ਹਵਾਲਗੀ ਕਾਨੂੰਨ ਦੇ ਵਿਰੋਧ ਵਿਚ 10 ਲੱਖ ਤੋਂ ਵੱਧ ਲੋਕਾਂ ਕੀਤਾ ਵਿਖਾਵਾ

0
1125

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਹਵਾਲਗੀ ਕਾਨੂੰਨ ਖਿਲਾਫ ਐਤਵਾਰ ਨੂੰ ਲੱਖਾਂ ਲੋਕ ਸੜਕਾਂ ‘ਤੇ ਉਤਰ ਆਏ। ਇਸ ਨਵੇਂ ਕਾਨੂੰਨ ਵਿਚ ਦੋਸ਼ੀ ਅਤੇ ਸ਼ੱਕੀਆਂ ਨੂੰ ਮੁਕੱਦਮਾ ਚਲਾਉਣ ਲਈ ਚੀਨ ਵਿਚ ਹਵਾਲਗੀ ਕਾਨੂੰਨ ਦੀ ਵਿਵਸਥਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਇਥੋਂ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰ ਖਤਰੇ ਵਿਚ ਆ ਜਾਣਗੇ। ਇਸ ਦੇ ਚੱਲਦੇ ਸ਼ੁਰੂਆਤ ਤੋਂ ਹੀ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। ਐਤਵਾਰ ਨੂੰ ਵਿਕਟੋਰੀਆ ਪਾਰਕ ਤੋਂ ਲੇਜਿਸਲੇਟਿਵ ਕੌਂਸਲ ਵਿਚਾਲੇ ਹੋਈ ਰੈਲੀ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਬੀਤੇ ਕਈ ਸਾਲਾਂ ਤੋਂ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕ ਕਿਸੇ ਚੀਜ਼ ਦੇ ਵਿਰੋਧ ਵਿਚ ਸਾਥ ਆਏ ਹਨ। ਇਸ ਨਾਲ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਦੇ ਪ੍ਰਸ਼ਾਸਨ ‘ਤੇ ਦਬਾਅ ਬਣੇਗਾ।ਰੈਲੀ ਨੂੰ ਲੈ ਕੇ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਪਰ ਉਹ ਬਿੱਲ ਰੱਦ ਨਾ ਕਰਨ ਦੀ ਗੱਲ ਕਰ ਚੁੱਕੀ ਹੈ। 2003 ਵਿਚ ਵੀ ਇਸੇ ਤਰ੍ਹਾਂ ਤਕਰੀਬਨ ਪੰਜ ਲੱਖ ਲੋਕ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਫੈਸਲੇ ਖਿਲਾਫ ਸੜਕਾਂ ‘ਤੇ ਉਤਰ ਆਏ ਸਨ। ਬਾਅਦ ਵਿਚ ਉਸ ਕਾਨੂੰਨ ਨੂੰ ਹਟਾਉਣਾ ਪਿਆ ਸੀ। ਹਵਾਲਗੀ ਕਾਨੂੰਨ ‘ਤੇ ਬੁੱਧਵਾਰ ਨੂੰ ਬਹਿਸ ਸ਼ੁਰੂ ਹੋਵੇਗੀ।

ਰੈਲੀ ਵਿਚ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਨੇ ਵੀ ਹਿੱਸਾ ਲਿਆ। ਕੋਈ ਲੋਕ ਆਪਣੇ ਬੱਚਿਆਂ ਦੇ ਨਾਲ ਰੈਲੀ ਵਿਚ ਸ਼ਾਮਲ ਹੋਏ। ਲੋਕਾਂ ਦਾ ਕਹਿਣਾ ਹੈ ਚੀਨ ਵਿਚ ਕਿਸੇ ਨੂੰ ਇਨਸਾਫ ਨਹੀਂ ਮਿਲੇਗਾ। ਉਥੇ ਕੋਈ ਮਨੁੱਖੀ ਅਧਿਕਾਰ ਨਹੀਂ ਹੈ। ਰੈਲੀ ਦੌਰਾਨ ਕੈਰੀ ਦੇ ਵਿਰੋਧ ਵਿਚ ਵੀ ਨਾਅਰੇ ਲੱਗੇ। ਲੇਟਸ ਮੇਕ ਹਾਂਗਕਾਂਗ ਗ੍ਰੇਟ ਅਗੇਨ ਲਿਖੇ ਪੋਸਟਰ ਵੀ ਲਹਿਰਾਏ ਗਏ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈਮ ‘ਤੇ ਗੋਲੀ ਚਲਾਉਂਦੇ ਦਿਖਾਇਆ ਗਿਆ। ਯੂਰਪੀ ਸੰਘ ਅਤੇ ਅਮਰੀਕਾ ਸਣੇ ਕਈ ਦੇਸ਼ ਇਸ ਕਾਨੂੰਨ ‘ਤੇ ਚਿੰਤਾ ਜਤਾ ਚੁੱਕੇ ਹਨ। ਇਸ ਕਾਨੂੰਨ ਦਾ ਵਿਰੋਧ ਹਾਂਗਕਾਂਗ ਦੀ ਵਕੀਲਾਂ ਦੀ ਐਸੀਏਸਨ ਸਮੇਤ ਹੋਰ ਕਈ ਸੰਸਥਾਵਾਂ ਪਹਿਲਾਂ ਹੀ ਕਰ ਚੁੱਕੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 1997 ਵਿਚ ਬ੍ਰਿਟੇਨ ਨੇ ਚੀਨ ਨੂੰ ਹਾਂਗਕਾਂਗ ਇਸੇ ਸ਼ਰਤ ‘ਤੇ ਸੌਂਪਿਆ ਸੀ ਕਿ ਉਸ ਦੀ ਖੁਦਮੁਖਤਿਆਰੀ ਬਰਕਰਾਰ ਰਹੇਗੀ ਪਰ ਇਹ ਕਾਨੂੰਨ ਉਸ ‘ਤੇ ਖਤਰਾ ਬਣ ਸਕਦਾ ਹੈ।