ਹਾਂਗਕਾਂਗ ‘ਚ ਲੋਕਤੰਤਰ ਹਮਾਇਤੀ ਜਿਮੀ ਲਾਈ ਨੂੰ 14 ਮਹੀਨੇ ਦੀ ਸਜ਼ਾ

0
363

ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ‘ਚ ਲੋਕਤੰਤਰ ਦੇ ਵੱਡੇ ਹਮਾਇਤੀ ਤੇ ਮੀਡੀਆ ਦਿੱਗਜ ਜਿਮੀ ਲਾਈ ਨੂੰ 2019 ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ‘ਚ ਉਨ੍ਹਾਂ ਦੀ ਸ਼ਮੂਲੀਅਤ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ 14 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ। ਹਾਂਗਕਾਂਗ ਜ਼ਿਲ੍ਹਾ ਅਦਾਲਤ ਨੇ ਇਸੇ ਮਾਮਲੇ ‘ਚ ਨੌਂ ਹੋਰ ਲੋਕਾਂ ਨੂੰ 14-36 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਲਾਈ ਤੇ ਨੌਂ ਹੋਰਨਾਂ ‘ਤੇ ਇਕ ਅਕਤੂਬਰ 2019 ਨੂੰ ਹੋਏ ਪ੍ਰਦਰਸ਼ਨ ‘ਚ ਸ਼ਮੂਲੀਅਤ ਦਾ ਦੋਸ਼ ਹੈ। ਉਸ ਪ੍ਰਦਰਸ਼ਨ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰੇ ਸਨ। 1997 ‘ਚ ਬਰਤਾਨੀਆ ਤੋਂ ਚੀਨ ਦੇ ਕੰਟਰੋਲ ‘ਚ ਆਉਣ ਤੋਂ ਬਾਅਦ ਹਾਂਗਕਾਂਗ ‘ਚ ਹੋਇਆ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਸੀ।
ਲਾਈ ਨੂੰ 14 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉਹ ਪਹਿਲਾਂ ਹੀ 2019 ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰੈਲੀ ਕਰਨ ਦੇ ਇਕ ਮਾਮਲੇ ‘ਚ 14 ਮਹੀਨੇ ਦੀ ਸਜ਼ਾ ਕੱਟ ਰਹੇ ਹਨ। ਦੋਵੇਂ ਮਾਮਲਿਆਂ ਦੀ ਸਜ਼ਾ ਮਿਲਾ ਕੇ ਲਾਈ ਨੂੰ ਕੁੱਲ 20 ਮਹੀਨੇ ਜੇਲ੍ਹ ‘ਚ ਰਹਿਣਾ ਪਵੇਗਾ।
ਲਾਈ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਤੇ ਕਿਸੇ ਦੂਜੇ ਦੇਸ਼ ਨਾਲ ਮਿਲੀ-ਭੁਗਤ ਦੇ ਇਕ ਮਾਮਲੇ ‘ਚ ਵੀ ਜਾਂਚ ਜਾਰੀ ਹੈ। ਹਾਂਗਕਾਂਗ ‘ਚ ਅਧਿਕਾਰੀਆਂ ਨੇ ਜ਼ਿਆਦਾਤਰ ਲੋਕਤੰਤਰ ਹਮਾਇਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਾਂਗਕਾਂਗ ਦੇ ਅਧਿਕਾਰੀਆਂ ਨੂੰ ਚੋਣਾਂ ਦੇ ਹੱਕ ‘ਚ ਖੜ੍ਹੇ ਹੋਣ ਤੇ ਅਸਹਿਮਤੀ ਪ੍ਰਗਟ ਕਰਨ ਲਈ ਦਰਜ ਮਾਮਲੇ ਵਾਪਸ ਲੈਣ ਦੀ ਮੰਗ ਕੀਤੀ ਹੈ।