ਸਾਵਧਾਨ! ਘਰੇਲੂ ਨੁਸਖ਼ੇ ਹੋ ਸਕਦੇ ਹਨ ਜਾਨਲੇਵਾ

0
378

ਇੰਟਰਨੈੱਟ ਤੇ ਸੋਸ਼ਲ ਸਾਈਟਾਂ ਦੇ ਵੱਧਦੇ ਪ੍ਰਸਾਰ ਨਾਲ ਇੱਕ ਅਜਿਹਾ ਈ-ਮੈਡੀਕਲ ਗਰੋਹ ਪੈਦਾ ਹੋ ਚੁੱਕਾ ਹੈ ਜੋ ਕਿਸੇ ਬਿਮਾਰੀ ਦਾ ਮੂਲ ਕਾਰਨ ਪਤਾ ਕੀਤੇ ਬਿਨਾਂ ਆਪਣਾ ਇਲਾਜ ਆਪ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਅਜਿਹੇ ਦੇਸੀ ਫਾਰਮੂਲੇ ਅਪਣਾਉਣ ਲਈ ਸੁਝਾਅ ਦਿੰਦਾ ਹੈ ਜੋ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।
ਸੋਸ਼ਲ ਸਾਈਟਾਂ ’ਤੇ ਸਰਗਰਮ ਈ-ਮੈਡੀਕਲ ਗਰੋਹ ਲੋਕਾਂ ਨੂੰ ਅਸਵਗੰਧਾ, ਲਸਣ, ਅਦਰਕ, ਚੂਨਾ, ਹਲਦੀ, ਅਲਸੀ, ਦਾਲਚੀਨੀ, ਸ਼ਹਿਦ ਆਦਿ ਦਿਨ ਵਿੱਚ 1-1 ਚਮਚ ਦੋ ਜਾਂ ਤਿੰਨ ਵਾਰ ਖਾਣ ਲਈ ਆਖਦਾ ਹੈ। ਸਾਡੇ ਸਮਾਜ ਦੇ ਲੋਕ ਪਹਿਲਾਂ ਹੀ ਗਰਮੀ ਰੋਗਾਂ ਦੇ ਸ਼ਿਕਾਰ ਹਨ। ਕੋਲੈਸਟਰੋਲ ਘਟਾਉਣ ਲਈ ਲੋਕਾਂ ਨੂੰ ਖਾਲੀ ਪੇਟ ਲਸਣ ਚੱਬ ਕੇ ਖਾਣ ਲਈ ਆਖਿਆ ਜਾਂਦਾ ਹੈ। ਬਹੁਤ ਸਾਰੇ ਵਿਅਕਤੀ ਤੇਜ਼ਾਬ ਰੋਗ ਦਾ ਸ਼ਿਕਾਰ ਹੁੰਦੇ ਹਨ, ਜੇ ਅਜਿਹੇ ਵਿਅਕਤੀ ਨੇ ਕੋਲੈਸਟਰੋਲ ਘਟਾਉਣ ਲਈ ਕੱਚਾ ਲਸਣ ਖਾਲੀ ਪੇਟ ਖਾ ਲਿਆ ਤਾਂ ਮਿਹਦੇ ਵਿੱਚ ਜਲਣ ਬੇਹੱਦ ਵਧ ਜਾਵੇਗੀ। ਮੂੰਹ ਤੇ ਪਸੀਨੇ ਵਿੱਚੋਂ ਗੰਦੀ ਬਦਬੂ ਆਉਣ ਲੱਗਦੀ ਹੈ ਤੇ ਸਰੀਰ ਵਿੱਚੋਂ ਸੇਕ ਨਿਕਲਣ ਲੱਗ ਪੈਂਦਾ ਹੈ। ਸਰੀਰ ਵਿੱਚ ਗਰਮੀ ਵਧ ਜਾਵੇਗੀ ਤਾਂ ਉਹ ਭਿਆਨਕ ਪੈਪਟਿਕ ਅਲਸਰ ਦਾ ਸ਼ਿਕਾਰ ਹੋ ਸਕਦੇ ਹਨ।
ਲੋਕਾਂ ਨੂੰ ਦਰਦਾਂ ਲਈ ਹਲਦੀ ਖਾਣ ਲਈ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਗਰਮ ਪ੍ਰਕਿਰਤੀ ਵਾਲਾ ਪਦਾਰਥ ਹੈ। ਸਰੀਰਿਕ ਦਰਦਾਂ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਹਲਦੀ ਖਾਣ ਨਾਲ ਪਿਸ਼ਾਬ ਦੀ ਮਾਤਰਾ ਘਟ ਜਾਂਦੀ ਹੈ ਜਿਸ ਨਾਲ ਦਰਦ ਹੋਰ ਵਧ ਜਾਏਗਾ। ਲੀਵਰ ਦੀ ਗਰਮੀ ਹੋਰ ਵਧ ਜਾਂਦੀ ਹੈ। ਇਸ ਨਾਲ ਪੀਲੀਆ ਹੋ ਸਕਦਾ ਹੈ। ਪਲੇਟਲੈੱਟ ਸੈੱਲ ਘਟ ਜਾਂਦੇ ਹਨ। ਕੈਂਸਰ ਦੀ ਬਿਨਾਂ ਕੋਈ ਕਿਸਮ ਦੱਸੇ ਹਲਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਦਕਿ ਬਲੱਡ ਕੈਂਸਰ ਵਿੱਚ ਮਰੀਜ਼ ਦੇ ਪਲੇਟਲੈੱਟ ਸੈੱਲ ਪਹਿਲਾਂ ਹੀ ਘੱਟ ਹੁੰਦੇ ਹਨ। ਅਜਿਹੇ ਕੇਸਾਂ ਵਿੱਚ ਹਲਦੀ ਖਾਣ ਨਾਲ ਮਰੀਜ਼ ਦੀ ਬਿਮਾਰੀ ਹੋਰ ਵਧ ਜਾਵੇਗੀ ਤੇ ਉਸ ਦੀ ਜਲਦੀ ਮੌਤ ਹੋ ਜਾਵੇਗੀ।
ਐਲੋਵਰਾ ਨੂੰ ਸ਼ੁੱਧ ਕੀਤੇ ਬਿਨਾਂ ਵਰਤਣ ਨਾਲ ਚਮਡ਼ੀ ਰੋਗ ਹੋ ਸਕਦੇ ਹਨ। ਐਲੋਵਰਾ ਨਾਲ ਕਈ ਲੋਕਾਂ ਦੇ ਗੋਡੇ ਖਡ਼ਕਣ ਲੱਗ ਪੈਂਦੇ ਹਨ। ਕਈ ਬਿਮਾਰੀਆਂ ਦੇ ਇਲਾਜ ਦੌਰਾਨ ਤੁਲਸੀ ਰਸ ਪੀਣ ਨਾਲ ਕਈ ਵਿਅਕਤੀਆਂ ਨੂੰ ਚੱਕਰ ਤੇ ਸਿਰ ਭਾਰਾ ਹੋਣ ਦੀ ਸਮੱਸਿਆ ਆਉਂਦੀ ਹੈ। 20 ਪੱਤੇ ਤੁਲਸੀ ਖਾਣ ਨਾਲ ਤੁਲਸੀ ਵਿਚਲਾ ਪਾਰਾ ਦੰਦ ਖ਼ਰਾਬ ਕਰ ਸਕਦਾ ਹੈ।
ਪਿੱਤ ਪ੍ਰਕਿਰਤੀ ਦੇ ਮਰੀਜ਼ਾਂ ਨੇ ਖੰਘ ਦੇ ਇਲਾਜ ਲਈ ਅਦਰਕ ਰਸ ਤੇ ਸ਼ਹਿਦ ਦੀ ਵਰਤੋਂ ਕੀਤੀ ਤਾਂ ਉਨ੍ਹਾਂ ਨੂੰ ਖੂਨੀ ਬਵਾਸੀਰ ਦੀ ਸ਼ਿਕਾਇਤ ਹੋ ਗਈ। ਇਸੇ ਤਰ੍ਹਾਂ ਹੱਡੀਆਂ ਦੀ ਮਜ਼ਬੂਤੀ ਤੇ ਦਰਦਾਂ ਲਈ ਚੂਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨਾਲ ਜੀਭ ਫਟ ਸਕਦੀ ਹੈ, ਗਲਾ ਖ਼ਰਾਬ ਹੋ ਸਕਦਾ ਹੈ ਤੇ ਕਿਡਨੀ ਸਟੋਨ ਤੇ ਇੱਥੋਂ ਤਕ ਕਿਡਨੀ ਡੇਮੈਜ਼ ਵੀ ਹੋ ਸਕਦੀ ਹੈ। ਸੈਕਸ ਸ਼ਕਤੀ ਵਧਾਉਣ ਲਈ ਅਸਵਗੰਧਾ ਤੇ ਕੁਚਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੀ ਕਿਡਨੀ ਤੇ ਦਿਲ ਲਈ ਖ਼ਤਰਨਾਕ ਹੁੰਦੀ ਹੈ।
ਖਾਲੀ ਪੇਟ ਆਂਵਲਾ ਰਸ ਪੀਣ ਨੂੰ ਕਿਹਾ ਜਾਂਦਾ ਹੈ ਜਿਸ ਕਾਰਨ ਕਈ ਲੋਕਾਂ ਨੂੰ ਖੱਟੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੇਜ਼ਾਬ ਦੀ ਮਾਤਰਾ ਹੋਰ ਵਧ ਜਾਂਦੀ ਹੈ। ਨਿੰਬੂ ਰਸ ਤੇ ਸ਼ਹਿਦ ਨੂੰ ਮੋਟਾਪਾ ਘਟਾਉਣ ਲਈ ਪੀਂਦੇ ਹਨ ਤਾਂ ਉਨ੍ਹਾਂ ਦੀਆਂ ਹੱਡੀਆਂ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਲਸੀ ਖਾਣ ਨਾਲ ਪਿਸ਼ਾਬ ਦੀ ਮਾਤਰਾ ਘਟ ਜਾਂਦੀ ਹੈ ਤੇ ਮੂੰਹ ਪੱਕ ਜਾਂਦਾ ਹੈ। ਅਦਰਕ ਦਾ ਰਸ ਪੀਣ ਨਾਲ ਪੇਟ ਵਿੱਚ ਸੋਜ ਹੋ ਜਾਂਦੀ ਹੈ ਤੇ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ੂਗਰ ਵਾਲੇ ਮਰੀਜ਼ਾਂ ਨੂੰ ਜਾਮਣ ਖਾਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਕਈ ਮਰੀਜ਼ਾਂ ਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵੀਡੀਓ ਵੇਖ ਕੇ ਕਈ ਐਲੋਪੈਥੀ ਡਾਕਟਰਾਂ ਨੇ ਕਬਜ਼ ਵਾਸਤੇ ਮਰੀਜ਼ਾਂ ਨੂੰ ਈਸਬਗੋਲ ਦੇਣਾ ਸ਼ੁਰੂ ਕਰ ਦਿੱਤਾ ਜੋ ਕਿ ਵਾਤ ਪ੍ਰਕਿਰਤੀ ਵਿੱਚ ਲੋਕਾਂ ਦੀ ਕਬਜ਼ ਦੀ ਸਮੱਸਿਆ ਨੂੰ ਹੋਰ ਵਧਾ ਦਿੰਦਾ ਹੈ। ਬਿਨਾਂ ਸੋਚੇ ਸਮਝੇ ਲਈਆਂ ਆਯੁਰਵੈਦਿਕ ਦਵਾਈਆਂ ਜੇ ਇੱਕ ਦੋਸ਼ ਨੂੰ ਘਟਾਉਂਦੀਆਂ ਹਨ ਤਾਂ ਦੂਜੇ ਦੋਸ਼ਾਂ ਨੂੰ ਵਧਾ ਸਕਦੀਆਂ ਹਨ। ਪਪੀਤਾ ਤੇ ਖੀਰਾ ਆਦਿ ਨੂੰ ਕਬਜ਼ ਨਾਸਕ ਦੱਸਿਆ ਜਾਂਦਾ ਹੈ ਜਦੋਂਕਿ ਵਾਤ ਪ੍ਰਕਿਰਤੀ ਨੂੰ ਇਹ ਹੋਰ ਕਬਜ਼ ਕਰ ਦਿੰਦੇ ਹਨ ਤੇ ਨਾਲ ਹੀ ਦਰਦ ਵਧਾ ਦਿੰਦੇ ਹਨ। ਚਵਨਪ੍ਰਾਸ ਖਾਣ ਨਾਲ ਕਈ ਲੋਕਾਂ ਦੇ ਗਲੇ ਵਿੱਚ ਖੁਜਲੀ ਦੀ ਸ਼ਿਕਾਇਤ ਸ਼ੁਰੂ ਹੋ ਜਾਂਦੀ ਹੈ।
ਪੱਥਰੀ ਰੋਗਾਂ ਦੇ ਕਈ ਕੇਸਾਂ ਵਿੱਚ ਗੁਰਦਿਆਂ ਵਿੱਚ ਸੋਜ ਅਤੇ ਇਨਫੈਕਸ਼ਨ ਹੁੰਦੀ ਹੈ, ਈ-ਮੈਡੀਕਲ ਗਰੋਹ ਨੁਸਾਦਰ ਅਤੇ ਜੌਂ ਖਾਰ ਖਾਣ ਲਈ ਪ੍ਰੇਰਿਤ ਕਰਦਾ ਹੈ ਜਿਸ ਨਾਲ ਗੁਰਦਿਆਂ ਦੀ ਸੋਜ, ਇਨਫੈਕਸ਼ਨ ਵਧ ਜਾਂਦੀ ਹੈ ਅਤੇ ਪਿਸ਼ਾਬ ਨਾਲ ਖ਼ੂਨ ਆਉਣ ਲੱਗ ਪੈਂਦਾ ਹੈ। ਲਸਣ, ਅਦਰਕ, ਹਲਦੀ, ਅਲਸੀ, ਦਾਲਚੀਨੀ ਆਦਿ ਪਦਾਰਥ ਅਤਿ ਗਰਮ ਪ੍ਰਕਿਰਤੀ ਦੇ ਹਨ। ਆਯੁਰਵੈਦ ਵਿੱਚ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਸ਼ੁੱਧ ਕੀਤਾ ਜਾਂਦਾ ਹੈ ਜਿਸ ਨਾਲ ਇਨ੍ਹਾਂ ਦੀ ਗਰਮੀ ਘਟ ਜਾਂਦੀ ਹੈ, ਨਾਲ ਹੀ ਕਿਸੇ ਹੋਰ ਪਦਾਰਥ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਿੱਤ ਰੋਗੀਆਂ ਲਈ ਇਹ ਪਦਾਰਥ ਜ਼ਹਿਰ ਸਮਾਨ ਹਨ। ਇਹ ਪਦਾਰਥ ਸਰੀਰ ਦੀ ਗਰਮੀ ਹੋਰ ਵਧਾ ਕੇ ਰੋਗ ਦੀ ਤੀਬਰਤਾ ਵਿੱਚ ਹੋਰ ਵਾਧਾ ਕਰ ਦਿੰਦੇ ਹਨ।
ਆਯੁਰਵੈਦ ਆਪਣੇ ਆਪ ਵਿੱਚ ਇੱਕ ਸਾਇੰਸ ਹੈ। ਮਰੀਜ਼ ਦੀ ਸਰੀਰਿਕ ਪ੍ਰਕਿਰਤੀ ਵੇਖ ਕੇ ਜਡ਼ੀ ਬੂਟੀਆਂ ਤੇ ਭਸਮਾਂ ਦੀ ਚੋਣ ਕਰਨੀ ਮਾਹਿਰ ਹਕੀਮਾਂ ਤੇ ਡਾਕਟਰਾਂ ਦਾ ਕੰਮ ਹੈ। ਹਰ ਮਰੀਜ਼ ਨੂੰ ਇੱਕੋ ਹੀ ਕਿਸਮ ਦੀ ਜਡ਼ੀ ਬੂਟੀ ਤੇ ਦਵਾਈ ਨਹੀਂ ਦਿੱਤੀ ਜਾ ਸਕਦੀ। ਜੇ ਗਰਮ ਬੂਟੀ ਵਰਤਣੀ ਪੈ ਜਾਵੇ, ਉਸ ਨਾਲ ਹੀ ਠੰਢੀ ਪ੍ਰਕਿਰਤੀ ਵਾਲੀ ਬੂਟੀ ਦਾ ਸੁਮੇਲ ਕੀਤਾ ਜਾਂਦਾ ਹੈ। ਆਯੁਰਵੈਦਿਕ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਸੋਸ਼ਲ ਸਾਈਟਾਂ ’ਤੇ ਸਰਗਰਮ ਈ-ਮੈਡੀਕਲ ਗਰੋਹ ਨੂੰ ਨੱਥ ਪਾਉਣ ਲਈ ਅੱਗੇ ਆਉਣ। ਨਹੀਂ ਤਾਂ ਆਪੇ ਨੁਕਸੇ ਵਰਤ ਕੇ ਨੁਕਸਾਨ ਹੋਣ ਤੋਂ ਬਾਅਦ ਲੋਕ ਆਯੁਰਵੈਦ ਤੋਂ ਹੋਰ ਡਰ ਜਾਣਗੇ, ਜਿਸ ਨਾਲ ਆਯੁਰਵੈਦ ਨੂੰ ਭਵਿੱਖੀ ਨੁਕਸਾਨ ਹੋਣਗੇ। ਸਰਕਾਰ ਨੂੰ ਸੋਸ਼ਲ ਸਾਈਟਾਂ ’ਤੇ ਈ- ਮੈਡੀਕਲ ਗਰੋਹ ’ਤੇ ਰੋਕ ਲਾਉਣੀ ਚਾਹੀਦੀ ਹੈ। ਕੇਵਲ ਗਿਆਤਾ ਤੇ ਮਾਹਿਰ ਡਾਕਟਰਾਂ ਨੂੰ ਸਬੰਧਿਤ ਪੈਥੀ ਵਿੱਚ ਪ੍ਰਚਾਰ-ਪ੍ਰਸਾਰ ਦੀਆਂ ਆਡੀਓ-ਵੀਡੀਓ ਅਪਲੋਡ ਕਰਨ ਦੇ ਅਧਿਕਾਰ ਹੋਣੇ ਚਾਹੀਦੇ ਹਨ।
ਗੁਰਵਿੰਦਰ ਸਿੰਘ   *ਲੇਖਕ ਇਲੈੱਕਟਰੋਪੈਥਿਕ ਮੈਡੀਸਿਨ ਦਾ ਪ੍ਰੈਕਟੀਸ਼ਨਰ ਹੈ।
ਸੰਪਰਕ: 98147-00975