ਜਿਮਨਦੀਪ ਸਿੰਘ ਹਾਂਗਕਾਂਗ ਪੁਲਿਸ ਵਿਚ ਬਤੌਰ ਇੰਸਪੈਕਟਰ ਨਿਯੁਕਤ -ਬਚਪਨ ਦਾ ਸੁਪਨਾ ਪੂਰਾ ਹੋਇਆ

0
2042

ਹਾਂਗਕਾਂਗ, 6 ਅਕਤੂਬਰ (ਜੰਗ ਬਹਾਦਰ ਸਿੰਘ)-23 ਸਾਲਾ ਪੰਜਾਬੀ ਨੌਜਵਾਨ ਜਿਮਨਦੀਪ ਸਿੰਘ ਹਾਂਗਕਾਂਗ ਪੁਲਿਸ ਵਿਚ ਬਤੌਰ ਇੰਸਪੈਕਟਰ ਭਰਤੀ ਹੋਣ ਦੇ ਨਾਲ ਹਾਂਗਕਾਂਗ ਦੇ ਸਭ ਤੋਂ ਅਹਿਮ ਮੰਨੇ ਜਾਂਦੇ ਥਾਣਾ ਚਿਮ-ਚਾ-ਸ਼ੁਈ ਵਿਖੇ ਬਤੌਰ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਵਿਚ ਬੇਹੱਦ ਮਾਣ ਅਤੇ ਖੁਸ਼ੀ ਦਾ ਆਲਮ ਹੈ | ਪੰਜਾਬ ਤੋਂ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਪਿੰਡ ਭੁੱਲਰ ਦੇ ਵਸਨੀਕ ਦਿਲੰਦਰ ਸਿੰਘ ਅਤੇ ਹਰਬੰਸ ਕੌਰ ਦੇ ਇਸ ਸਪੂਤ ਦੀ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਕੇਅਰਿੰਗ ਫਾਰ ਐਥਨਿਕ ਮਾਈਨਾਰਟੀਜ਼ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਬਲਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਹਾਂਗਕਾਂਗ ਪੁਲਿਸ ਵਿਚ 1997 ਤੋਂ ਬਾਅਦ ਕਿਸੇ ਪੰਜਾਬੀ ਨੌਜਵਾਨ ਦੀ ਬਤੌਰ ਇੰਸਪੈਕਟਰ ਇਹ ਪਹਿਲੀ ਭਰਤੀ ਹੋਈ ਹੈ | ਉਨ੍ਹਾਂ ਕਿਹਾ ਕਿ 2013 ਵਿਚ ਐਸ. ਪੀ. ਐਮ. ਐਮ. ਖਾਨ ਵਲੋਂ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਪ੍ਰਾਜੈਕਟ ਜੈਮਸਟੋਨ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਜਿਮਨਦੀਪ ਸਿੰਘ ਵਲੋਂ ਹਾਂਗਕਾਂਗ ਆਰਜ਼ੀ ਪੁਲਿਸ ਵਿਚ ਭਰਤੀ ਲਈ ਗਈ ਸੀ, ਪਰ ਕਰੀਬ ਢਾਈ ਸਾਲ ਦੀ ਅਣਥੱਕ ਮਿਹਨਤ ਸਦਕਾ ਜਿਮਨਦੀਪ ਸਿੰਘ ਨੇ ਬਹੁਤ ਔਖੇ ਚਾਇਨੀਜ਼ ਭਾਸ਼ਾ ਵਿਚ ਇਮਤਿਹਾਨ ਪਾਸ ਕਰਨ ਤੋਂ ਬਾਅਦ ਕਰੀਬ 53 ਵਿਦਿਆਰਥੀਆਂ ‘ਚੋਂ ਬਤੌਰ ਇੰਸਪੈਕਟਰ ਭਰਤੀ ਹੋਣ ਵਿਚ ਕਾਮਯਾਬੀ ਹਾਸਲ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪ੍ਰਾਜੈਕਟ ਜੈਮਸਟੋਨ ਤਹਿਤ ਹਾਂਗਕਾਂਗ ਪੁਲਿਸ ਸਮੇਤ ਫਾਇਰ ਸਰਵਿਸਿਜ਼, ਇਮੀਗ੍ਰੇਸ਼ਨ ਅਤੇ ਹਾਂਗਕਾਂਗ ਜੇਲ੍ਹ ਵਿਭਾਗ ਜਿਹੇ ਹੋਰ ਸਰਕਾਰੀ ਅਦਾਰਿਆਂ ਵਿਚ ਘੱਟ ਗਿਣਤੀ ਭਾਈਚਾਰੇ ਦੇ ਨੌਜਵਾਨਾਂ ਦੀ ਭਰਤੀ ਲਈ ਮੱਦਦਗਾਰ ਹੁੰਦੀ ਹੈ |