ਵਿਦੇਸ਼ਾਂ ਤੋਂ ਕਮਾਈ ਆਪਣੇ ਦੇਸ਼ ਭੇਜਣ ਵਿੱਚ ਭਾਰਤੀ ਸਭ ਤੋਂ ਅੱਗੇ

0
241

ਨਵੀਂ ਦਿੱਲੀ:- ਵਿਦੇਸ਼ ਤੋਂ ਕਮਾਈ ਆਪਣੇ ਘਰ ਭੇਜਣ ਦੇ ਮਾਮਲੇ ਵਿਚ ਭਾਰਤੀ ਅੱਵਲ ਹਨ। ਪਿਛਲੇ ਸਾਲ ਦੁਨੀਆ ਭਰ ਵਿਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੇ 69 ਅਰਬ ਡਾਲਰ (ਲਗਪਗ ਪੰਜ ਲੱਖ ਕਰੋੜ ਰੁਪਏ) ਆਪਣੇ ਦੇਸ਼ ਵਿਚ ਭੇਜੇ ਹਨ। ਇਹ ਰਕਮ ਪਿਛਲੇ ਸਾਲ ਵੱਖ-ਵੱਖ ਦੇਸ਼ਾਂ ਵਿਚ ਕੰਮ ਕਰਦੇ ਦੂਜੇ ਦੇਸ਼ਾਂ ਦੇ ਕਾਮਿਆਂ ਦੀ ਕੁੱਲ ਕਮਾਈ ਦਾ 12 ਫ਼ੀਸਦੀ ਹੈ।

ਸਾਲ 2016 ਦੇ ਮੁਕਾਬਲੇ ਪਿਛਲੇ ਸਾਲ ਭਾਰਤ ਵਿਚ ਆਉਣ ਵਾਲੀ ਰਕਮ ਲਗਪਗ ਅੱਧਾ ਫ਼ੀਸਦੀ ਵੱਧ ਹੈ। ਕੋਟਕ ਮਹਿੰਦਰਾ ਬੈਂਕ ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ ਆਉਣ ਵਾਲੇ ਪੈਸੇ ਦਾ ਲਗਪਗ 59 ਫ਼ੀਸਦੀ ਚਾਰ ਰਾਜਾਂ ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਹਿੱਸੇ ਵਿਚ ਆਇਆ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਇਸ ਵਿਚ ਕੇਰਲ ਦੀ 19 ਫ਼ੀਸਦੀ, ਮਹਾਰਾਸ਼ਟਰ ਦੀ 17 ਫ਼ੀਸਦੀ, ਕਰਨਾਟਕ ਦੀ 15 ਫ਼ੀਸਦੀ ਅਤੇ ਤਾਮਿਲਨਾਡੂ ਦੀ ਅੱਠ ਫ਼ੀਸਦੀ ਹਿੱਸੇਦਾਰੀ ਹੈ।