ਬਰਮੂਡਾ ਤਿਕੋਣ ਦਾ ਰਹੱਸ

0
595

ਉੱਤਰੀ ਅੰਧ-ਮਹਾਂਸਾਗਰ ਵਿੱਚ ਸਥਿਤ ਬਰਮੂਡਾ ਤਿਕੋਣ ਅਜਿਹਾ ਜਲ ਖੇਤਰ ਹੈ ਜੋ ਰਹੱਸਮਈ ਘਟਨਾਵਾਂ ਵਾਪਰਨ ਲਈ ਜਾਣੇ ਜਾਂਦੇ ਸਥਾਨਾਂ ਵਿੱਚੋਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਦਸ ਕਰੋੜ ਸੱਠ ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਅੰਧ ਮਹਾਂਸਾਗਰ ਵਿੱਚ ਤਕਰੀਬਨ 39,00,000 ਵਰਗ ਕਿਲੋਮੀਟਰ ਖੇਤਰਫਲ ਵਾਲੇ ਇਸ ਤਿਕੋਣੇ ਜਲ ਭਾਗ ਵਿੱਚ ਹੁਣ ਤਕ ਤਕਰੀਬਨ 75 ਹਵਾਈ ਜਹਾਜ਼ ਤੇ ਸੌ ਤੋਂ ਵੱਧ ਸਮੁੰਦਰੀ ਬੇੜੇ ਗਾਇਬ ਹੋ ਚੁੱਕੇ ਹਨ।
 ਵੀਹਵੀਂ ਸਦੀ ਦੇ ਪਿਛਲੇ ਅੱਧ ਦੇ ਤਕਰੀਬਨ ਤਿੰਨ ਦਹਾਕਿਆਂ ਦੌਰਾਨ ਖ਼ੌਫ਼ਨਾਕ ਘਟਨਾਵਾਂ ਕਾਰਨ ਦੰਦ ਕਥਾਵਾਂ ਦਾ ਵਿਸ਼ਾ ਬਣੀ ਰਹੀ ਇਸ ਤਿਕੋਣ ਵਿੱਚ ਵਾਪਰਨ ਵਾਲੇ ਹਾਦਸੇ ਭੈਅ ਤੇ ਰਹੱਸ ਦਾ ਮੰਜ਼ਰ ਬਣੇ ਰਹੇ ਹਨ। ਬਹੁਤ ਸਾਰੇ ਹਵਾਈ ਜਹਾਜ਼ ਤੇ ਸਮੁੰਦਰੀ ਬੇੜੇ ਆਪਣੇ ਸਵਾਰਾਂ ਸਮੇਤ ਇਸ ਖੇਤਰ ਵਿੱਚੋਂ ਲੰਘਣ ਸਮੇਂ ਆਪਣੀਆਂ ਮੰਜ਼ਿਲਾਂ ’ਤੇ ਨਹੀਂ ਪਹੁੰਚ ਸਕੇ।
ਅੰਧ-ਮਹਾਂਸਾਗਰ ਵਿੱਚ ਮੌਜੂਦ ਇਹ ਤਿਕੋਣ ਖੇਤਰ 55 ਦਰਜੇ ਪੱਛਮ ਤੋਂ 80 ਦਰਜੇ ਪੱਛਮੀ ਦੇਸ਼ਾਂਤਰ ਅਤੇ 25 ਦਰਜੇ ਉੱਤਰ ਤੋਂ 40 ਦਰਜੇ ਉੱਤਰੀ ਅਕਸ਼ਾਂਸ਼ ਵਿੱਚ ਫੈਲਿਆ ਹੋਇਆ ਹੈ। ਇਸ ਦੇ ਇੱਕ ਸਿਰੇ ’ਤੇ ਫਲੋਰਿਡਾ, ਦੂਜੇ ’ਤੇ ਬਰਮੂਡਾ ਅਤੇ ਤੀਜੇ ’ਤੇ ਪਿਊਰਟੋ ਰੀਕੋ ਹੈ। ਇਹ ਤਿਕੋਣ ਫਲੋਰਿਡਾ ਜਲਡਮਰੂ ਦੇ ਮੱਧ ਤੋਂ ਲੈ ਕੇ ਬਾਹਮਾਸ ਤੇ ਕੈਰੇਬੀਅਨ ਟਾਪੂਆਂ ਦੇ ਨਾਲ ਨਾਲ ਪੂਰਬ ਵਿੱਚ ਅੰਧ-ਮਹਾਂਸਾਗਰ ਦੇ ਔਰਜੇਸ ਤਕ ਫੈਲੀ ਹੋਈ ਹੈ।
ਹੁਣ ਤਕ ਰਹੱਸਮਈ ਤੇ ਸਨਸਨੀਖੇਜ਼ ਸਮਝੇ ਜਾਂਦੇ ਰਹੇ ਇਸ ਖੇਤਰ ਬਾਰੇ ਇਤਿਹਾਸਕ ਤੌਰ ’ਤੇ ਮੁੱਢਲੀ ਜਾਣਕਾਰੀ ਨਵੀਆਂ ਥਾਵਾਂ ਦੀ ਖੋਜ ਵਾਸਤੇ ਲੰਮੀਆਂ ਸਮੁੰਦਰੀ ਯਾਤਰਾਵਾਂ ਕਰਨ ਵਾਲੇ ਕ੍ਰਿਸਟੋਫਰ ਕੋਲੰਬਸ ਦੇ ਯਾਤਰਾ ਬਿਰਤਾਂਤ ਤੋਂ ਮਿਲਦੀ ਹੈ। ਉਸ ਨੇ 11 ਅਕਤੂਬਰ 1492 ਨੂੰ ਇਸ ਜਲ ਖੇਤਰ ਵਿੱਚੋਂ ਲੰਘਦਿਆਂ ਆਪਣੀ ਯਾਤਰਾ ਡਾਇਰੀ ਵਿੱਚ ਲਿਖਿਆ: ‘‘ਇਸ ਖੇਤਰ ਦੇ ਅੰਬਰਾਂ ਵਿੱਚ ਰੌਸ਼ਨੀ ਤਰੰਗਾਂ ਦਾ ਵਿਲੱਖਣ ਨਾਚ ਹੁੰਦਾ ਹੈ ਤੇ ਮਾਰਗਦਰਸ਼ਕ ਯੰਤਰ ਅਜੀਬ ਵਰਤਾਰਾ ਕਰਦੇ ਨਜ਼ਰ ਆਉਂਦੇ ਹਨ। ਇਹ ਕੀ ਤੇ ਕਿਉਂ ਹੋ ਰਿਹਾ ਹੈ? ਸਾਡਾ ਸਮੁੰਦਰੀ ਬੇੜਾ ਡਿੱਕਡੋਲੇ ਖਾ ਰਿਹਾ ਹੈ…।’’
ਬਰਮੂਡਾ ਤਿਕੋਣ ਵਿੱਚ ਸਮੁੰਦਰੀ ਬੇੜਿਆਂ ਤੇ ਹਵਾਈ ਜਹਾਜ਼ਾਂ ਦੇ ਭੇਤ ਭਰੇ ਢੰਗ ਨਾਲ ਗਾਇਬ ਹੋਣ ਦੀਆਂ ਘਟਨਾਵਾਂ ਨੇ ਉਸ ਸਮੇਂ ਦੁਨੀਆਂ ਦਾ ਧਿਆਨ ਖਿੱਚਿਆ ਜਦੋਂ 5 ਦਸੰਬਰ 1945 ਨੂੰ ਅਮਰੀਕੀ ਜਲ ਸੈਨਾ ਦੀ ਫਲਾਈਟ-19 ਦੇ ਪੰਜ ਬੰਬਾਰ ਹਵਾਈ ਜਹਾਜ਼ ਇਸ ਖੇਤਰ ਵਿੱਚ ਲਾਪਤਾ ਹੋ ਗਏ। ਇਨ੍ਹਾਂ ਹਵਾਈ ਜਹਾਜ਼ਾਂ ਦੀ ਖੋਜ ਖ਼ਬਰ ਲੈਣ ਲਈ 13 ਮੈਂਬਰੀ ਦਲ ਨਾਲ ਗਈ ਨੇਵੀ ਦੀ ਮੈਰੀਨਰ ਫਲਾਈਂਗ ਬੋਟ ਵੀ ਗਾਇਬ ਹੋ ਗਈ। ਇੱਕੋ ਦਿਨ ਛੇ ਜਹਾਜ਼ਾਂ ਦੇ ਲਾਪਤਾ ਹੋਣ ਕਾਰਨ ਪੂਰੀ ਦੁਨੀਆਂ ਵਿੱਚ ਤਰਥੱਲੀ ਮੱਚ ਗਈ। ਬੰਬਾਰ ਜਹਾਜ਼ਾਂ ਤੇ ਮੈਰੀਨਰ ਦੇ ਲਾਪਤਾ ਹੋਣ ਦੇ ਕਾਰਨਾਂ ਸਬੰਧੀ ਉਸ ਸਮੇਂ ਪੁਖਤਾ ਜਾਣਕਾਰੀ ਨਾ ਹੋਣ ਕਰਕੇ ਕਈ ਅਫ਼ਵਾਹਾਂ, ਅਤਿਕਥਨੀਆਂ ਅਤੇ ਕਿਆਸਅਰਾਈਆਂ ’ਤੇ ਆਧਾਰਿਤ ਕਹਾਣੀਆਂ ਦੇ ਜਨਮ ਵਾਸਤੇ ਜ਼ਰਖੇਜ਼ ਭੋਇੰ ਤਿਆਰ ਹੋ ਗਈ। ਬਹੁਤ ਸਾਰੇ ਲੋਕ ਇਨ੍ਹਾਂ ਘਟਨਾਵਾਂ ਨੂੰ ਕਿਸੇ ਗੈਬੀ ਸ਼ਕਤੀ ਦਾ ਪ੍ਰਕੋਪ ਮੰਨਣ ਲੱਗੇ। ਅਜਿਹੇ ਗੈਰ-ਵਿਗਿਆਨਕ ਵਿਚਾਰਾਂ ਨੂੰ ਫੈਲਾਉਣ ਵਿੱਚ ਕੁਝ ਲੇਖਕਾਂ ਦੀਆਂ ਸਨਸਨੀਖੇਜ਼ ਲਿਖਤਾਂ ਨੇ ਅਹਿਮ ਭੂਮਿਕਾ ਨਿਭਾਈ।
ਬਰਮੂਡਾ ਤਿਕੋਣ ਵਿੱਚ ਵਾਪਰਨ ਵਾਲੀਆਂ ਰਹੱਸਮਈ ਘਟਨਾਵਾਂ ਦਾ ਪਹਿਲੀ ਵਾਰ ਲਿਖਤੀ ਜ਼ਿਕਰ 17 ਸਤੰਬਰ 1950 ਨੂੰ ਐਡਵਰਡ ਵਾਨ ਵਿੰਕਲ ਜੌਹਨਜ਼ ਨੇ ‘ਮਿਆਮੀ ਹੈਰਲਡ’ ਨਾਂ ਦੇ ਰਸਾਲੇ ਵਿੱਚ ਇੱਕ ਲੇਖ ਪ੍ਰਕਾਸ਼ਿਤ ਕਰਕੇ ਕੀਤਾ। ਇਸ ਤੋਂ ਦੋ ਸਾਲ ਪਿੱਛੋਂ ਜੌਰਜ ਐਕਸ. ਸੈਂਡ ਨਾਂ ਦੇ ਲੇਖਕ ਨੇ ਫਲਾਈਟ-19 ਦੇ ਹਵਾਈ ਜਹਾਜ਼ਾਂ ਦੇ ਲਾਪਤਾ ਹੋਣ ਸਮੇਤ ਇਸ ਵਿਸ਼ੇ ’ਤੇ ਇੱਕ ਲੇਖ ‘ਸੀ ਮਿਸਟਰੀ ਐਟ ਅਵਰ ਬੈਕ ਡੋਰ’ ਲਿਖਿਆ ਜੋ ‘ਫੇਟ’ ਨਾਂ ਦੇ ਰਸਾਲੇ ਵਿੱਚ ਛਪਿਆ। ਸੈਂਡ ਨੇ ਪਹਿਲੀ ਵਾਰ ਬਰਮੂਡਾ ਤਿਕੋਣ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਨ੍ਹਾਂ ਘਟਨਾਵਾਂ ਪਿੱਛੇ ਕਿਸੇ ਪਰਾਭੌਤਿਕ ਸ਼ਕਤੀ ਦਾ ਹੱਥ ਹੋਣ ਦਾ ਦਾਅਵਾ ਕੀਤਾ। ਫਲਾਈਟ-19 ਨਾਲ ਜੁੜੀਆਂ ਘਟਨਾਵਾਂ ਦਾ ਮੁੜ 1962 ਵਿੱਚ ਜ਼ਿਕਰ ਲੇਖਕ ਐਲਨ ਡਬਲਿਊ. ਐਕਰਟ ਨੇ ਆਪਣੇ ਇੱਕ ਲੇਖ ਵਿੱਚ ਕੀਤਾ। ਦਿਲਚਸਪ ਗੱਲ ਇਹ ਹੈ ਕਿ ਲੇਖਕ ਨੇ ਅਮਰੀਕੀ ਜਲ ਸੈਨਾ ਜਾਂਚ ਬੋਰਡ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਫਲਾਈਟ-19 ਦੇ ਪੰਜੇ ਤਾਰਪੀਡੋ ਬੰਬਾਰ ਹਵਾਈ ਜਹਾਜ਼ ਮੰਗਲ ਗ੍ਰਹਿ ਵੱਲ ਉਡਾਰੀ ਮਾਰ ਗਏ ਹਨ। ਇਸ ਤੋਂ ਬਾਅਦ 1964 ਵਿੱਚ ਲੇਖਕ ਵਿਨਸੈੱਟ ਐੱਚ. ਗੈਡਿਸ ਨੇ ਇਸ ਤਿਕੋਣ ਖੇਤਰ ’ਚ ਵਾਪਰੀਆਂ ਘਟਨਾਵਾਂ ਬਾਰੇ ਲਿਖਿਆ। ਚਰਚਿਤ ਲੇਖਕ ਈਵਾਨ ਟੀ. ਸੈਂਡਰਸਨ ਦੀਆਂ ਇਸ ਤਿਕੋਣ ਬਾਰੇ ਲਿਖਤਾਂ ਨੇ ਇਸ ਵਰਤਾਰੇ ਨੂੰ ਹੋਰ ਵੀ ਰਹੱਸਮਈ ਬਣਾ ਦਿੱਤਾ। 1973 ਵਿੱਚ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਨੇ ਆਪਣੇ ਨਵੇਂ ਸੰਸਕਰਣ ’ਚ ਬਰਮੂਡਾ ਤਿਕੋਣ ਨੂੰ ਸ਼ਾਮਲ ਕਰਕੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦੇ ਦਿੱਤੀ। ਇਸੇ ਸਾਲ ਜੌਹਨ ਵੈਲੇਸ ਸਪੈਂਸਰ ਦੀ ਛਪੀ ਪੁਸਤਕ ‘ਲਿੰਬੋ ਆਫ ਦਿ ਲੌਸਟ’ ਅਤੇ 1974 ’ਚ ਆਈ ਚਾਰਲਸ ਬਰਲਿਟਜ਼ ਦੀ ਪੁਸਤਕ ‘ਦਿ ਬਰਮੂਡਾ ਟ੍ਰਾਇੰਗਲ’ ਨੇ ਵੀ ਘਟਨਾਵਾਂ ਦੇ ਸਨਸਨੀਖੇਜ਼ ਰਹੱਸਾਂ ਦੀ ਲੜੀ ਨੂੰ ਅੱਗੇ ਤੋਰਿਆ।
ਇਨ੍ਹਾਂ ਲੇਖਕਾਂ ਨੇ ਬਰਮੂਡਾ ਤਿਕੋਣ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲਈ ਮੁੱਖ ਤੌਰ ’ਤੇ ਤਿੰਨ ਪ੍ਰਕਾਰ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਵਿਆਖਿਆ ਕੀਤੀ। ਪਹਿਲਾ, ਇਨ੍ਹਾਂ ਲੇਖਕਾਂ ਨੇ ਬਰਮੂਡਾ ਤਿਕੋਣ ਨੂੰ ਪ੍ਰਿਥਵੀ ਤੋਂ ਬਾਹਰੀ ਕਿਸੇ ਹੋਰ ਗ੍ਰਹਿ ਦੇ ਬਾਸ਼ਿੰਦਿਆਂ ਦੀ ਸ਼ਿਕਾਰਗਾਹ ਦੱਸਿਆ। ਦੂਜਾ, ਉਨ੍ਹਾਂ ਨੇ ਪ੍ਰਿਥਵੀ ’ਤੇ ‘ਮੌਜੂਦ’ ਰਹੇ ਐਟਲਾਂਟਿਸ ਮਹਾਂਦੀਪ ਦੀ ਕਲਪਨਾ ਕੀਤੀ ਜਿਸ ਦੀ ਅਤਿ ਵਿਕਸਿਤ ਸੱਭਿਅਤਾ ਅੰਧ-ਮਹਾਂਸਾਗਰ ਵਿੱਚ ਡੁੱਬ ਚੁੱਕੀ ਹੈ ਤੇ ਉਸ ਦੀਆਂ ਅਜੇ ਤਕ ਚੱਲ ਰਹੀਆਂ ਮਸ਼ੀਨਾਂ ਤਿਕੋਣ ਵਿੱਚ ਸਮੁੰਦਰੀ ਤੇ ਹਵਾਈ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਤੀਜੇ ਵਿਚਾਰ ਮੁਤਾਬਿਕ ਇਨ੍ਹਾਂ ਲੇਖਕਾਂ ਨੇ ਤਿਕੋਣ ਵਿੱਚ ਵਾਪਰਨ ਵਾਲੀਆਂ ਭੇਤ ਭਰੀਆਂ ਘਟਨਾਵਾਂ ਲਈ ਕਿਸੇ ਦੈਵੀ ਸ਼ਕਤੀ ਨੂੰ ਜ਼ਿੰਮੇਵਾਰ ਠਹਿਰਾਇਆ।

ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਲੇਖਕਾਂ ਨੇ ਬਰਮੂਡਾ ਤਿਕੋਣ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਤੱਥਾਂ ਦੀ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਦਰਸਾਏ ਬਿਰਤਾਂਤ ਦੀ ਪੁਸ਼ਟੀ ਲਈ ਕੋਈ ਸਬੂਤ ਦੇਣ ਦੀ ਲੋੜ ਵੀ ਨਹੀਂ ਸਮਝੀ। ਇਹ ਲੇਖਕ ਮਨੋਕਲਪਿਤ ਰਹੱਸ ਸਿਰਜਦੇ ਰਹੇ। ਇਸ ਕਾਰਨ ਇਨ੍ਹਾਂ ਲਿਖਤਾਂ ਨੇ ਭੈਅ, ਸਨਸਨੀ, ਰਹੱਸ ਤੇ ਦਿਲਚਸਪੀ ਦਾ ਮਾਹੌਲ ਤਾਂ ਸਿਰਜਿਆ, ਪਰ ਭਰੋਸੇਯੋਗਤਾ ਕਾਇਮ ਨਹੀਂ ਕਰ ਸਕੀਆਂ। ਉਂਜ, ਇਹ ਲੇਖਕ ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਮੋਟੀ ਕਮਾਈ ਕਰਨ ਵਿੱਚ ਕਾਮਯਾਬ ਹੋ ਗਏ।
ਬਰਮੂਡਾ ਤਿਕੋਣ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਦਰੁਸਤ ਨਜ਼ਰੀਏ ਤੋਂ ਪਰਦਾਫਾਸ਼ ਲੇਖਕ ਲਾਰੈਂਸ ਡੀ ਕੁਸਸ਼ੇ ਨੇ 1975 ਵਿੱਚ ਪ੍ਰਕਾਸ਼ਿਤ ਆਪਣੀ ਬਹੁ-ਚਰਚਿਤ ਪੁਸਤਕ ‘ਦਿ ਬਰਮੂਡਾ ਟ੍ਰਾਇੰਗਲ ਮਿਸਟਰੀ ਸੌਲਵਡ’ ਰਾਹੀਂ ਕੀਤਾ। ਉਸ ਨੇ ਉਨ੍ਹੀਵੀਂ ਸਦੀ ਦੇ ਆਰੰਭ ਤੋਂ ਲੈ ਕੇ ਵੀਹਵੀਂ ਸਦੀ ਦੇ ਸਾਢੇ ਸੱਤ ਦਹਾਕਿਆਂ ਤਕ ਇਸ ਤਿਕੋਣ ਵਿੱਚ ਵਾਪਰੀਆਂ ਘਟਨਾਵਾਂ ਦਾ ਬਾਰੀਕਬੀਨੀ ਨਾਲ ਵਿਸ਼ਲੇਸ਼ਣ ਕੀਤਾ। ਉਸ ਨੇ ਵਾਪਰੀਆਂ ਘਟਨਾਵਾਂ ਦੇ ਸਮੇਂ, ਸਥਾਨ ਤੇ ਸਮੁੰਦਰੀ ਖੇਤਰ ਵਿੱਚ ਮੌਸਮ ਦੇ ਮਿਜਾਜ਼, ਹਵਾਵਾਂ ਦੀ ਦਿਸ਼ਾ ਅਤੇ ਰਫ਼ਤਾਰ ਅਤੇ ਜਲ ਧਰਾਵਾਂ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਇਆ। ਇਸ ਦੇ ਨਾਲ ਪਹਿਲਾਂ ਦੇ ਲੇਖਕਾਂ ਵੱਲੋਂ ਰਿਪੋਰਟ ਕੀਤੀਆਂ ਘਟਨਾਵਾਂ ਦੇ ਦੱਸੇ ਸਮੇਂ ਦੌਰਾਨ ਮੁਕਾਮੀ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਨੂੰ ਵੀ ਘੋਖਿਆ। ਕੁਸਸ਼ੇ ਨੇ ਇਸ ਅਧਿਐਨ ਤੋਂ ਤਿੰਨ ਸਿੱਟੇ ਕੱਢੇ: ਪਹਿਲਾ, ਤਿਕੋਣ ’ਚ ਵਾਪਰੀਆਂ ਦੱਸੀਆਂ ਜਾਂਦੀਆਂ ਕਈ ਘਟਨਾਵਾਂ ਅਸਲ ਵਿੱਚ ਇਸ ਖੇਤਰ ਵਿੱਚ ਵਾਪਰੀਆਂ ਹੀ ਨਹੀਂ। ਦੂਜਾ, ਤਿਕੋਣ ਦੇ ਖੇਤਰ ਵਿੱਚ ਗਾਇਬ ਹੋਏ ਦੱਸੇ ਜਾਂਦੇ ਕਈ ਹਵਾਈ ਜਹਾਜ਼ ਤੇ ਸਮੁੰਦਰੀ ਬੇੜੇ ਦਰਅਸਲ ਇਸ ਖੇਤਰ ਤੋਂ ਬਾਹਰ ਹਾਦਸੇ ਦਾ ਸ਼ਿਕਾਰ ਹੋਏ ਹਨ। ਤੀਜਾ ਸਿੱਟਾ ਇਹ ਕੱਢਿਆ ਕਿ 1945 ਵਿੱਚ ਗਾਇਬ ਹੋਏ ਅਮਰੀਕਾ ਦੇ ਪੰਜ ਬੰਬਾਰਾਂ ਤੇ ਇਨ੍ਹਾਂ ਦੀ ਭਾਲ ’ਚ ਨਿਕਲੀ ਮੈਰੀਨਰ ਫਲਾਈਂਗ ਬੋਟ ਦੇ ਲਾਪਤਾ ਹੋਣ ਸਮੇਤ ਬਰਮੂਡਾ ਤਿਕੋਣ ਵਿੱਚ ਵਾਪਰੀਆਂ ਸਭ ਘਟਨਾਵਾਂ ਦੇ ਸਪਸ਼ਟ ਤੇ ਠੋਸ ਕਾਰਨ ਮੌਜੂਦ ਹਨ ਜਿਨ੍ਹਾਂ ਦਾ ਉਪਰੋਕਤ ਲੇਖਕਾਂ ਦੀਆਂ ਲਿਖਤਾਂ ਵਿੱਚ ਕਿਧਰੇ ਜ਼ਿਕਰ ਨਹੀਂ ਹੈ। ਉਸ ਨੇ ਅੰਧ-ਮਹਾਂਸਾਗਰ ਦੇ ਹੋਰ ਖੇਤਰਾਂ ਵਿੱਚ ਹਵਾਈ ਜਹਾਜ਼ਾਂ ਅਤੇ ਸਮੁੰਦਰੀ ਬੇੜਿਆਂ ਦੇ ਤਬਾਹ ਹੋਣ ਦੀਆਂ ਘਟਨਾਵਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਇਸ ਸਚਾਈ ਨੂੰ ਸਥਾਪਿਤ ਕੀਤਾ ਕਿ ਇਸ ਤਿਕੋਣ ਵਿੱਚ ਵਾਪਰੀਆਂ ਘਟਨਾਵਾਂ ਕੋਈ ਅਲੋਕਾਰੀ ਵਰਤਾਰਾ ਨਹੀਂ ਸਗੋਂ ਮਹਾਂਸਾਗਰ ਦੇ ਹੋਰਨਾਂ ਭਾਗਾਂ ਵਿੱਚ ਵੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।
ਬਰਮੂਡਾ ਤਿਕੋਣ ਦੀਆਂ ਘਟਨਾਵਾਂ ਨੂੰ ਰਹੱਸਮਈ ਦੱਸਣ ਵਾਲੇ ਲੇਖਕਾਂ ਦੀਆਂ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕਰਦਿਆਂ ਕੁਸਸ਼ੇ ਨੇ ਕੁਝ ਮਿਸਾਲਾਂ ਵੀ ਦਿੱਤੀਆਂ। ਉਸ ਨੇ 1945 ਵਿੱਚ ਤਿਕੋਣੇ ਜਲ-ਖੰਡ ਵਿੱਚ ਪੰਜ ਬੰਬਾਰਾਂ ਤੇ ਮੈਰੀਨਰ ਫਲਾਈਂਗ ਬੋਟ ਦੇ ਲਾਪਤਾ ਹੋਣ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਬੰਬਾਰ ਜਹਾਜ਼ਾਂ ਦੀ ਅਗਵਾਈ ਕਰ ਰਿਹਾ ਫਲਾਈਂਗ ਲੈਫਟੀਨੈਂਟ ਚਾਰਲਸ ਟਾਇਲਰ ਇਸ ਖੇਤਰ ਵਿੱਚ ਪਹਿਲੀ ਵਾਰ ਗਿਆ ਸੀ ਤੇ ਉਸ ਨਾਲ ਗਏ ਚਾਰ ਹੋਰ ਬੰਬਾਰਾਂ ਦੇ ਪਾਇਲਟ ਸਿਖਾਂਦਰੂ ਸਨ। ਰੁਟੀਨ ਦੀ ਸਿਖਲਾਈ ਉਡਾਣ ’ਤੇ ਗਏ ਇਸ ਦਲ ਦੇ ਦਿਸ਼ਾਸੂਚਕ ਯੰਤਰ ਵਿੱਚ ਗੜਬੜੀ ਹੋ ਗਈ ਤੇ ਉਹ ਦਿਸ਼ਾ ਭਟਕ ਗਏ। ਰਾਤ ਅੱਠ ਵਜੇ ਤਕ ਸਹੀ ਦਿਸ਼ਾ ਲੱਭਦੇ-ਲੱਭਦੇ ਹਵਾਈ ਜਹਾਜ਼ਾਂ ਦਾ ਤੇਲ ਖ਼ਤਮ ਹੋ ਗਿਆ ਤੇ ਉਹ ਸਮੁੰਦਰ ਵਿੱਚ ਡਿੱਗ ਗਏ। ਇਨ੍ਹਾਂ ਦੀ ਭਾਲ ਵਿੱਚ 13 ਮੈਂਬਰੀ ਖੋਜ ਦਲ ਲੈ ਕੇ ਮੈਰੀਨਰ ਫਲਾਈਂਗ ਬੋਟ ਰਾਤ 7.27 ਵਜੇ ਉੱਡਿਆ। ਭਾਫ਼ ਵਾਲੇ ਸਮੁੰਦਰੀ ਜਹਾਜ਼ ਗੇਨਾਸ ਮਿਲਜ਼ ਦੇ ਡੈਕ ’ਤੇ ਖੜ੍ਹੇ ਯਾਤਰੀਆਂ ਨੇ ਇਸ ਨੂੰ ਰਾਤ 7.47 ਵਜੇ ਆਕਾਸ਼ ਵਿੱਚ ਹੀ ਵਿਸਫੋਟ ਨਾਲ ਤਬਾਹ ਹੁੰਦੇ ਤੇ ਸਮੁੰਦਰ ਵਿੱਚ ਡਿੱਗਦੇ ਹੋਏ ਦੇਖਿਆ। ਕੁਸਸ਼ੇ ਨੇ ਇਸ ਹਾਦਸੇ ਸਬੰਧੀ ਅਮਰੀਕੀ ਜਲ ਸੈਨਾ ਦੀ 400 ਸਫ਼ੇ ਦੀ ਜਾਂਚ ਰਿਪੋਰਟ ਨੂੰ ਵਾਚਣ ਉਪਰੰਤ ਦੱਸਿਆ ਕਿ ਉਨ੍ਹੀਂ ਦਿਨੀਂ ਮੈਰੀਨਰ ਹਵਾਈ ਜਹਾਜ਼ਾਂ ਦਾ ਹਾਦਸਾਗ੍ਰਸਤ ਹੋ ਜਾਣਾ ਆਮ ਗੱਲ ਸੀ ਤੇ ਪਾਇਲਟ ਇਨ੍ਹਾਂ ਨੂੰ ਉੱਡਦੇ ਗੈਸ ਟੈਂਕ ਆਖਿਆ ਕਰਦੇ ਸਨ। ਕੁਸਸ਼ੇ ਨੇ ਮਿਸਾਲ ਦਿੱਤੀ ਕਿ 1937 ਵਿੱਚ ਫਲੋਰਿਡਾ ਦੀ ਬੀਚ ’ਤੇ ਸੈਂਕੜੇ ਚਸ਼ਮਦੀਦ ਲੋਕਾਂ ਦੇ ਸਾਹਮਣੇ ਇੱਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਕਹਾਣੀ ਬਿਲਕੁਲ ਬੇਬੁਨਿਅਦ ਨਿਕਲੀ। ਉਸ ਨੇ ਖੇਤਰ ਦੇ ਸਥਾਨਕ ਅਖ਼ਬਾਰਾਂ ਦੀ ਘੋਖ ਉਪਰੰਤ ਦੱਸਿਆ ਕਿ ਕਿਸੇ ਵੀ ਅਖ਼ਬਾਰ ਵਿੱਚ ਅਜਿਹੀ ਕਿਸੇ ਘਟਨਾ ਦਾ ਜ਼ਿਕਰ ਹੀ ਨਹੀਂ ਸੀ। ਦਰਅਸਲ, ਇਹ ਹਾਦਸਾ ਦੱਸੇ ਜਾਂਦੇ ਖੇਤਰ ਬਰਮੂਡਾ ਤਿਕੋਣ ਤੋਂ ਬਹੁਤ ਦੂਰ ਵਾਪਰਿਆ ਸੀ।
ਕਲਪਿਤ ਅਟਲਾਂਟਿਸ ਮਹਾਂਦੀਪ ਦੀ ਕਥਿਤ ਵਿਕਸਿਤ ਸੱਭਿਅਤਾ ਦੀਆਂ ਮਸ਼ੀਨਾਂ ਦੇ ਪ੍ਰਭਾਵ ਨਾਲ ਬਰਮੂਡਾ ਤਿਕੋਣ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਖੰਡਨ ਕਰਦਿਆਂ ਉਸ ਨੇ ਬਾਹਮਾਸ ਦੇ ਬਿਮਿਨੀ ਟਾਪੂ ਦੀ ਬਿਮਿਨੀ ਰੋਡ ਵਜੋਂ ਜਾਣੀ ਜਾਂਦੀ ਚੱਟਾਨਾਂ ਦੀ ਬਣਤਰ ਨੂੰ ਕਿਸੇ ਜਲ-ਸਮਾਧੀ ਲੈ ਚੁੱਕੇ ਮਹਾਂਦੀਪ ਦੀ ਕਥਿਤ ਵਿਕਸਿਤ ਸੱਭਿਅਤਾ ਦਾ ਭਾਗ ਨਹੀਂ ਸਗੋਂ ਚੱਟਾਨਾਂ ਦੀ ਕੁਦਰਤੀ ਬਣਤਰ ਸਿੱਧ ਕੀਤਾ। ਉਸ ਨੇ ਅਟਲਾਂਟਿਸ ਮਹਾਂਦੀਪ ਦੀ ਕਹਾਣੀ ਨੂੰ ਨਿਰਮੂਲ ਕਰਾਰ ਦਿੱਤਾ।
ਦਿਲਚਸਪ ਗੱਲ ਇਹ ਹੈ ਕਿ 2013 ਵਿੱਚ ‘ਵਰਲਡ ਵਾਈਡ ਫੰਡ ਫਾਰ ਨੇਚਰ’ ਵੱਲੋਂ ਦੁਨੀਆਂ ਦੇ ਸਮੁੰਦਰਾਂ ਵਿੱਚ ਜਹਾਜ਼ਰਾਨੀ ਲਈ ਖ਼ਤਰਨਾਕ ਸਮਝੇ ਜਾਂਦੇ ਦਸ ਖੇਤਰਾਂ ਦੀ ਸ਼ਨਾਖਤ ਕੀਤੀ ਗਈ ਸੀ ਜਿਨ੍ਹਾਂ ਵਿੱਚ ਬਰਮੂਡਾ ਤਿਕੋਣ ਸ਼ਾਮਲ ਨਹੀਂ ਹੈ। ਰਹੀ ਗੱਲ ਬਰਮੂਡਾ ਤਿਕੋਣ ਦੇ ਪ੍ਰਿਥਵੀ ਤੋਂ ਬਾਹਰੇ ਕਿਸੇ ਗ੍ਰਹਿ ਦੇ ਵਾਸੀਆਂ ਦੀ ਸ਼ਿਕਾਰਗਾਹ ਹੋਣ ਦੀ, ਇਹ ਸਾਬਿਤ ਹੋ ਚੁੱਕਾ ਹੈ ਕਿ ਸਾਡੇ ਸੌਰ ਮੰਡਲ ਦੇ ਗ੍ਰਹਿਆਂ ਤੇ ਉਪਗ੍ਰਹਿਆਂ ਵਿੱਚ ਕਿਧਰੇ ਵੀ ਮਨੁੱਖ ਵਰਗੇ ਵਿਕਸਿਤ ਜੀਵ ਨਹੀਂ ਹਨ। ਸਾਡੇ ਸੂਰਜ ਦਾ ਸਭ ਤੋਂ ਨੇੜਲਾ ਤਾਰਾ ਪ੍ਰੌਕਸਿਮਾ ਸੈਂਚੁਰੀ 4.22 ਪ੍ਰਕਾਸ਼ ਵਰ੍ਹੇ ਦੂਰ ਹੈ, ਪਰ ਇਸ ਤਾਰੇ ਦਾ ਕੋਈ ਗ੍ਰਹਿ ਮੰਡਲ ਨਹੀਂ ਹੈ। ਇਸ ਤੋਂ ਅੱਗੇ ਅਲਫਾ ਸੈਂਚੁਰੀ ਨਾਮ ਦਾ ਤਾਰਾ ਵੀ ਸਾਡੇ ਕੋਲੋਂ 4.37 ਪ੍ਰਕਾਸ਼ ਵਰ੍ਹੇ ਦੂਰ ਹੈ। ਇਹ ਦੂਰੀ 413,35,16,00,23,020 ਕਿਲੋਮੀਟਰ ਬਣਦੀ ਹੈ। ਜੇ ਇਹ ਮੰਨ ਵੀ ਲਈਏ ਕਿ ਇਸ ਤਾਰੇ ਦੇ ਕਿਸੇ ਗ੍ਰਹਿ ’ਤੇ ਮਨੁੱਖ ਵਰਗੇ ਵਿਕਸਿਤ ਜੀਵ ਹੋਣ ਤਾਂ ਵੀ ਉੱਥੋਂ ਸਾਡੇ ਤਕ ਪਹੁੰਚਣ ਲਈ ਲੱਖਾਂ ਸਾਲ ਲੰਮੀਆਂ ਉਮਰਾਂ ਦੀ ਲੋੜ ਹੈ ਜੋ ਸੰਭਵ ਨਹੀਂ ਹੈ। ਅੱਜ ਦੇ ਵਿਗਿਆਨਕ ਯੁੱਗ ਵਿੱਚ ਦੈਵੀ ਸ਼ਕਤੀਆਂ ਦੀ ਹੋਂਦ ਬਾਰੇ ਗੱਲ ਕਰਨਾ ਮਜ਼ਾਕ ਦਾ ਪਾਤਰ ਬਣਨ ਤੋਂ ਇਲਾਵਾ ਕੁਝ ਨਹੀਂ ਹੈ।
ਦਰਅਸਲ, ਬਰਮੂਡਾ ਤਿਕੋਣ ਦੁਨੀਆਂ ਦੇ ਅਤਿ ਰੁਝੇਵੇਂ ਭਰੇ ਜਲ ਮਾਰਗਾਂ ਵਿੱਚ ਸ਼ੁਮਾਰ ਹੈ। ਪ੍ਰਿਥਵੀ ਦਾ ਭੂਗੋਲਿਕ ਉਤਰੀ ਚੁੰਬਕੀ ਧਰੁਵ ਇਸ ਖੇਤਰ ਵਿੱਚ ਪੈਂਦਾ ਹੈ। ਇਸ ਲਈ ਕੰਪਾਸ ਦੀ ਚੁੰਬਕੀ ਉੱਤਰੀ ਦਿਸ਼ਾ ਦਰਸਾ ਰਹੀ ਸੂਈ ਦਾ ‘ਬੇਚੈਨ’ ਹੋਣਾ ਆਮ ਵਰਤਾਰਾ ਹੈ ਜਿਸ ਦਾ ਸਭ ਨੂੰ ਸੈਂਕੜੇ ਸਾਲਾਂ ਤੋਂ ਇਲਮ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਤਪਤ ਖੰਡੀ ਚੱਕਰਵਾਤਾਂ ਅਤੇ ਭਿਆਨਕ ਤੂਫ਼ਾਨਾਂ ਆਉਣਾ ਆਮ ਗੱਲ ਹੈ। ਉੱਤਰੀ ਖੇਤਰ ਦੀਆਂ ਠੰਢੀਆਂ ਹਵਾਵਾਂ ਇਕਦਮ ਰਫ਼ਤਾਰ ਫੜ ਲੈਂਦੀਆਂ ਹਨ ਜਿਨ੍ਹਾਂ ਦੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਤਬਾਹਕੁੰਨ ਰਫ਼ਤਾਰ ਤੀਹ ਮੀਟਰ ਤੋਂ ਵੱਧ ਉੱਚੀਆਂ ਸਮੁੰਦਰੀ ਲਹਿਰਾਂ ਨੂੰ ਜਨਮ ਦਿੰਦੀ ਹੈ ਜੋ ਸਮੁੰਦਰੀ ਬੇੜਿਆਂ ਨੂੰ ਨਿਗਲਣ ਦੇ ਸਮਰੱਥ ਹੁੰਦੀਆਂ ਹਨ। ਅਸਥਿਰ ਮੌਸਮੀ ਹਾਲਾਤ ਵਿੱਚ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਆ ਕੇ ਸਮੁੰਦਰ ਦੇ ਤਲ ਨਾਲ ਟਕਰਾਉਣ ਵਾਲੀ ਠੰਢੀ ਹਵਾ ਤਲ ਦੇ ਪਾਣੀ ਨਾਲ ਬੰਬ ਵਿਸਫੋਟ ਵਰਗਾ ਵਿਹਾਰ ਕਰਦੀ ਹੈ ਜਿਸ ਨਾਲ ਸਮੁੰਦਰੀ ਸਤਹਿ ਉੱਪਰ ਭਾਰੀ ਹਲਚਲ ਪੈਦਾ ਹੁੰਦੀ ਹੈ। ਅਜਿਹੇ ਮੌਸਮੀ ਹਾਲਾਤ ਵਿੱਚ ਛੋਟੇ ਸਮੁੰਦਰੀ ਬੇੜੇ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਮੈਕਸਿਕੋ ਦੀ ਖਾੜੀ ਤੋਂ ਉੱਤਰ-ਪੱਛਮ ਦੀ ਦਿਸ਼ਾ ਵਿੱਚ ਚੱਲਣ ਵਾਲੀ ਸਮੁੰਦਰੀ ਧਾਰਾ ਵੀ ਕਮਜ਼ੋਰ ਜਾਂ ਖਰਾਬ ਹੋ ਚੁੱਕੇ ਇੰਜਣਾਂ ਵਾਲੇ ਬੇੜਿਆਂ ਤੇ ਛੋਟੀਆਂ ਕਿਸ਼ਤੀਆਂ ਨੂੰ ਵਹਾ ਕੇ ਲੈ ਜਾਂਦੀ ਹੈ। ਇਸ ਧਾਰਾ ਦੀ ਰਫ਼ਤਾਰ 7 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਹੁੰਦੀ ਹੈ ਜੋ ‘ਬੇਬਸ’ ਸਮੁੰਦਰੀ ਬੇੜਿਆਂ ਨੂੰ ਕਿਸੇ ਤਣ ਪੱਤਣ ਲੱਗਣ ਤੋਂ ਰੋਕਦੀ ਹੈ । ਕੁੱਲ ਮਿਲਾ ਕੇ ਬਰਮੂਡਾ ਤਿਕੋਣ ਵਿੱਚ ਗਾਇਬ ਹੋਣ ਵਾਲੇ ਹਵਾਈ ਜਹਾਜ਼ਾਂ ਤੇ ਸਮੁੰਦਰੀ ਬੇੜਿਆਂ ਵਿੱਚੋਂ ਬਹੁਤੇ ਖ਼ਰਾਬ ਮੌਸਮ ਦਾ ਸ਼ਿਕਾਰ ਹੁੰਦੇ ਹਨ ਜਾਂ ਫਿਰ ਮਾਨਵੀ ਗ਼ਲਤੀਆਂ ਦਾ।

ਰਣਧੀਰ ਗਿੱਲਪੱਤੀ : ਸੰਪਰਕ: 98556-56156