ਮੋਰਚਾ ਖੋਲ੍ਹੇਗੀ ਆਮ ਆਦਮੀ ਪਾਰਟੀ

0
220

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੈਦਾਨ ਵਿੱਚ ਨਿੱਤਰੇਗੀ। ਇਸ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਏਗਾ। ਪਾਰਟੀ ਕਿਸਾਨ ਤੇ ਖੇਤ ਮਜ਼ਦੂਰ ਆਤਮ-ਹੱਤਿਆ, ਨਸ਼ਿਆਂ, ਚਿੱਟ ਫੰਡ ਕੰਪਨੀਆਂ ਦੀ ਲੁੱਟ ਤੇ ਬੇਰੁਜਗਾਰੀ ਕਾਰਨ ਜਾਨ ਦਾ ਜੋਖਮ ਲੈ ਕੇ ਰੋਜੀ-ਰੋਟੀ ਲਈ ਇਰਾਕ ਸਮੇਤ ਗੜਬੜੀ ਵਾਲੇ ਦੇਸ਼ਾਂ ‘ਚ ਜਾਨਾਂ ਗੁਆ ਰਹੇ ਨੌਜਵਾਨਾਂ ਦੇ ਮੁੱਦਿਆਂ ‘ਤੇ ਪੰਜਾਬ ‘ਚ ਸਰਗਰਮੀਆਂ ਤੇਜ਼ ਕਰੇਗੀ ਤੇ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਜਵਾਬ ਮੰਗੇਗੀ।

ਐਤਵਾਰ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ ‘ਚ ‘ਆਪ’ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਦੀ ਅਗਵਾਈ ‘ਚ ਜੋਨ ਪ੍ਰਧਾਨ, ਜਨਰਲ ਸਕੱਤਰਾਂ, ਸੰਯੁਕਤ ਸਕੱਤਰ ਤੇ ਹਲਕਾ ਇੰਚਾਰਜਾਂ ਦੀ ਬੈਠਕ ਹੋਈ। ਇਸ ‘ਚ ਉਪਰੋਕਤ ਮੁੱਦਿਆਂ ‘ਤੇ ਅਧਾਰਤ 4 ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਡਾ. ਬਲਵੀਰ ਸਿੰਘ ਸਮੇਤ ਜੋਨ ਪ੍ਰਧਾਨ ਮਾਝਾ ਕੁਲਦੀਪ ਸਿੰਘ ਧਾਲੀਵਾਲ, ਮਾਲਵਾ-1 ਅਨਿਲ ਠਾਕੁਰ, ਮਾਲਵਾ-2 ਗੁਰਦਿੱਤ ਸਿੰਘ ਸੇਖੋਂ ਤੇ ਮਾਲਵਾ-3 ਦਲਵੀਰ ਸਿੰਘ ਢਿੱਲੋਂ ਨੇ ਸਾਰੇ ਅਹੁਦੇਦਾਰਾਂ ਦੇ ਵਿਚਾਰ ਵਿਸਥਾਰ ਪੂਰਵਕ ਸੁਣੇ।

ਡਾ. ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਵਰਕਰ ਤੇ ਵਲੰਟੀਅਰ ਪਾਰਟੀ ਦੀ ਸਭ ਤੋਂ ਮਜਬੂਤ ਕੜੀ ਹਨ। ਇਸ ਲਈ ਪਾਰਟੀ ਆਪਣੇ ਕਾਡਰ ਉੱਤੇ ਸਭ ਤੋਂ ਵੱਧ ਕੇਂਦਰਤ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਿੰਡ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਉਪਰ ਸਕਾਰਾਤਮਕ ਮਾਹੌਲ ਪ੍ਰਦਾਨ ਕਰੇਗੀ। ਉਹ ਖੁਦ ਵਰਕਰ ਤੋਂ ਲੈ ਕੇ ਉੱਚ ਆਗੂਆਂ ਦਰਮਿਆਨ ਪੁਲ ਦਾ ਕੰਮ ਕਰਨਗੇ। ਵਧੀਆ ਵਾਤਾਵਰਣ ਪ੍ਰਦਾਨ ਕਰਕੇ ਸਭ ਨੂੰ ਵਧੀਆ ਕੰਮ ਕਰਨ ਲਈ ਮੌਕੇ ਦਿੱਤੇ ਜਾਣਗੇ। ਅਨੁਸ਼ਾਸਨ ਉਪਰ ਖਾਸ ਜੋਰ ਦਿੱਤਾ ਜਾਵੇਗਾ ਜੋ ਵੀ ਵਲੰਟੀਅਰ ਜਾਂ ਆਗੂ ਪਾਰਟੀ ਦੀ ਬਿਹਤਰੀ ਤੇ ਜਨਹਿਤ ਮੁੱਦਿਆਂ ਉਪਰ ਆਪਸੀ ਤਾਲਮੇਲ ਨਹੀਂ ਦਿਖਾਉਣਗੇ ਉਨ੍ਹਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।

ਡਾ. ਬਲਵੀਰ ਸਿੰਘ ਨੇ ਸਾਰੇ ਵਲੰਟੀਅਰਾਂ ਤੇ ਆਗੂਆਂ ਨੂੰ ਆਪਸੀ ਮਤਭੇਦ ਤੇ ਈਰਖਾ ਤਿਆਗਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਦੁੱਖ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲੋਂ ਕਿਤੇ ਵੱਡੇ ਹਨ। ਇਸ ਲਈ ਵੱਡਾ ਦਿਲ ਦਿਖਾਉਂਦੇ ਹੋਏ ਪੰਜਾਬ ਨੂੰ ਬਚਾਉਣ ਲਈ ਇਕਜੁੱਟ ਤੇ ਇਕਸੁਰ ਹੋਇਆ ਜਾਵੇ। ਉਨ੍ਹਾਂ ਦੱਸਿਆ ਕਿ ਪਾਰਟੀ ਸੂਬਾ ਪੱਧਰ ਉਪਰ ਮਾਸਿਕ ਪੱਤਰਿਕਾ ਸ਼ੁਰੂ ਕਰੇਗੀ ਜੋ ਪਿੰਡ ਪੱਧਰ ਦੀ ਇਕਾਈ ਤੱਕ ਉਪਲਬੱਧ ਕਰਵਾਈ ਜਾਵੇਗੀ ਤਾਂ ਕਿ ਪਾਰਟੀ ਦੀਆਂ ਨੀਤੀਆਂ, ਵੱਖ-ਵੱਖ ਮੁੱਦਿਆਂ ਉਪਰ ਪਾਰਟੀ ਦੀ ਪੰਜਾਬ ਇਕਾਈ ਦਾ ਸਟੈਂਡ, ਪਾਰਟੀ ਦੇ ਪ੍ਰੋਗਰਾਮ ਤੇ ਆਗਾਮੀ ਗਤੀਵਿਧੀਆਂ ਦੀ ਜਾਣਕਾਰੀ ਹਰ ਵਰਕਰ, ਵਲੰਟੀਅਰ ਤੇ ਸਮਰਥੱਕਾਂ ਨੂੰ ਸਹੀ ਰੂਪ ਵਿਚ ਮਿਲ ਸਕੇ।

ਇਸ ਦੇ ਨਾਲ ਹੀ ਇਹ ਪੱਤਰਿਕਾ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ ਵਰਗੀਆਂ ਸ਼ਾਨਦਾਰ ਸੇਵਾਵਾਂ ਦੀ ਜਾਣਕਾਰੀ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰੇਗੀ। ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਵੱਖ-ਵੱਖ ਵਿਸ਼ਿਆਂ ਤੇ ਵਿਭਾਗਾਂ ਦੇ ਅਧਾਰ ਉਤੇ ਇਕ ‘ਸ਼ੈਡੋ ਕੈਬਨਿਟ’ ਸਥਾਪਤ ਕੀਤੀ ਜਾਵੇ, ਜਿਸ ਵਿਚ ਪਾਰਟੀ ਦੇ ਵਿਧਾਇਕ ਅਤੇ ਆਗੂ ਸ਼ਾਮਲ ਹੋਣਗੇ ਤਾਂ ਕਿ ਉਹ ਸਾਰੇ ਜਨਹਿਤ ਮੁੱਦੇ ਕੇਂਦਰ ‘ਚ ਲਿਆਂਦੇ ਜਾਣ ਜਿਨ੍ਹਾਂ ਤੋਂ ਕੇਂਦਰ ਦੀ ਨਰਿੰਦਰ ਮੋਦੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਭੱਜ ਰਹੀ ਹੈ।