ ਸਵੀਟ ਵਿਖੇ ਮਾਰਕਫੈਡ ਦਾ ਕਾਊਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਰਕਫੈਡ ਦੇ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਰੰਧਾਵਾ ਨੇ ਕੀਤਾ। ਉਦਘਾਟਨ ਮੌਕੇ ਬੋਲਦਿਆਂ ਸੀ੍ਰ ਰੰਧਾਵਾ ਨੇ ਆਖਿਆ ਕਿ ਚਾਹੇ ਮਾਰਕਫੈਡ ਲਈ ਇਹ ਬਿਲਕੁਲ ਨਵੀਂ ਮਾਰਕੀਟ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਪੂਰੀ ਮਿਹਨਤ ਕਰਕੇ ਮਾਰਕਫੈਡ ਦੇ ਉਤਪਾਦਾਂ ਨੂੰ ਪ੍ਰਚੱਲਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇੰਡੀਆ ਫੂਡ ਮਾਰਟ ਦੇ ਮਾਲਕ ਸ੍ਰੀ ਕੁਲਦੀਪ ਸਿੰਘ ਉੱਪਲ ਅਤੇ ਸ੍ਰੀ ਗੁਰਮੀਤ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫੈਡ ਦੇ ਸਰੋਂ ਦੇ ਸਾਗ ਲਈ ਸਟਾਲ ‘ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਾਬਤ ਕੀਤਾ ਕਿ ਮਾਰਕਫੈਡ ਵੱਲੋਂ ਤਿਆਰ ਕੀਤੇ ਸਾਗ, ਦਾਲ ਮੱਖਣੀ, ਚਟਪਟਾ ਚਨਾ, ਕੜੀ ਪਕੌੜਾ ਇਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇਸ ਤੋਂ ਇਲਾਵਾ ਮਾਰਕਫੈਡ ਦੇ ਉਤਪਾਦ ਸੋਹਣਾ ਆਟਾ ਅਤੇ ਸੋਹਣਾ ਬਾਸਮਤੀ ਚਾਵਲ, ਆਚਾਰ ਤੇ ਮੁਰੱਬਾ ਇਥੋਂ ਦੇ ਪੰਜਾਬੀ ਘਰਾਂ ਦੇ ਨਾਲ-ਨਾਲ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਵੀ ਪਹੁੰਚਾਏ ਜਾਣਗੇ। ਇਸ ਮੌਕੇ ਪੰਜਾਬੀਆਂ ਦੇ ਨਾਲ ਉਥੇ ਹਾਜ਼ਰ ਆਸਟਰੇਲੀਆ ਤੋਂ ਆਏ ਗੋਰਿਆਂ ਅਤੇ ਚੀਨੀ ਲੋਕਾਂ ਨੇ ਵੀ ਮਾਰਕਫੈਡ ਦੇ ਡੱਬੇ ਬੰਦ ਉਤਪਾਦਾਂ ਬਾਰੇ ਦਿਲਚਸਪੀ ਦਿਖਾਉਂਦਿਆਂ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਮਾਰਕਫੈਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਹਾਜ਼ਰ ਪਤਵੰਤਿਆਂ ਦੇ ਵਿਚਾਰ ਜਾਣੇ। ਲੋਕਾਂ ਵੱਲੋਂ ਮਾਰਕਫੈਡ ਦੇ ਉਤਪਾਦਾਂ ਦੀ ਵੱਡੀ ਮੰਗ ਤੋਂ ਬਾਅਦ ਸ੍ਰੀ ਸ਼ਰਮਾ ਨੇ ਕਿਹਾ ਕਿ ਹਾਂਗਕਾਂਗ ਵਸਦੇ ਪੰਜਾਬੀਆਂ ਤੱਕ ਆਪਣੇ ਉਤਪਾਦਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਆਰੰਭੇ ਹਨ ਅਤੇ ਅੱਜ ਦੇ ਵਿਕਰੀ ਕੇਂਦਰ ਖੋਲ੍ਹਣ ਨਾਲ ਹਾਂਗਕਾਂਗ ਦੇ ਪੰਜਾਬੀਆਂ ਦੀ ਵੱਡੀ ਮੰਗ ਪੂਰੀ ਹੋ ਗਈ ਹੈ।

ਸਿੰਘ ਸਭਾ ਸਪੋਰਟਸ ਕਲੱਬ ਹਾਂਗਕਾਂਗ ਦੇ ਪ੍ਰਧਾਨ ਸ. ਸਤਪਾਲ ਸਿੰਘ ਨੇ ਦੱਸਿਆ ਕਿ ਇਥੇ ਵਸਦੇ ਪੰਜਾਬੀਆਂ ਵਾਸਤੇ ਇਹ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਰਕਫੈਡ ਦੇ ਮਿਆਰੀ ਉਤਪਾਦ ਪੰਜਾਬੀਆਂ ਦੀ ਰਸੋਈ ਦਾ ਸ਼ਿੰਗਾਰ ਬਣਨਗੇ। ਕਮਲ ਸਵੀਟ ਦੇ ਮਾਲਕ ਡਾਕਟਰ ਸੁਖਜੀਤ ਸਿੰਘ ਨੇ ਮਾਰਕਫੈਡ ਦੀ ਟੀਮ ਵੱਲੋਂ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਸ਼ਹਿਰ ਦੇ ਥੋਕ ਅਤੇ ਪਰਚੂਨ ਵਪਾਰੀਆਂ ਨਾਲ ਕੀਤੀ ਗੱਲਬਾਤ ਨੂੰ ਸਲਾਹਿਆ ਅਤੇ ਕਿਹਾ ਕਿ ਜਿਸ ਲਗਨ, ਮਿਹਨਤ ਅਤੇ ਪੇਸ਼ੇਵਾਰਨਾ ਪਹੁੰਚ ਨਾਲ ਮਾਰਕਫੈਡ ਦੇ ਅਧਿਕਾਰੀ ਵਪਾਰੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਮਾਰਕਫੈਡ ਦੇ ਉਤਪਾਦਾਂ ਦੀ ਮੰਗ ਵਧੇਗੀ।

ਹਾਂਗਕਾਂਗ ਵਪਾਰੀਆਂ ਦੇ ਲੇਖੇ-ਜੋਖੇ ਰੱਖਣ ਦੇ ਮਾਹਰ ਚਾਰਟਰਡ ਅਕਾਊਂਟੈਂਟ ਸ. ਕਰਮਜੀਤ ਸਿੰਘ ਨੇ ਬੋਲਦਿਆਂ ਆਖਿਆ ਕਿ ਖ਼ਾਸ ਕਰਕੇ ਪੰਜਾਬਣਾਂ ਵਾਸਤੇ ਮਾਰਕਫੈਡ ਦੇ ਡੱਬਾ ਬੰਦ ਉਤਪਾਦ ਆਉਣੇ ਖੁਸ਼ੀ ਦੀ ਗੱਲ ਹੈ ਕਿÀਂਕਿ ਘਰਾਂ ‘ਚ ਅੱਜ ਕੱਲ• ਔਰਤਾਂ ਦੇ ਕੰਮ ਕਾਜ ‘ਚ ਰੁੱਝੇ ਹੋਣ ਕਰਕੇ ਬਣਿਆ ਬਣਾਇਆ ਖਾਣਾਂ ਨਾ ਸਿਰਫ ਵਕਤ ਬਚਾਏਗਾ ਸਗੋਂ ਉਹ ਪੰਜਾਬੀ ਖਾਣਿਆਂ ਦਾ ਹਾਂਗਕਾਂਗ ਬੈਠੇ ਵੀ ਸਵਾਦ ਚਖ਼ ਸਕਣਗੇ। ਪੰਜਾਬੀ ਕਲਾਕਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਹਾਂਗਕਾਂਗ ਦੇ ਪ੍ਰਸਿੱਧ ਪੰਜਾਬੀ ਗਾਇਕ ਸ੍ਰੀ ਗੁਰਦੀਪ ਸਿੰਘ ਸਵੱਦੀ ਨੇ ਬੋਲਦਿਆਂ ਆਖਿਆ ਕਿ ਮਾਰਕਫੈਡ ਵੱਲੋਂ ਹਾਂਗਕਾਂਗ ਰਹਿੰਦੇ ਪੰਜਾਬੀਆਂ ਨੂੰ ਬਹੁਤ ਵਧੀਆ ਤੋਹਫਾ ਦਿੱਤਾ ਗਿਆ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਜਿੱਥੇ ਪਹਿਲਾਂ ਵੀ ਵਿਦੇਸ਼ਾਂ ਵਿੱਚ ਡੱਬਾਬੰਦ ਖਾਣੇ ਭੇਜੇ ਜਾਂਦੇ ਸਨ ਹੁਣ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ ਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਤੋਂ ਬਾਹਰ ਜਾ ਕੇ ਮਾਰਕਫੈਡ ਦੇ ਉਤਪਾਦਾਂ ਨੂੰ ਵੇਚਣ ਲਈ ਵਿਕਰੀ ਕੇਂਦਰ ਵੀ ਖੋਲ੍ਹੇ ਜਾਣ। ਉਨ੍ਹਾਂ ਦੱਸਿਆ ਕਿ ਦੇਸ ਅੰਦਰ ਇਸ ਦੀ ਸ਼ੁਰੂਆਤ ਗੁਜਰਾਤ ਦੇ ਸ਼ਹਿਰ ਵਡੋਦਰਾ ਤੋਂ ਕਰ ਦਿੱਤੀ ਹੈ ਅਤੇ ਮਹਾਂਰਾਸ਼ਟਰ ਦੇ ਸ਼ਹਿਰਾਂ ਵਿੱਚ ਵੀ ਜਲਦ ਹੀ ਵਿਕਰੀ ਕੇਂਦਰ ਖੋਲ੍ਹੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਵੀ ਇਸ ਨੂੰ ਅੱਗੇ ਤੋਰਦਿਆਂ ਹਾਂਗਕਾਂਗ ਵਿਖੇ ਇਸ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਪੰਜਾਬ ਤੋਂ ਬਾਹਰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਫੈਲਿਆ ਹੋਇਆ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈਡ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਵਿਕਰੀ ਕੇਂਦਰ ਹੋਰ ਖੋਲ੍ਹੇ ਜਾਣਗੇ। ਅੰਤ ਵਿੱਚ ਮਾਰਕਫੈਡ ਦੇ ਸੀਨੀਅਰ ਮੈਨੇਜਰ ਐਕਸਪੋਰਟ ਸ੍ਰੀ ਮਨਦੀਪ ਸਿੰਘ ਬਰਾੜ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਉਦਘਾਟਨ ਦੀ ਰਿਪੋਰਟ ‘ਤੇ ਆਧਾਰਿਤ ਮਾਰਕਫੈਡ ਦੇ ਹਫਤਾਵਰੀ ਪ੍ਰੋਗਰਾਮ ਸੋਹਣਾ ਪੰਜਾਬ, ਜਲੰਧਰ ਦੂਰਦਰਸ਼ਨ ਤੋਂ 18 ਅਗਸਤ ਸ਼ਾਮ 5:30 ਵਜੇ ਦਿਖਾਇਆ ਜਾਵੇਗਾ।